ਭਾਜਪਾ ਆਗੂ ਸੁਰਜੀਤ ਜਿਆਣੀ ਵਲੋਂ ਮਹਿਲਾਵਾਂ ਪ੍ਰਤੀ ਵਰਤੀ ਗਈ ਸ਼ਬਦਾਵਲੀ ਬੇਹੱਦ ਅਪਮਾਨਜਨਕ ਅਤੇ ਬਰਦਾਸ਼ਤ ਤੋਂ ਬਾਹਰ:ਡਾ. ਸੁਹਾਨੀ ਡੋਡਾ
'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਅਰਾ ਦੇਣ ਵਾਲੀ ਭਾਜਪਾ ਦੀ ਅਸਲੀਅਤ ਆਈ ਸਾਹਮਣੇ, ਔਰਤਾਂ ਨੂੰ ਪੈਰ ਦੀ ਜੁੱਤੀ ਸਮਝਦੀ ਹੈ ਬੀਜੇਪੀ: ਡਾ. ਸੁਹਾਨੀ ਡੋਡਾ
ਸੁਨੀਲ ਜਾਖੜ ਅਤੇ ਭਾਜਪਾ ਦੀਆਂ ਸੀਨੀਅਰ ਮਹਿਲਾ ਆਗੂਆਂ ਦੀ ਮੌਜੂਦਗੀ 'ਚ ਹੋਇਆ ਔਰਤ ਸਮਾਜ ਦਾ ਅਪਮਾਨ, ਚੁੱਪੀ ਸਾਧ ਕੇ ਦਿੱਤਾ ਜਿਆਣੀ ਦੀ ਘਟੀਆ ਸੋਚ ਦਾ ਸਾਥ:ਡਾ. ਸੁਹਾਨੀ ਡੋਡਾ
ਆਪ ਮਹਿਲਾ ਵਿੰਗ ਡਾ. ਸੁਹਾਨੀ ਡੋਡਾ ਦੇ ਨਾਲ ਚੱਟਾਨ ਵਾਂਗ ਖੜ੍ਹਾ, ਜਦੋਂ ਤੱਕ ਭਾਜਪਾ ਲੀਡਰ ਮਾਫ਼ੀ ਨਹੀਂ ਮੰਗਦੇ, ਚੈਨ ਨਾਲ ਨਹੀਂ ਬੈਠਣ ਦਿਆਂਗੇ:ਡਾ. ਅਮਨਦੀਪ ਕੌਰ
ਮਹਿਲਾ ਕਮਿਸ਼ਨ ਨੇ ਜਿਆਣੀ ਖਿਲਾਫ ਜਾਰੀ ਕੀਤਾ ਨੋਟਿਸ, ਪੰਜਾਬ ਦੀਆਂ ਔਰਤਾਂ ਆਉਣ ਵਾਲੀਆਂ ਚੋਣਾਂ 'ਚ ਭਾਜਪਾ ਨੂੰ ਸਿਖਾਉਣਗੀਆਂ ਸਬਕ:ਅਮਨਦੀਪ ਕੌਰ
ਚੰਡੀਗੜ੍ਹ 24 ਸਤੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਅਬੋਹਰ ਤੋਂ ਹਲਕਾ ਇੰਚਾਰਜ ਡਾ. ਸੁਹਾਨੀ ਡੋਡਾ ਨੇ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਉਨ੍ਹਾਂ ਵਿਰੁੱਧ ਕੀਤੀ ਗਈ ਅਪਮਾਨਜਨਕ ਤੇ ਭੱਦੀ ਟਿੱਪਣੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਡਾ. ਡੋਡਾ ਨੇ ਕਿਹਾ ਕਿ ਭਾਜਪਾ ਆਗੂ ਦੀ ਇਸ ਬਿਆਨਬਾਜ਼ੀ ਨੇ ਨਾ ਸਿਰਫ਼ ਮੇਰਾ, ਸਗੋਂ ਪੂਰੇ ਮਹਿਲਾ ਸਮਾਜ ਦਾ ਅਪਮਾਨ ਕੀਤਾ ਹੈ।
ਵੀਰਵਾਰ ਨੂੰ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਅਤੇ ਵਿਧਾਇਕਾ ਡਾ.ਅਮਨਦੀਪ ਕੌਰ ਦੇ ਨਾਲ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ.ਸੁਹਾਨੀ ਡੋਡਾ ਨੇ ਦੱਸਿਆ ਕਿ ਬੀਤੀ 20 ਸਤੰਬਰ ਨੂੰ ਅਬੋਹਰ ਵਿਖੇ ਭਾਜਪਾ ਦੀ ਸਟੇਜ ਤੋਂ ਸੁਰਜੀਤ ਜਿਆਣੀ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਸੰਬੋਧਨ ਕਰਦਿਆਂ ਮੇਰੇ ਬਾਰੇ ਬਹੁਤ ਹੀ ਸ਼ਰਮਨਾਕ ਸ਼ਬਦਾਵਲੀ ਵਰਤਦਿਆਂ ਮੈਨੂੰ 'ਪੈਰ ਦੀ ਜੁੱਤੀ ਦੇ ਬਰਾਬਰ ਵੀ ਨਹੀਂ' ਕਹਿ ਕੇ ਸੰਬੋਧਿਤ ਕੀਤਾ।
ਡਾ. ਸੁਹਾਨੀ ਡੋਡਾ ਨੇ ਭਾਜਪਾ ਆਗੂਆਂ ਦੀ ਮਾਨਸਿਕਤਾ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਇੱਕ ਪਾਸੇ ਭਾਜਪਾ ਸਰਕਾਰ ਕੇਂਦਰ ਵਿੱਚ 'ਬੇਟੀ ਬਚਾਓ, ਬੇਟੀ ਪੜ੍ਹਾਓ' ਦੇ ਵੱਡੇ-ਵੱਡੇ ਨਾਅਰੇ ਲਗਾਉਂਦੀ ਹੈ, ਹਿੰਦੂ ਧਰਮ ਅਤੇ ਦੇਵੀ ਪੂਜਾ ਦੀਆਂ ਗੱਲਾਂ ਕਰਦੀ ਹੈ, ਪਰ ਦੂਜੇ ਪਾਸੇ ਉਨ੍ਹਾਂ ਦੇ ਸੀਨੀਅਰ ਲੀਡਰ ਇੱਕ ਪੜ੍ਹੀ-ਲਿਖੀ ਮਹਿਲਾ ਡਾਕਟਰ, ਜੋ ਦਿਨ-ਰਾਤ ਲੋਕਾਂ ਦੀ ਸੇਵਾ ਕਰ ਰਹੀ ਹੈ, ਉਸ ਨੂੰ ਪੈਰ ਦੀ ਜੁੱਤੀ ਨਾਲ ਤੋਲਦੇ ਹਨ। ਇਹ ਭਾਜਪਾ ਦਾ ਦੋਗਲਾਪਨ ਅਤੇ ਔਰਤਾਂ ਪ੍ਰਤੀ ਉਨ੍ਹਾਂ ਦੀ ਨਫ਼ਰਤ ਭਰੀ ਮਾਨਸਿਕਤਾ ਨੂੰ ਬੇਨਕਾਬ ਕਰਦਾ ਹੈ।
ਡਾ. ਸੁਹਾਨੀ ਡੋਡਾ ਨੇ ਕਿਹਾ ਕਿ ਸਭ ਤੋਂ ਹੈਰਾਨੀ ਅਤੇ ਅਫ਼ਸੋਸ ਦੀ ਗੱਲ ਇਹ ਹੈ ਕਿ ਜਦੋਂ ਇਹ ਸ਼ਰਮਨਾਕ ਘਟਨਾ ਵਾਪਰੀ, ਉਸ ਵੇਲੇ ਸਟੇਜ 'ਤੇ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਭਾਜਪਾ ਦੀਆਂ ਸੀਨੀਅਰ ਮਹਿਲਾ ਆਗੂਆਂ ਮੋਨਾ ਜੈਸਵਾਲ (ਸੂਬਾ ਮੀਤ ਪ੍ਰਧਾਨ), ਵੰਦਨਾ ਸਾਂਗਵਾਲ, ਵਿਜੇਲਕਸ਼ਮੀ ਭਾਦੂ ਅਤੇ ਅਬੋਹਰ ਦੀ ਮੇਅਰ ਪੂਜਾ ਵਧਵਾ ਮੌਜੂਦ ਸਨ।
ਉਨ੍ਹਾਂ ਸਵਾਲ ਕੀਤਾ ਕਿ ਮਹਿਲਾਵਾਂ ਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ ਕਰਨ ਵਾਲੀਆਂ ਇਹ ਭਾਜਪਾ ਦੀ ਮਹਿਲਾ ਆਗੂਆਂ ਉਸ ਵੇਲੇ ਚੁੱਪ ਕਿਉਂ ਰਹੀਆਂ? ਕੀ ਉਹ ਸੁਰਜੀਤ ਜਿਆਣੀ ਦੀ ਇਸ ਘਟੀਆ ਸੋਚ ਨਾਲ ਸਹਿਮਤ ਹਨ? ਜੇਕਰ ਨਹੀਂ, ਤਾਂ ਉਨ੍ਹਾਂ ਨੇ ਹੁਣ ਤੱਕ ਇਸ ਬਿਆਨ ਦੀ ਨਿਖੇਧੀ ਕਿਉਂ ਨਹੀਂ ਕੀਤੀ?
ਉਥੇ ਹੀ ਵਿਧਾਇਕ ਡਾ. ਅਮਨਦੀਪ ਕੌਰ ਨੇ ਕਿਹਾ ਕਿ ਭਾਜਪਾ ਨੇਤਾਵਾਂ ਵਲੋਂ ਮਹਿਲਾਵਾਂ ਦਾ ਅਪਮਾਨ ਕਰਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਭਾਜਪਾ ਐਮਪੀ ਕੰਗਨਾ ਰਣੌਤ ਅਤੇ ਵਿਧਾਨ ਸਭਾ ਵਿੱਚ ਭਾਜਪਾ ਵਿਧਾਇਕ ਵੱਲੋਂ ਔਰਤਾਂ ਅਤੇ ਸਾਡੇ ਬੱਚਿਆਂ (ਜੈਨ-ਜੀ) ਬਾਰੇ ਅਤਿ-ਭੱਦੀ ਸ਼ਬਦਾਵਲੀ ਵਰਤੀ ਜਾ ਚੁੱਕੀ ਹੈ। ਭਾਜਪਾ ਆਗੂ ਵੋਟਾਂ ਮੰਗਣ ਵੇਲੇ ਤਾਂ ਔਰਤਾਂ ਦੇ ਪੈਰੀਂ ਹੱਥ ਲਗਾਉਂਦੇ ਹਨ, ਪਰ ਜਿੱਤਣ ਤੋਂ ਬਾਅਦ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਦੇ ਹਨ।
ਅਕਾਲੀ-ਭਾਜਪਾ ਗੱਠਜੋੜ ਦੇ ਪੁਰਾਣੇ ਇਤਿਹਾਸ 'ਤੇ ਬੋਲਦਿਆਂ ਡਾ. ਅਮਨਦੀਪ ਕੌਰ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੀ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ਅਤੇ ਸਾਡੇ ਧਾਰਮਿਕ ਅਸਥਾਨਾਂ ਦਾ ਬਹੁਤ ਨੁਕਸਾਨ ਕੀਤਾ ਹੈ। ਬੀਬੀ ਹਰਸਿਮਰਤ ਬਾਦਲ ਦੂਜਿਆਂ 'ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਗੁਰੂ ਘਰਾਂ ਵਿੱਚ ਬੀਬੀਆਂ ਨਾਲ ਹੋ ਰਹੇ ਹਸ਼ਰ ਅਤੇ ਬਹਿਰੀਨ ਵਾਲੀ ਬੀਬੀ ਦੇ ਮੁੱਦੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨ। 'ਆਮ ਆਦਮੀ ਪਾਰਟੀ' ਨੇ ਹਮੇਸ਼ਾ ਔਰਤਾਂ ਦਾ ਸਤਿਕਾਰ ਕੀਤਾ ਹੈ, ਜਿਸ ਦੀ ਮਿਸਾਲ ਹੈ ਕਿ ਪਾਰਟੀ ਨੇ 12 ਔਰਤਾਂ ਨੂੰ ਟਿਕਟਾਂ ਦਿੱਤੀਆਂ, ਜਿਨ੍ਹਾਂ 'ਚੋਂ 11 ਜਿੱਤ ਕੇ ਵਿਧਾਨ ਸਭਾ ਪੁੱਜੀਆਂ ਅਤੇ ਕੈਬਨਿਟ ਮੰਤਰੀ ਬਣੀਆਂ।
ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਡਾ. ਸੁਹਾਨੀ ਡੋਡਾ ਵੱਲੋਂ ਇਸ ਮਾਮਲੇ ਸਬੰਧੀ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ 'ਤੇ ਕਾਰਵਾਈ ਕਰਦਿਆਂ ਕਮਿਸ਼ਨ ਨੇ ਭਾਜਪਾ ਨੇਤਾ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ।
ਡਾ. ਅਮਨਦੀਪ ਕੌਰ ਨੇ ਪੰਜਾਬ ਦੀਆਂ ਸਮੂਹ ਮਾਵਾਂ, ਭੈਣਾਂ ਅਤੇ ਧੀਆਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਆਗੂਆਂ ਦੀ ਇਸ ਔਰਤ-ਵਿਰੋਧੀ ਸੋਚ ਦਾ ਮੂੰਹ ਤੋੜ ਜਵਾਬ ਦੇਣ।ਉਨ੍ਹਾਂ ਕਿਹਾ ਕਿ 'ਆਪ' ਦਾ ਢਾਈ ਲੱਖ ਤੋਂ ਵੱਧ ਮਹਿਲਾ ਵਰਕਰਾਂ ਦਾ ਕਾਫ਼ਲਾ ਡਾ. ਸੁਹਾਨੀ ਡੋਡਾ ਦੇ ਨਾਲ ਡਟ ਕੇ ਖੜ੍ਹਾ ਹੈ। ਜਦੋਂ ਤੱਕ ਸੁਰਜੀਤ ਜਿਆਣੀ ਅਤੇ ਭਾਜਪਾ ਨੇਤਾ ਇਸ ਅਪਮਾਨਜਨਕ ਬਿਆਨ ਲਈ ਬਿਨਾਂ ਸ਼ਰਤ ਮਾਫ਼ੀ ਨਹੀਂ ਮੰਗਦੇ, ਆਮ ਆਦਮੀ ਪਾਰਟੀ ਦਾ ਮਹਿਲਾ ਵਿੰਗ ਸ਼ਾਂਤ ਨਹੀਂ ਬੈਠੇਗਾ ਅਤੇ ਇਸ ਲੜਾਈ ਨੂੰ ਸੜਕਾਂ ਤੋਂ ਲੈ ਕੇ ਹਰ ਮੰਚ 'ਤੇ ਲੜੇਗਾ।
- Download Babushahi App
-
-