ED ਦੀ ਆਪਣੀ ਪ੍ਰੈੱਸ ਰਿਲੀਜ਼ ਨੇ ਪੋਲ ਖੋਲ੍ਹੀ, ਗਮਾਡਾ ਖ਼ਿਲਾਫ਼ ਕੋਈ FIR ਜਾਂ ਮੁੱਖ ਅਪਰਾਧ ਨਹੀਂ: AAP
ਦਿੱਲੀ ਨਾਲ ਸਬੰਧਤ ਬੈਂਕ ਧੋਖਾਧੜੀ ਦੇ ਮਾਮਲੇ ਦਾ ਗਮਾਡਾ ਨਾਲ ਕੋਈ ਲੈਣਾ-ਦੇਣਾ ਨਹੀਂ, ਗ਼ੈਰ-ਕਾਨੂੰਨੀ ਛਾਪੇਮਾਰੀ ਨਾਲ ਪੰਜਾਬੀਆਂ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ: ਆਪ
50 ਘੰਟਿਆਂ ਤੋਂ ਵੱਧ ਚੱਲੀ ਗ਼ੈਰ-ਕਾਨੂੰਨੀ ਛਾਪੇਮਾਰੀ ਵਿੱਚ ਈਡੀ ਦੇ ਹੱਥ ਕੁਝ ਨਹੀਂ ਲੱਗਿਆ, ਹੁਣ ਭਾਜਪਾ ਸਿਆਸੀ ਬਿਆਨਬਾਜ਼ੀ ਘੜ ਰਹੀ ਹੈ: ਆਪ
ਈਡੀ ਨੇ ਦਿੱਲੀ ਦੇ ਕੇਸ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਠੱਪ ਕਰਨ ਅਤੇ ਅਧਿਕਾਰੀਆਂ ਤੇ ਪੰਜਾਬੀਆਂ ਨੂੰ ਪਰੇਸ਼ਾਨ ਕਰਨ ਦਾ ਬਹਾਨਾ ਬਣਾਇਆ: ਆਪ
ਜਦੋਂ ਵੀ ਮੋਦੀ ਸਰਕਾਰ ਨੇ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਪੰਜਾਬੀ ਆਪਣੇ ਹੱਕਾਂ ਲਈ ਡਟੇ, ਚਾਹੇ ਉਹ 3 ਕਾਲੇ ਖੇਤੀ ਕਾਨੂੰਨ ਹੋਣ, ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਜਾਂ ਬੀਬੀਐਮਬੀ: ਆਪ
ਮੋਦੀ ਸਰਕਾਰ ਚੰਗੀ ਤਰ੍ਹਾਂ ਜਾਣ ਲਵੇ, ਪੰਜਾਬੀ ਈਡੀ ਦੇ ਛਾਪਿਆਂ ਜਾਂ ਦਿੱਲੀ ਦੇ ਦਬਾਅ ਤੋਂ ਡਰਨ ਵਾਲੇ ਨਹੀਂ: ਆਪ
ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਦੀ ਗਮਾਡਾ ਅਧਿਕਾਰੀਆਂ ਨਾਲ ਮੁਲਾਕਾਤ ਦੇ ਦਾਅਵੇ ਬੇਬੁਨਿਆਦ ਤੇ ਸਿਆਸਤ ਤੋਂ ਪ੍ਰੇਰਿਤ; ਈਡੀ ਨੂੰ ਕੁਝ ਨਹੀਂ ਮਿਲਿਆ, ਹੁਣ ਝੂਠੀਆਂ ਕਹਾਣੀਆਂ ਘੜੀਆਂ ਜਾ ਰਹੀਆਂ ਹਨ: ਆਪ
ਚੰਡੀਗੜ੍ਹ 24 ਸਤੰਬਰ
ਆਮ ਆਦਮੀ ਪਾਰਟੀ (ਆਪ) ਨੇ ਵੀਰਵਾਰ ਨੂੰ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਆਪਣੀ ਹੀ ਪ੍ਰੈੱਸ ਰਿਲੀਜ਼ ਤੋਂ ਸਪੱਸ਼ਟ ਹੁੰਦਾ ਹੈ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਖ਼ਿਲਾਫ਼ ਕੋਈ ਐੱਫਆਈਆਰ ਜਾਂ ਮੁੱਖ ਅਪਰਾਧ ਦਰਜ ਨਹੀਂ ਹੈ, ਜਿਸ ਨਾਲ ਇਸ ਗ਼ੈਰ-ਕਾਨੂੰਨੀ ਛਾਪੇਮਾਰੀ ਦੇ ਮਕਸਦ ਅਤੇ ਕਾਨੂੰਨੀਤਾ 'ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। 'ਆਪ' ਨੇ ਕਿਹਾ ਕਿ ਈਡੀ ਦੁਆਰਾ ਹਵਾਲਾ ਦਿੱਤੀ ਗਈ ਸੀਬੀਆਈ ਦੀ ਐੱਫਆਈਆਰ 'ਤਿਰੂਪਤੀ ਇਨਫਰਾ ਪ੍ਰੋਜੈਕਟਸ' ਨਾਲ ਸਬੰਧਤ ਬੈਂਕ ਧੋਖਾਧੜੀ ਦਾ ਮਾਮਲਾ ਹੈ, ਜਿਸ ਦਾ ਗਮਾਡਾ ਜਾਂ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਦੇ ਬਾਵਜੂਦ ਏਜੰਸੀ ਨੇ ਇਸ ਨੂੰ ਬਹਾਨਾ ਬਣਾ ਕੇ ਗਮਾਡਾ ਦੇ ਦਫ਼ਤਰ ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਦਾਖ਼ਲ ਹੋ ਕੇ ਇਸ ਦੇ ਦਸਤਾਵੇਜ਼ ਤੇ ਡਾਟਾ ਜ਼ਬਤ ਕੀਤਾ ਅਤੇ ਪੰਜਾਬ ਸਰਕਾਰ ਦੀ ਇਸ ਅਥਾਰਟੀ ਦੇ ਕੰਮਕਾਜ ਨੂੰ ਤਿੰਨ ਦਿਨਾਂ ਤੱਕ ਠੱਪ ਰੱਖਿਆ।
ਇੱਕ ਬਿਆਨ ਵਿੱਚ 'ਆਪ' ਨੇ ਕਿਹਾ, "ਈਡੀ ਨੇ ਆਪ ਆਪਣੀ ਪ੍ਰੈੱਸ ਰਿਲੀਜ਼ ਵਿੱਚ ਮੰਨਿਆ ਹੈ ਕਿ ਜਿਸ ਕੇਸ ਦੀ ਉਹ ਜਾਂਚ ਕਰ ਰਹੀ ਹੈ, ਉਹ 'ਤਿਰੂਪਤੀ ਇਨਫਰਾ ਪ੍ਰੋਜੈਕਟਸ' ਨਾਲ ਸਬੰਧਤ ਬੈਂਕ ਧੋਖਾਧੜੀ ਦੀ ਸੀਬੀਆਈ ਐੱਫਆਈਆਰ 'ਤੇ ਆਧਾਰਿਤ ਹੈ। ਉਸ ਕੇਸ ਦਾ ਗਮਾਡਾ ਜਾਂ ਪੰਜਾਬ ਨਾਲ ਕੋਈ ਸਬੰਧ ਨਹੀਂ ਹੈ। ਈਡੀ ਦੁਆਰਾ ਦਿੱਤੇ ਕੇਸ ਵਿੱਚ ਗਮਾਡਾ ਨਾਲ ਸਬੰਧਤ ਕੋਈ ਐੱਫਆਈਆਰ ਨਹੀਂ ਸੀ, ਫਿਰ ਵੀ ਇਸ ਨੂੰ ਬਹਾਨਾ ਬਣਾ ਕੇ ਗਮਾਡਾ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋ ਕੇ ਰਿਕਾਰਡ ਚੁੱਕ ਲਿਆ ਗਿਆ।"
ਪਾਰਟੀ ਨੇ ਕਿਹਾ, "ਇਹ ਗਮਾਡਾ ਦੁਆਰਾ ਕੀਤੇ ਕਿਸੇ ਅਪਰਾਧ ਦੀ ਜਾਂਚ ਨਹੀਂ ਸੀ, ਬਲਕਿ ਪੰਜਾਬ ਸਰਕਾਰ ਦੇ ਰਿਕਾਰਡ 'ਤੇ ਡਾਕਾ ਸੀ। ਈਡੀ ਨੇ ਗਮਾਡਾ ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਦਾਖ਼ਲ ਹੋ ਕੇ ਦਸਤਾਵੇਜ਼ ਤੇ ਡਾਟਾ ਜ਼ਬਤ ਕੀਤਾ ਅਤੇ ਤਿੰਨ ਦਿਨਾਂ ਤੱਕ ਅਥਾਰਟੀ ਦਾ ਕੰਮਕਾਜ ਬਾਧਿਤ ਰੱਖਿਆ। ਪੰਜਾਬ ਦੇ ਲੋਕਾਂ ਨੂੰ ਖੱਜਲ-ਖੁਆਰ ਕੀਤਾ ਗਿਆ ਤਾਂ ਜੋ ਮੋਦੀ ਸਰਕਾਰ ਆਪਣਾ ਗ਼ੈਰ-ਕਾਨੂੰਨੀ ਏਜੰਡਾ ਚਲਾ ਸਕੇ।"
'ਆਪ' ਨੇ ਕਿਹਾ, "50 ਘੰਟਿਆਂ ਤੋਂ ਵੱਧ ਚੱਲੀ ਇਸ ਗ਼ੈਰ-ਕਾਨੂੰਨੀ ਛਾਪੇਮਾਰੀ ਵਿੱਚ ਈਡੀ ਦੇ ਹੱਥ ਕੁਝ ਨਹੀਂ ਲੱਗਿਆ। ਫੇਲ੍ਹ ਹੋਣ ਤੋਂ ਬਾਅਦ ਹੁਣ ਭਾਜਪਾ ਬਿਨਾਂ ਕਿਸੇ ਆਧਾਰ ਦੇ ਸਿਆਸੀ ਬਿਆਨਬਾਜ਼ੀ ਘੜਨ ਦੀ ਕੋਸ਼ਿਸ਼ ਕਰ ਰਹੀ ਹੈ। ਪਹਿਲਾਂ ਉਨ੍ਹਾਂ ਨੇ ਗਮਾਡਾ 'ਚ ਗ਼ੈਰ-ਕਾਨੂੰਨੀ ਦਾਖ਼ਲਾ ਲਿਆ, ਰਿਕਾਰਡ ਚੁੱਕਿਆ ਅਤੇ ਹੁਣ ਅਜਿਹੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਝੂਠੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ, ਜਿਸ ਦਾ ਕੇਸ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਸੀ।"
"ਇਸ ਸਭ ਦਾ ਮਕਸਦ ਪੰਜਾਬ ਵਿੱਚ ਵਿਘਨ ਪਾਉਣਾ, ਤਿੰਨ ਦਿਨਾਂ ਤੱਕ ਸਰਕਾਰੀ ਕੰਮ ਰੋਕਣਾ ਅਤੇ ਗਮਾਡਾ ਤੋਂ ਲਏ ਗਏ ਰਿਕਾਰਡ ਦੀ ਵਰਤੋਂ ਕਰਕੇ ਸਿਆਸੀ ਵਿਵਾਦ ਖੜ੍ਹਾ ਕਰਨਾ ਸੀ। ਇਹ ਕੋਈ ਜਾਂਚ ਨਹੀਂ, ਸਗੋਂ ਕੇਂਦਰੀ ਏਜੰਸੀ ਰਾਹੀਂ ਪੰਜਾਬ ਨੂੰ ਰਾਜਨੀਤਿਕ ਤੌਰ 'ਤੇ ਤੰਗ-ਪਰੇਸ਼ਾਨ ਕਰਨ ਦੀ ਸਾਜ਼ਿਸ਼ ਹੈ।"
'ਆਪ' ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਇਸ ਗ਼ੈਰ-ਕਾਨੂੰਨੀ ਕਾਰਵਾਈ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਦਮ ਚੁੱਕੇਗੀ। "ਪੰਜਾਬ ਸਰਕਾਰ ਇਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਸਮੀਖਿਆ ਕਰੇਗੀ। ਜੋ ਵੀ ਪੰਜਾਬ ਸਰਕਾਰ ਦੇ ਦਫ਼ਤਰ ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਦਾਖ਼ਲ ਹੋਣ, ਰਿਕਾਰਡ ਚੁੱਕਣ ਜਾਂ ਕੋਈ ਹੋਰ ਗ਼ੈਰ-ਕਾਨੂੰਨੀ ਕੰਮ ਕਰਨ ਲਈ ਜ਼ਿੰਮੇਵਾਰ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।"
ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ 'ਤੇ ਪਾਰਟੀ ਨੇ ਕਿਹਾ, "ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਦੀ ਗਮਾਡਾ ਅਧਿਕਾਰੀਆਂ ਨਾਲ ਮੁਲਾਕਾਤ ਦੀਆਂ ਖ਼ਬਰਾਂ ਪੂਰੀ ਤਰ੍ਹਾਂ ਝੂਠੀਆਂ, ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਹਨ। ਗਮਾਡਾ ਦੇ ਕਿਸੇ ਵੀ ਪ੍ਰੋਜੈਕਟ ਜਾਂ ਸਰਕਾਰੀ ਕੰਮਕਾਜ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਪੰਜਾਬ ਵਿੱਚ ਉਨ੍ਹਾਂ ਦੀ ਭੂਮਿਕਾ ਸਿਰਫ਼ ਸਿਆਸੀ ਹੈ, ਗਮਾਡਾ ਦੇ ਰੋਜ਼ਾਨਾ ਦੇ ਕੰਮਾਂ ਜਾਂ ਪ੍ਰੋਜੈਕਟਾਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ।"
"ਈਡੀ ਦੀ ਛਾਪੇਮਾਰੀ ਵਿੱਚ ਕੁਝ ਨਾ ਮਿਲਣ ਤੋਂ ਬਾਅਦ, ਭਾਜਪਾ ਹੁਣ ਮੁਲਾਕਾਤਾਂ ਅਤੇ ਹਦਾਇਤਾਂ ਬਾਰੇ ਝੂਠੀਆਂ ਕਹਾਣੀਆਂ ਘੜ ਕੇ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸਿਰਫ਼ ਇੱਕ ਅਜਿਹਾ ਵਿਵਾਦ ਖੜ੍ਹਾ ਕਰਨ ਦੀ ਕੋਸ਼ਿਸ਼ ਹੈ ਜੋ ਵਜੂਦ ਵਿੱਚ ਹੀ ਨਹੀਂ ਹੈ, ਤਾਂ ਜੋ ਗਮਾਡਾ ਵਿੱਚ ਕੀਤੀ ਗ਼ੈਰ-ਕਾਨੂੰਨੀ ਕਾਰਵਾਈ ਤੋਂ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ।"
ਪਾਰਟੀ ਨੇ ਕਿਹਾ ਕਿ ਈਡੀ ਦੀ ਇਸ ਕਾਰਵਾਈ ਨੂੰ ਮੋਦੀ ਸਰਕਾਰ ਦੁਆਰਾ ਪੰਜਾਬ ਦੇ ਹੱਕਾਂ ਵਿੱਚ ਦਖ਼ਲਅੰਦਾਜ਼ੀ ਕਰਨ ਦੇ ਲਗਾਤਾਰ ਚੱਲ ਰਹੇ ਯਤਨਾਂ ਦੇ ਹਿੱਸੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ। "ਜਦੋਂ ਵੀ ਮੋਦੀ ਸਰਕਾਰ ਨੇ ਦਿੱਲੀ ਤੋਂ ਆਪਣੇ ਫ਼ੈਸਲੇ ਠੋਪਣ ਦੀ ਕੋਸ਼ਿਸ਼ ਕੀਤੀ ਹੈ, ਪੰਜਾਬ ਨੇ ਹਮੇਸ਼ਾ ਵਿਰੋਧ ਕੀਤਾ ਹੈ। 3 ਕਾਲੇ ਖੇਤੀ ਕਾਨੂੰਨ ਇਸ ਦੀ ਸਭ ਤੋਂ ਵੱਡੀ ਉਦਾਹਰਣ ਹਨ। ਪੰਜਾਬ ਨੇ ਇਤਿਹਾਸਕ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਅਤੇ ਆਖ਼ਰਕਾਰ ਮੋਦੀ ਸਰਕਾਰ ਨੂੰ ਉਹ ਕਾਨੂੰਨ ਵਾਪਸ ਲੈਣੇ ਪਏ।"
"ਇਸ ਤੋਂ ਬਾਅਦ ਮੋਦੀ ਸਰਕਾਰ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਾਲ ਸਬੰਧਤ ਨਿਯਮਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਪੰਜਾਬ ਵਿੱਚ ਤਿੱਖਾ ਵਿਰੋਧ ਹੋਇਆ। ਕੇਂਦਰ ਨੂੰ ਸਪੱਸ਼ਟੀਕਰਨ ਦੇਣਾ ਪਿਆ ਕਿ ਚੰਡੀਗੜ੍ਹ ਨੂੰ ਧਾਰਾ 240 ਅਧੀਨ ਲਿਆਉਣ ਦੀ ਤਜਵੀਜ਼ ਸ਼ੀਤਕਾਲੀ ਸੈਸ਼ਨ ਵਿੱਚ ਨਹੀਂ ਲਿਆਂਦੀ ਜਾਵੇਗੀ। ਇਹ ਸਾਬਤ ਕਰਦਾ ਹੈ ਕਿ ਜਦੋਂ ਵੀ ਦਿੱਲੀ ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰਦੀ ਹੈ, ਪੰਜਾਬੀ ਡਟ ਕੇ ਖੜ੍ਹੇ ਹੁੰਦੇ ਹਨ।"
"ਪੰਜਾਬ ਯੂਨੀਵਰਸਿਟੀ ਇਸ ਦੀ ਇੱਕ ਹੋਰ ਉਦਾਹਰਣ ਹੈ। ਕੇਂਦਰ ਨੇ ਸੈਨੇਟ ਅਤੇ ਸਿੰਡੀਕੇਟ ਦੀ ਬਣਤਰ ਬਦਲ ਕੇ ਚੁਣੇ ਹੋਏ ਨੁਮਾਇੰਦਿਆਂ ਦੀ ਗਿਣਤੀ ਘਟਾਉਣ ਦੀ ਕੋਸ਼ਿਸ਼ ਕੀਤੀ। ਪੰਜਾਬੀਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਕੇਂਦਰ ਨੂੰ ਆਪਣਾ ਨੋਟੀਫਿਕੇਸ਼ਨ ਵਾਪਸ ਲੈਣਾ ਪਿਆ। ਪੰਜਾਬ ਨੇ ਬਾਰ-ਬਾਰ ਦਿਖਾਇਆ ਹੈ ਕਿ ਉਹ ਦਿੱਲੀ ਦੇ ਫ਼ੈਸਲਿਆਂ ਨੂੰ ਚੁੱਪ-ਚਾਪ ਪ੍ਰਵਾਨ ਨਹੀਂ ਕਰੇਗਾ।"
'ਆਪ' ਨੇ ਅੱਗੇ ਕਿਹਾ, "ਅੱਜ ਪੰਜਾਬ ਦੇ ਦਰਿਆਈ ਪਾਣੀਆਂ 'ਤੇ ਹੱਕ ਅਤੇ ਭਾਕੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਇਸ ਦੀ ਭੂਮਿਕਾ ਨੂੰ ਵੀ ਚੁਣੌਤੀ ਦਿੱਤੀ ਜਾ ਰਹੀ ਹੈ। ਕੇਂਦਰ ਨੇ ਬੀਬੀਐਮਬੀ ਦੇ ਨਿਯਮਾਂ ਵਿੱਚ ਬਦਲਾਅ ਕਰਕੇ ਇਸ ਦੇ ਦੋ ਸਿਖਰਲੇ ਅਹੁਦਿਆਂ ਨੂੰ ਦੇਸ਼ ਭਰ ਦੇ ਅਧਿਕਾਰੀਆਂ ਲਈ ਖੋਲ੍ਹ ਦਿੱਤਾ, ਜਿਸ ਦਾ ਪੰਜਾਬ ਨੇ ਵਿਰੋਧ ਕੀਤਾ ਹੈ। ਇਹ ਇੱਕ ਹੋਰ ਮੁੱਦਾ ਹੈ ਜਿਸ 'ਤੇ ਪੰਜਾਬ ਨੂੰ ਆਪਣੇ ਹੱਕਾਂ ਲਈ ਲੜਨਾ ਪੈ ਰਿਹਾ ਹੈ।"
'ਆਪ' ਨੇ ਕਿਹਾ ਕਿ ਇਹ ਸਾਰੇ ਘਟਨਾਕ੍ਰਮ ਦਰਸਾਉਂਦੇ ਹਨ ਕਿ ਗਮਾਡਾ 'ਤੇ ਕੀਤਾ ਗਿਆ ਛਾਪਾ ਇੱਕ ਵੱਡੀ ਰਾਜਨੀਤਿਕ ਸਾਜ਼ਿਸ਼ ਦਾ ਹਿੱਸਾ ਹੈ। "ਜਦੋਂ ਵੀ ਮੋਦੀ ਪੰਜਾਬ ਵਿਰੁੱਧ ਕੋਈ ਕਦਮ ਚੁੱਕਦੇ ਹਨ, ਪੰਜਾਬੀ ਸਭ ਤੋਂ ਪਹਿਲਾਂ ਵਿਰੋਧ ਵਿੱਚ ਖੜ੍ਹੇ ਹੁੰਦੇ ਹਨ। ਚਾਹੇ ਖੇਤੀ ਕਾਨੂੰਨ ਹੋਣ, ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਜਾਂ ਪਾਣੀਆਂ ਤੇ ਬੀਬੀਐਮਬੀ ਦੇ ਹੱਕ ਹੋਣ, ਪੰਜਾਬ ਕਦੇ ਚੁੱਪ ਨਹੀਂ ਬੈਠਿਆ। ਮੋਦੀ ਸਰਕਾਰ ਇਸ ਵਿਰੋਧ ਨੂੰ ਭੁੱਲੀ ਨਹੀਂ ਹੈ ਅਤੇ ਹੁਣ ਈਡੀ ਰਾਹੀਂ ਪੰਜਾਬ ਤੋਂ ਬਦਲਾ ਲੈ ਰਹੀ ਹੈ।"
"ਮੋਦੀ ਪੰਜਾਬ ਨੂੰ ਰਾਜਨੀਤਿਕ ਤੌਰ 'ਤੇ ਝੁਕਾ ਨਹੀਂ ਸਕੇ, ਇਸ ਲਈ ਹੁਣ ਕੇਂਦਰੀ ਏਜੰਸੀਆਂ ਰਾਹੀਂ ਪੰਜਾਬ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਮਾਡਾ ਵਿਖੇ ਗ਼ੈਰ-ਕਾਨੂੰਨੀ ਛਾਪੇਮਾਰੀ, ਰਿਕਾਰਡ ਜ਼ਬਤ ਕਰਨਾ ਅਤੇ 50 ਘੰਟਿਆਂ ਬਾਅਦ ਝੂਠਾ ਸਿਆਸੀ ਮਾਹੌਲ ਸਿਰਜਣਾ ਇਸੇ ਸਾਜ਼ਿਸ਼ ਦਾ ਹਿੱਸਾ ਹਨ।"
'ਆਪ' ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੀ ਨਹੀਂ ਹੈ। "ਜਦੋਂ ਪੰਜਾਬ 'ਤੇ ਅਜਿਹਾ ਦਬਾਅ ਪਾਇਆ ਜਾਵੇਗਾ ਤਾਂ ਭਗਵੰਤ ਮਾਨ ਸਰਕਾਰ ਚੁੱਪ ਨਹੀਂ ਬੈਠੇਗੀ। ਪੰਜਾਬ ਦੇ ਲੋਕਾਂ ਨੇ ਹਮੇਸ਼ਾ ਦਿੱਲੀ ਦੀ ਧੱਕੇਸ਼ਾਹੀ ਦਾ ਮੁਕਾਬਲਾ ਕੀਤਾ ਹੈ ਅਤੇ ਅੱਗੇ ਵੀ ਕਰਨਗੇ। ਈਡੀ ਦੇ ਗ਼ੈਰ-ਕਾਨੂੰਨੀ ਛਾਪੇ ਜਾਂ ਦਿੱਲੀ ਦਾ ਕੋਈ ਵੀ ਦਬਾਅ ਚੁਣੀ ਹੋਈ ਪੰਜਾਬ ਸਰਕਾਰ ਨੂੰ ਪੰਜਾਬੀਆਂ ਦੇ ਭਲੇ ਲਈ ਕੰਮ ਕਰਨ ਤੋਂ ਨਹੀਂ ਰੋਕ ਸਕਦਾ।"
- Download Babushahi App
-
-