Babushahi Special- ਬਠਿੰਡਾ ਪੁਲਿਸ ਨੇ ਡਾਂਗਾਂ ਨਾਲ ਕੀਤਾ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਦਘਾਟਨ
ਅਸ਼ੋਕ ਵਰਮਾ
ਬਠਿੰਡਾ , 6 ਸਤੰਬਰ 2026 : ਸ਼ਨੀਵਾਰ ਨੂੰ ਖੇਡਾਂ ਵਤਨ ਪੰਜਾਬ ਦੀਆਂ ਦਾ ਉਦਘਾਟਨ ਕਰਨ ਲਈ ਬਠਿੰਡਾ ਪੁੱਜੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਵਿਰੋਧ ਕਰਨ ਆਏ ਅਧਿਆਪਕਾਂ ਅਤੇ ਮੁਲਾਜਮਾਂ ਤੋਂ ਇਲਾਵਾ ਸਹਾਇਕ ਲਾਇਬਰੇਰੀਅਨਾਂ ’ਤੇ ਪੁਲਿਸ ਨੇ ਰੱਜਕੇ ਡਾਂਗਾਂ ਵਰ੍ਹਾਈਆਂ ਅਤੇ ਕਾਫੀ ਧੂਹ ਘੜੀਸ ਕੀਤੀ। ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਹੀ ਵੱਖ ਵੱਖ ਮਹਿਕਮਿਆਂ ਦੇ ਸੈਂਕੜੇ ਮੁਲਾਜਮ ਕਾਲੀ ਝੰਡੀਆਂ ਲੈਕੇ ਵਿਰੋਧ ਕਰਨ ਲਈ ਨਿਕਲੇ ਸਨ ਤਾਂ ਇਸ ਦੌਰਾਨ ਮੁਜਾਹਰਾਕਾਰੀ ਪੁਲਿਸ ਨਾਲ ਭਿੜ ਗਏ। ਇਸ ਮੌਕੇ ਲੰਮਾਂ ਸਮਾਂ ਟਕਰਾਅ ਵਾਲੀ ਸਥਿਤੀ ਬਣੀ ਰਹੀ ਅਤੇ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਦੇਰ ਰਾਤ ਨੂੰ ਪੁਲਿਸ ਨੇ ਵੱਡੀ ਗਿਣਤੀ ਵਿਖਾਵਾਕਾਰੀਆਂ ਨੂੰ ਹਿਰਾਸਤ ’ਚ ਲੈ ਲਿਆ ਅਤੇ ਥਾਣੇ ਲੈ ਗਈ। ਇਸ ਸਬੰਧ ’ਚ ਸੋਸ਼ਲ ਮੀਡੀਆ ’ਤੇ ਕਈ ਵੀਡੀਓ ਵਾਇਰਲ ਹੋਈਆਂ ਹਨ ਜਿੰਨ੍ਹਾਂ ’ਚ ਇੱਕ ਅਧਿਕਾਰੀ ਪੁਲਿਸ ਦੀ ਗੱਡੀ ’ਚ ਤਾੜੇ ਪ੍ਰਦਰਸ਼ਲਕਾਰੀ ਨੂੰ ਦਬਕੇ ਮਾਰਦਾ ਨਜ਼ਰ ਆ ਰਿਹਾ ਹੈ।
ਦਰਅਸਲ ਆਪਣੇ ਮਸਲਿਆਂ ਤੇ ਮੰਗਾਂ ਨੂੰ ਲੈਕੇ ਮੁਲਾਜਮ ਧਿਰਾਂ , ਅਧਿਆਪਕ ਜੱਥੇਬੰਦੀਆਂ ਅਤੇ 1158 ਸਹਾਇਕ ਪ੍ਰੋਫੈਸਰ ਤੇ ਲਾਇਬਰੇਰੀਅਨ ਫਰੰਟ ਨੇ ਮੁੱਖ ਮੰਤਰੀ ਦਾ ਬਠਿੰਡਾ ਆਉਣ ’ਤੇ ਵਿਰੋਧ ਕਰਨ ਦਾ ਐਲਾਨ ਕੀਤਾ ਸੀ। ਇਸ ਨੂੰ ਦੇਖਦਿਆਂ ਜਿਲ੍ਹਾ ਪੁਲਿਸ ਨੇ ਵੱਖ ਵੱਖ ਜਿਲਿ੍ਹਆਂ ਤੋਂ ਮੰਗਵਾਈ ਪੁਲਿਸ ਫੋਰਸ ਦੀ ਸਹਾਇਤਾ ਨਾਲ ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਪਾਵਰ ਹਾਊਸ ਰੋਡ ’ਤੇ ਬੱਤੀਆਂ ਵਾਲੇ ਚੌਂਕ ’ਚ ਜਬਰਦਸਤ ਬੈਰੀਕੇਡਿੰਗ ਕਰਕੇ ਰਸਤਾ ਬੰਦ ਕੀਤਾ ਹੋਇਆ ਸੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਦੇ ਵੱਡੇ ਇਕੱਠ ਅੱਗੇ ਪੁਲਿਸ ਪ੍ਰਬੰਧ ਜਿਆਦਾ ਦੇਰ ਟਿਕ ਨਾਂ ਸਕੇ। ਇਸ ਮੌਕੇ ਮੁਲਾਜਮ ਆਗੂਆਂ ਅਤੇ ਪੁਲਿਸ ਵਿਚਕਾਰ ਗੱਲਬਾਤ ਦਾ ਦੌਰ ਵੀ ਚੱਲਿਆ ਪਰ ਮੁਲਾਜਮ ਆਪਣੀਆਂ ਮੰਗਾਂ ’ਤੇ ਅੜੇ ਰਹੇ ਅਤੇ ਕਾਲੀ ਝੰਡੀਆਂ ਲਹਿਰਾਉਂਦਿਆਂ ਪੰਜਾਬ ਸਰਕਾਰ ਪ੍ਰਤੀ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਵੱਲੋਂ ਕਹਿਣ ਦੇ ਬਾਵਜੂਦ ਪ੍ਰਦਰਸ਼ਨਕਾਰੀ ਅਚਾਨਕ ਅੱਗੇ ਵਧਣ ਲੱਗ ਪਏ ਜਿੰਨ੍ਹਾਂ ਅੱਗੇ ਪੁਲਿਸ ਦੀ ਨਫਰੀ ਵੀ ਇੱਕ ਵਾਰ ਬੇਵੱਸ ਦਿਖਾਈ ਦਿੱਤੀ।
.jpg)
ਪੁਲਿਸ ਨੇ ਉਨ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ ਪਰ 6-7 ਸੌ ਦੀ ਭੀੜ ਅੱਗੇ ਪੁਲਿਸ ਫੋਰਸ ਦੀ ਕੋਈ ਵਾਹ ਨਾਂ ਚੱਲੀ। ਰੋਸ ਜਤਾ ਰਹੇ ਮੁਲਾਜਮਾਂ ਨੇ ਪੁਲਿਸ ਵੱਲੋਂ ਕੀਤੀ ਗਈ ਬੈਰੀਕੇਡਿੰਗ ਪਾਰ ਕਰ ਲਈ ਅਤੇ ਫੌਜੀ ਚੌਂਕ ਵੱਲ ਵਧਣ ਲੱਗ ਪਏ ਜਿੱਥੇ ਉਨ੍ਹਾਂ ਨੂੰ ਰੋਕਣ ਲਈ ਪੁਲਿਸ ਨੇ ਇੱਕ ਫਿਰ ਘੇਰਾਬੰਦੀ ਕਰ ਲਈ। ਇਸ ਮੌਕੇ ਡੀਐਸਪੀ ਸਰਬਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਮੁਲਾਜਮਾਂ ਨੂੰ ਰੋਕਣ ਲਈ ਹੱਲਾ ਬੋਲਿਆ ਪਰ ਇੱਥੇ ਵੀ ਪ੍ਰਦਰਸ਼ਨਕਾਰੀ ਪੁਲਿਸ ’ਤੇ ਭਾਰੀ ਪਏ ਅਤੇ ਸੁਰੱਖਿਆ ਚੱਕਰ ਤੋੜਦੇ ਪੁਲਿਸ ਨੂੰ ਮੂਹਰੇ ਲਾ ਲਿਆ ਤੇ ਹਨੂੰਮਾਨ ਚੌਂਕ ਤੱਕ ਪੁੱਜ ਗਏ। ਇਸ ਦੌਰਾਨ ਕੁੱਝ ਸਮਾਂ ਰੁਕਣ ਮਗਰੋਂ ਜਦੋਂ ਪ੍ਰਦਰਸ਼ਨਕਾਰੀਆਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ’ਤੇ ਹਾਜ਼ਰ ਐਸਪੀ ਸਿਟੀ ਆਸ਼ਵੰਤ ਸਿੰਘ ਦੀ ਅਗਵਾਈ ਹੇਠ ਪੁੱਜੀ ਪੁਲਿਸ ਨੇ ਮੁਲਾਜਮਾਂ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਧਿਰਾਂ ’ਚ ਜੰਮਕੇ ਧੱਕਾ ਮੁੱਕੀ ਹੋਈ ।
ਕਾਫੀ ਸਮਾਂ ਭਿੜ ਭਿੜਾਈ ਮਗਰੋਂ ਮੌਕੇ ’ਤੇ ਹਾਜ਼ਰ ਪੁਲਿਸ ਜਵਾਨਾਂ ਨੇ ਪ੍ਰਦਰਸ਼ਨਕਾਰੀਆਂ ’ਤੇ ਡਾਂਗਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਹਾਇਕ ਪ੍ਰੋਫੈਸਰ ਅਤੇ ਲਾਇਬਰੇਰੀਅਨ ਫਰੰਟ ਦੇ ਆਗੂਆਂ ਨੇ ਦੋਸ਼ ਲਾਇਆ ਕਿ ਲਾਠੀਚਾਰਜ ਕਾਰਨ ਕਈ ਸਹਾਇਕ ਪ੍ਰੋਫ਼ੈਸਰਾਂ ਨੂੰ ਸੱਟਾਂ ਲੱਗੀਆਂ ਹਨ । ਇਸ ਮੌਕੇ ਡਾ. ਕਰਮਜੀਤ ਸਿੰਘ ਅਤੇ ਪ੍ਰੋ. ਪ੍ਰਿਤਪਾਲ ਸਿੰਘ ਨੇ ਪੁਲਿਸ ਜਬਰ ਦੀ ਨਿਖੇਧੀ ਕਰਦਿਆਂ ਕਿਹਾ ਕਿ 13 ਅਗਸਤ ਦੀ ਮੀਟਿੰਗ ਤੋਂ ਮੁੱਕਰਕੇ ਸਰਕਾਰ ਨੇ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਸਥਾਈ ਰੁਜ਼ਗਾਰ ਨੂੰ ਸੁਰੱਖਿਅਤ ਕਰਨ ਲਈ ਵਿਧਾਨ ਸਭਾ ਵਿੱਚ ਐਕਟ ਨਾ ਲਿਆਂਦਾ ਗਿਆ, ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਅਧਿਆਪਕ ਆਗੂਆਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਮਿਲਣ ਦਾ ਮੌਕਾ ਦੇਣ ਦੀ ਬਜਾਏ ਪੁਲਿਸ ਨੇ ਉਨ੍ਹਾਂ ਨਾਲ ਧੱਕਾ ਕੀਤਾ ਹੈ।
ਕੋਈ ਕਾਰਵਾਈ ਨਹੀਂ:ਐਸਪੀ
ਐਸ ਪੀ ਸਿਟੀ ਆਸਵੰਤ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਪ੍ਰਦਰਸ਼ਨਕਾਰੀਆਂ ਨੂੰ ਅਹਿਤਿਹਾਤ ਵਜੋਂ ਹਿਰਾਸਤ ’ਚ ਲਿਆ ਗਿਆ ਸੀ ਜਿੰਨ੍ਹਾਂ ਨੂੰ ਮਗਰੋਂ ਖਾਣਾ ਖੁਆਉਣ ਤੋਂ ਬਾਅਦ ਛੱਡ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕਿਸੇ ਪ੍ਰਦਰਸ਼ਨ ਕਾਰੀ ਖਿਲਾਫ ਪੁਲਿਸ ਕੇਸ ਦਰਜ ਕਰਨ ਵਰਗੀ ਕੋਈ ਕਾਰਵਾਈ ਨਹੀਂ ਕੀਤੀ ਹੈ।
- Download Babushahi App
-
-