ਵਾਲੀਬਾਲ ਦੇ ਜ਼ਬਰਦਸਤ ਮੁਕਾਬਲਿਆਂ ਦੀਆਂ ਗਵਾਹ ਬਣੀਆਂ 70 ਵੀਆਂ ਸੂਬਾ ਪੱਧਰੀ ਸਕੂਲ ਖੇਡਾਂ
ਅਸ਼ੋਕ ਵਰਮਾ
ਮਾਨਸਾ, 2਼5ਸਤੰਬਰ 2026 :ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ. ਪਰਮਜੀਤ ਸਿੰਘ ਭੋਗਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਈਆਂ ਜਾ ਰਹੀਆਂ 70ਵੀਆਂ ਸੂਬਾ ਪੱਧਰੀ ਅੰਡਰ 17 ਮੁੰਡੇ ਵਾਲੀਬਾਲ ਸਮੈਸਿੰਗ ਖੇਡਾਂ ਵਿੱਚ ਤੀਜੇ ਦਿਨ ਵੀ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਅਤੇ ਜਿੱਤ ਲਈ ਜਜ਼ਬੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਖੇਡ ਮੁਕਾਬਲਿਆਂ ਦੇ ਤੀਜੇ ਦਿਨ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਉਨ੍ਹਾਂ ਨੇ ਖਿਡਾਰੀਆਂ ਦੇ ਖੇਡ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।
ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਖਿਡਾਰੀ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਵਿੱਚ ਖੇਡਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਮੈਦਾਨ ਵਿੱਚ ਜਿੱਤ-ਹਾਰ ਨਾਲੋਂ ਵੱਧ ਮਹੱਤਵਪੂਰਨ ਖੇਡ ਭਾਵਨਾ, ਅਨੁਸ਼ਾਸਨ ਅਤੇ ਮਿਹਨਤ ਹੈ।ਉਨ੍ਹਾਂ ਖਿਡਾਰੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ “ਮੈਦਾਨ ਵਿੱਚ ਪੂਰੇ ਜੋਸ਼, ਹਿੰਮਤ ਅਤੇ ਖੇਡ ਭਾਵਨਾ ਨਾਲ ਖੇਡੋ। ਜਿੱਤ ਲਈ ਆਪਣੀ ਪੂਰੀ ਤਾਕਤ ਲਗਾਓ, ਪਰ ਹਾਰ ਨੂੰ ਵੀ ਸਿੱਖਣ ਦਾ ਮੌਕਾ ਸਮਝੋ। ਅੱਜ ਦੀ ਮਿਹਨਤ ਹੀ ਕੱਲ੍ਹ ਤੁਹਾਡੀ ਪਹਿਚਾਣ ਬਣੇਗੀ।” ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਅਤੇ ਹੋਰ ਮਾੜੀਆਂ ਆਦਤਾਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਪੜ੍ਹਾਈ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣ ਲਈ ਵੀ ਪ੍ਰੇਰਿਤ ਕੀਤਾ।
ਅੱਜ ਹੋਏ ਪ੍ਰੀ ਕੁਆਰਟਰ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਲੱਧੜ ਨੇ ਦੱਸਿਆ ਕਿ ਸਾਈਂ ਮਸਤੂਆਣਾ ਸਾਹਿਬ ਨੇ ਸਪੋਰਟਸ ਸਕੂਲ ਜਲੰਧਰ ਨੂੰ, ਮਲੇਰਕੋਟਲਾ ਨੇ ਸ੍ਰੀ ਤਰਨਤਾਰਨ ਸਾਹਿਬ ਨੂੰ, ਹੁਸ਼ਿਆਰਪੁਰ ਨੇ ਪਠਾਨਕੋਟ ਨੂੰ, ਪੀ ਆਈ ਐਸ ਮੋਹਾਲੀ ਨੇ ਰੂਪਨਗਰ ਨੂੰ, ਸ਼੍ਰੀ ਅੰਮ੍ਰਿਤਸਰ ਸਹਿਬ ਨੇ ਜਲੰਧਰ ਨੂੰ, ਸ਼ਹੀਦ ਭਗਤ ਸਿੰਘ ਨਗਰ ਨੇ ਪੀ ਆਈ ਐਸ ਪਟਿਆਲਾ ਨੂੰ , ਸ਼੍ਰੀ ਮੁਕਤਸਰ ਸਾਹਿਬ ਨੇ ਮਾਨਸਾ ਨੂੰ, ਪੀ ਆਈ ਐਸ ਲੁਧਿਆਣਾ ਨੇ ਲੁਧਿਆਣਾ ਨੂੰ ਹਰਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਬਰਨਾਲਾ ਸਿਮਰਦੀਪ ਸਿੰਘ, ਅਵਤਾਰ ਸਿੰਘ ਮਨੇਜਿੰਗ ਡਾਇਰੈਕਟਰ,ਮੁੱਖ ਅਧਿਆਪਕ ਰਕੇਸ਼ ਕੁਮਾਰ, ਮੁੱਖ ਅਧਿਆਪਕ ਉਮੇਸ਼ ਕੁਮਾਰ, ਮੁੱਖ ਅਧਿਆਪਕ ਮਨਦੀਪ ਸਿੰਘ ਸਰਾਂ,ਲੈਕਚਰਾਰ ਸ਼ਮਸੇਰ ਸਿੰਘ, ਭੁਪਿੰਦਰ ਸਿੰਘ ਤੱਗੜ, ਸੁਖਚੈਨ ਸਿੰਘ, ਰਾਜਦੀਪ ਸਿੰਘ ਹਾਜ਼ਰ ਸਨ।
- Download Babushahi App
-
-