ਵੈਲਡਿੰਗ ਤੇ ਮੋਬਾਈਲ ਰਿਪੇਅਰ ਦੀ ਆੜ ’ਚ ਚਲਾ ਰਹੇ ਸਨ ਤਸਕਰੀ ਦਾ ਧੰਦਾ, 15 ਪਿਸਤੌਲਾਂ ਸਣੇ ਦੋ ਗ੍ਰਿਫਤਾਰ
ਪਾਕਿਸਤਾਨ ਤੋਂ ਡਰੋਨ ਰਾਹੀਂ ਆਉਂਦੀ ਸੀ ਖੇਪ! ਅੰਮ੍ਰਿਤਸਰ ’ਚ ਨਸ਼ਾ-ਅਸਲਾ ਤਸਕਰੀ ਮਾਡਿਊਲ ਦਾ ਪਰਦਾਫਾਸ਼
ਗੁਰਵਿੰਦਰ ਸਿੰਘ
ਅੰਮ੍ਰਿਤਸਰ 7 ਸਤੰਬਰ
ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਨਸ਼ਾ ਅਤੇ ਅਸਲਾ ਤਸਕਰੀ ਖ਼ਿਲਾਫ਼ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ ਇੱਕ ਵੱਡੇ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ 5 ਕਿਲੋ ਹੈਰੋਇਨ ਅਤੇ 15 ਪਿਸਤੌਲਾਂ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੀਆਂ ਨਸ਼ਿਆਂ ਅਤੇ ਗੈਂਗਸਟਰਾਂ ਖ਼ਿਲਾਫ਼ ਚਲਾਈਆਂ ਜਾ ਰਹੀਆਂ ਮੁਹਿੰਮਾਂ ਤਹਿਤ ਪੁਲਿਸ ਵੱਲੋਂ ਇੰਟੈਲੀਜੈਂਸ ਆਧਾਰਿਤ ਆਪ੍ਰੇਸ਼ਨ ਚਲਾਇਆ ਗਿਆ ਸੀ।
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ 24 ਸਾਲਾ ਦੀਪਕ ਵਾਸੀ ਪਿੰਡ ਰੋੜਾਂਵਾਲੀ ਅਤੇ 28 ਸਾਲਾ ਸ਼ੁਭਪ੍ਰੀਤ ਸਿੰਘ ਉਰਫ਼ ਸ਼ੁਭ ਸ਼ਾਮਲ ਹਨ। ਦੀਪਕ ਵੈਲਡਿੰਗ ਦਾ ਕੰਮ ਕਰਦਾ ਸੀ, ਜਦਕਿ ਸ਼ੁਭਪ੍ਰੀਤ ਸਿੰਘ ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਮੋਬਾਈਲ ਰਿਪੇਅਰ ਦਾ ਕੰਮ ਕਰਦਾ ਸੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਦੀਪਕ ਦੇ ਕਥਿਤ ਤੌਰ ’ਤੇ ਪਾਕਿਸਤਾਨੀ ਤਸਕਰਾਂ ਨਾਲ ਸੰਪਰਕ ਸਨ। ਪੁਲਿਸ ਦੇ ਅਨੁਸਾਰ ਡਰੋਨ ਰਾਹੀਂ ਸਰਹੱਦ ਪਾਰੋਂ ਸੁੱਟੀ ਗਈ ਖੇਪ ਨੂੰ ਚੁੱਕਣ ਲਈ ਉਸ ਨੂੰ ਲੋਕੇਸ਼ਨ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਸਨ। ਪੁਲਿਸ ਮੁਤਾਬਕ ਮਾਮਲੇ ਦੇ ਤਾਰ ਉੱਤਰੀ ਅਮਰੀਕਾ ਵਿੱਚ ਬੈਠੇ ਇੱਕ ਵਿਦੇਸ਼ੀ ਹੈਂਡਲਰ ਨਾਲ ਵੀ ਜੁੜੇ ਹੋਏ ਸਾਹਮਣੇ ਆਏ ਹਨ। ਅੱਗੇ ਨਸ਼ੇ ਅਤੇ ਅਸਲੇ ਦੀ ਸਪਲਾਈ ਕਰਨ ਦੀ ਜ਼ਿੰਮੇਵਾਰੀ ਸ਼ੁਭਪ੍ਰੀਤ ਸਿੰਘ ਦੀ ਹੋਣ ਦੀ ਗੱਲ ਪੁਲਿਸ ਜਾਂਚ ਵਿੱਚ ਸਾਹਮਣੇ ਆਈ ਹੈ। ਆਈ.ਜੀ. ਭੁੱਲਰ ਨੇ ਇਹ ਵੀ ਦੱਸਿਆ ਕਿ ਦੋਵਾਂ ਮੁਲਜ਼ਮਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਅਤੇ ਪੁਲਿਸ ਅਨੁਸਾਰ ਉਹ ਪਿਛਲੇ 5-6 ਮਹੀਨਿਆਂ ਤੋਂ ਕਥਿਤ ਤੌਰ ’ਤੇ ਇਸ ਗੈਰ-ਕਾਨੂੰਨੀ ਨੈੱਟਵਰਕ ਨਾਲ ਜੁੜੇ ਹੋਏ ਸਨ। ਇਸ ਪੂਰੇ ਆਪ੍ਰੇਸ਼ਨ ਵਿੱਚ ਐਸ.ਪੀ.ਡੀ. ਰਮਨਦੀਪ ਸਿੰਘ, ਡੀ.ਐਸ.ਪੀ. ਯਾਦਵਿੰਦਰ ਸਿੰਘ ਅਤੇ ਐਸ.ਐਚ.ਓ. ਘਰਿੰਡਾ ਅਮਨਦੀਪ ਸਿੰਘ ਦੀ ਟੀਮ ਦੀ ਅਹਿਮ ਭੂਮਿਕਾ ਰਹੀ। ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਸਰਹੱਦ ਪਾਰੋਂ ਹੋ ਰਹੀ ਤਸਕਰੀ ਸਬੰਧੀ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
- Download Babushahi App
-
-