GLADA ਦੇ ਮੁੱਖ ਪ੍ਰਸ਼ਾਸਕ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦਾ ‘ਸ਼ੋਅਕਾਜ਼ ਨੋਟਿਸ’
---ਵਾਰ-ਵਾਰ ਰਿਪੋਰਟ ਨਾ ਦੇਣ ’ਤੇ ਕਮਿਸ਼ਨ ਸਖ਼ਤ—20 ਨਵੰਬਰ ਨੂੰ ਨਿੱਜੀ ਪੇਸ਼ੀ, ਨਾ ਪਾਲਣਾ ਹੋਈ ਤਾਂ ਕਾਰਵਾਈ ਦੀ ਚਿਤਾਵਨੀ
ਸੁਖਮਿੰਦਰ ਭੰਗੂ
ਲੁਧਿਆਣਾ, 25 ਸਤੰਬਰ 2026
ਲੁਧਿਆਣਾ ਦੇ ਵਰਧਮਾਨ ਨੇੜੇ GLADA ਗਰਾਊਂਡ ਦੀ ਕਥਿਤ ਮਾੜੀ ਅਤੇ ਅਸਫ਼ਾਈ ਵਾਲੀ ਹਾਲਤ ਸਬੰਧੀ ਮਾਮਲੇ ਵਿੱਚ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ, ਚੰਡੀਗੜ੍ਹ ਨੇ Greater Ludhiana Area Development Authority (GLADA) ਦੇ ਮੁੱਖ ਪ੍ਰਸ਼ਾਸਕ ਵੱਲੋਂ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਸਬੰਧੀ ਰਿਪੋਰਟ ਪੇਸ਼ ਨਾ ਕੀਤੇ ਜਾਣ ’ਤੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ।
ਕਮਿਸ਼ਨ ਵੱਲੋਂ 19 ਅਗਸਤ 2026 ਨੂੰ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ 29 ਮਈ 2026 ਦੇ ਹੁਕਮ ਦੇ ਬਾਵਜੂਦ, ਅਤੇ ਕਈ ਮੌਕੇ ਦਿੱਤੇ ਜਾਣ ਦੇ ਬਾਵਜੂਦ, GLADA ਦੇ ਮੁੱਖ ਪ੍ਰਸ਼ਾਸਕ ਵੱਲੋਂ ਮੰਗੀ ਗਈ ਰਿਪੋਰਟ ਕਮਿਸ਼ਨ ਨੂੰ ਪ੍ਰਾਪਤ ਨਹੀਂ ਹੋਈ ਅਤੇ ਨਾ ਹੀ ਇਸ ਸਬੰਧੀ ਕੋਈ ਸੰਚਾਰ ਮਿਲਿਆ।
ਇਸ ’ਤੇ ਕਮਿਸ਼ਨ ਨੇ Protection of Human Rights Act, 1993 ਦੀ ਧਾਰਾ 16 ਤਹਿਤ ਮੁੱਖ ਪ੍ਰਸ਼ਾਸਕ, GLADA ਨੂੰ ਸ਼ੋਅਕਾਜ਼ ਨੋਟਿਸ ਜਾਰੀ ਕਰਦਿਆਂ ਪੁੱਛਿਆ ਹੈ ਕਿ ਰਿਪੋਰਟ ਸਮੇਂ ਸਿਰ ਅਤੇ ਪੂਰੀ ਤਰ੍ਹਾਂ ਪੇਸ਼ ਨਾ ਕਰਨ ਕਾਰਨ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕਿਉਂ ਨਾ ਕੀਤੀ ਜਾਵੇ।
ਹੁਕਮ ਵਿੱਚ ਮੁੱਖ ਪ੍ਰਸ਼ਾਸਕ ਨੂੰ ਮਾਮਲੇ ਵਿੱਚ ਨਿੱਜੀ ਤੌਰ ’ਤੇ ਕਮਿਸ਼ਨ ਅੱਗੇ ਪੇਸ਼ ਹੋ ਕੇ ਜਵਾਬ ਦੇਣ ਅਤੇ ਲੋੜੀਂਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਕਮਿਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪਾਲਣਾ ਨਾ ਹੋਣ ਦੀ ਸੂਰਤ ਵਿੱਚ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।
ਜਨਤਕ ਮੈਦਾਨ ਦੀ ਸਫ਼ਾਈ ਦਾ ਮਾਮਲਾ
ਇਹ ਮਾਮਲਾ ਸਮਾਜਿਕ ਕਾਰਕੁਨ ਅਰਵਿੰਦ ਸ਼ਰਮਾ ਵੱਲੋਂ ਕਮਿਸ਼ਨ ਕੋਲ ਉਠਾਇਆ ਗਿਆ ਸੀ। ਸ਼ਿਕਾਇਤ ਵਿੱਚ ਵਾਰਧਮਾਨ ਨੇੜੇ GLADA ਗਰਾਊਂਡ ਦੀ ਕਥਿਤ ਮਾੜੀ ਸਫ਼ਾਈ, ਰਾਖ, ਕੂੜੇ ਅਤੇ ਹੋਰ ਗੰਦਗੀ ਕਾਰਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦਾ ਮੁੱਦਾ ਚੁੱਕਿਆ ਗਿਆ ਸੀ। ਸ਼ਿਕਾਇਤ ਦੇ ਨਾਲ ਇਸ ਸਬੰਧੀ ਅਖ਼ਬਾਰੀ ਰਿਪੋਰਟ ਵੀ ਲਗਾਈ ਗਈ ਸੀ।
ਦਸਤਾਵੇਜ਼ਾਂ ਮੁਤਾਬਕ ਕਮਿਸ਼ਨ ਵੱਲੋਂ ਇਸ ਮਾਮਲੇ ਵਿੱਚ ਪਹਿਲਾਂ 6 ਜਨਵਰੀ 2026, ਫਿਰ 25 ਫਰਵਰੀ 2026 ਅਤੇ 29 ਮਈ 2026 ਨੂੰ ਕਾਰਵਾਈ/ਰਿਪੋਰਟ ਸਬੰਧੀ ਹੁਕਮ ਜਾਰੀ ਕੀਤੇ ਗਏ। ਕਮਿਸ਼ਨ ਦੇ 19 ਅਗਸਤ ਦੇ ਹੁਕਮ ਵਿੱਚ ਦਰਜ ਹੈ ਕਿ ਮੰਗੀ ਗਈ ਰਿਪੋਰਟ ਫਿਰ ਵੀ ਪ੍ਰਾਪਤ ਨਹੀਂ ਹੋਈ।
ਸ਼ਿਕਾਇਤਕਰਤਾ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਵੀਰਵਾਰ ਨੂੰ GLADA ਦਫ਼ਤਰ ਤੋਂ ਉਨ੍ਹਾਂ ਨੂੰ ਫੋਨ ਆਇਆ ਅਤੇ ਪੁੱਛਿਆ ਗਿਆ ਕਿ “ਸ਼ਰਮਾ ਜੀ, ਮਨੁੱਖੀ ਅਧਿਕਾਰ ਕਮਿਸ਼ਨ ਕੋਲ ਤੁਹਾਡੀ ਕੋਈ ਸ਼ਿਕਾਇਤ ਪੈਂਡਿੰਗ ਹੈ?” ਉਨ੍ਹਾਂ ਕਿਹਾ ਕਿ ਹੁਣ ਮਾਮਲੇ ਵਿੱਚ ਕਮਿਸ਼ਨ ਦੇ ਹੁਕਮਾਂ ਅਨੁਸਾਰ ਕਾਰਵਾਈ ਅਤੇ ਲੋੜੀਂਦੀ ਪਾਲਣਾ ਹੋਣੀ ਚਾਹੀਦੀ ਹੈ।
ਸ਼ਰਮਾ ਨੇ ਕਿਹਾ ਕਿ ਮਾਮਲੇ ਨੂੰ ਹੋਰ ਲਟਕਾਉਣ ਦੀ ਬਜਾਏ ਜਨਤਕ ਸਿਹਤ, ਸਫ਼ਾਈ ਅਤੇ ਨਾਗਰਿਕਾਂ ਦੇ ਅਧਿਕਾਰਾਂ ਨੂੰ ਧਿਆਨ ਵਿੱਚ ਰੱਖਦਿਆਂ GLADA ਵੱਲੋਂ ਕਮਿਸ਼ਨ ਦੇ ਹੁਕਮਾਂ ਦੀ ਪੂਰੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਅਗਲੀ ਸੁਣਵਾਈ 20 ਨਵੰਬਰ ਨੂੰ
ਕਮਿਸ਼ਨ ਦੇ ਹੁਕਮ ਅਨੁਸਾਰ ਮਾਮਲੇ ਦੀ ਅਗਲੀ ਸੁਣਵਾਈ 20 ਨਵੰਬਰ 2026 ਨੂੰ ਨਿਰਧਾਰਤ ਕੀਤੀ ਗਈ ਹੈ।
- Download Babushahi App
-
-