ਨੇਤਰਦਾਨ ਕਰਨ ਵਾਲਾ ਇੱਕ ਵਿਅਕਤੀ 2 ਲੋਕਾਂ ਨੂੰ ਦੇ ਸਕਦਾ ਰੋਸ਼ਨੀ
ਅਸ਼ੋਕ ਵਰਮਾ
ਬਠਿੰਡਾ, 1 ਸਤੰਬਰ 2026 :ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਮੀਨਾਕਸ਼ੀ ਸਿੰਗਲਾ ਅੱਖਾਂ ਦੇ ਮਾਹਿਰ ਕਮ ਡੀ.ਪੀ.ਐਮ. ਜ਼ਿਲ੍ਹਾ ਬਲਾਈਂਡਨੈਸ ਕੰਟਰੋਲ ਸੋਸਾਇਟੀ ਦੀ ਦੇਖ ਰੇਖ ਹੇਠ ਸਿਵਲ ਹਸਪਤਾਲ ਦੀ ਓ.ਪੀ.ਡੀ ਵਿਖੇ ਅੱਖਾਂ ਦਾਨ ਕਰਨ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਸਬੰਧੀ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਸਿਹਤ ਵਿਭਾਗ ਦੇ ਸਮੂਹ ਸਟਾਫ਼ ਵੱਲੋਂ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਦੇ ਨਾਲ ਨਾਲ ਅੱਖਾਂ ਦੀਆਂ ਬਿਮਾਰੀਆਂ, ਅੰਨੇਪਣ ਦੇ ਕਾਰਨ ਅਤੇ ਇਲਾਜ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਪੁਤਲੀ ਕਾਰਨ ਹੋਏ ਅੰਨ੍ਹੇਪਣ ਨੂੰ ਖਤਮ ਕਰਨ ਲਈ ਸਰਕਾਰ ਵਲੋ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਹਰ ਸਾਲ ਹਜ਼ਾਰਾਂ ਲੋਕ ਅੰਨ੍ਹੇਪਣ ਦਾ ਸ਼ਿਕਾਰ ਹੋ ਰਹੇ ਹਨ, ਪਰ ਅੱਖਾਂ ਦਾਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ।
ਇਸ ਮੌਕੇ ਅੱਖਾਂ ਦੇ ਮਾਹਿਰ ਡਾ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਨੇਤਰਦਾਨ ਕਰਨ ਵਾਲਾ ਇੱਕ ਵਿਅਕਤੀ 2 ਲੋਕਾਂ ਨੂੰ ਰੋਸ਼ਨੀ ਦੇ ਸਕਦਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਉਮਰ ਵਿੱਚ, ਭਾਵੇਂ ਅੱਖਾਂ ਵਿੱਚ ਲੈਂਜ ਪਾਏ ਹੋਣ, ਐਨਕਾਂ ਲੱਗੀਆਂ ਹੋਣ, ਅੱਖਾਂ ਦਾ ਅਪ੍ਰੇਸ਼ਨ ਕੀਤਾ ਹੋਵੇ ਤਾਂ ਵੀ ਇਨਸਾਨ ਦੀਆਂ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਅੱਖਾਂ ਦਾਨ ਕਰਨ ਵਾਸਤੇ ਅੱਖਾਂ ਦੇ ਬੈਂਕ ਦੀ ਟੀਮ ਦੇ ਆਉਣ ਤੱਕ ਅੱਖਾਂ ਦੀ ਸਾਂਭ ਸੰਭਾਲ ਲਈ ਕਮਰੇ ਦਾ ਪੱਖਾ ਬੰਦ ਕਰ ਦਿੱਤਾ ਜਾਵੇ ਅਤੇ ਅੱਖਾਂ ਉੱਤੇ ਗਿੱਲਾ ਅਤੇ ਸਾਫ਼ ਕੱਪੜਾ ਰੱਖਿਆ ਜਾਵੇ ਅਤੇ ਸਿਰ ਥੱਲੇ ਸਿਰਹਣਾ ਰੱਖਿਆ ਜਾਵੇ। ਕਿਸੇ ਇਨਸਾਨ ਦੀ ਮੌਤ ਹੋਣ ਉਪਰੰਤ 6 ਤੋਂ 8 ਘੰਟਿਆਂ ਦੇ ਅੰਦਰ ਅੰਦਰ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਅੱਖਾਂ ਦਾਨ ਕਰਨ ਦੀ ਪ੍ਰਕ੍ਰਿਆ ਸਿਰਫ਼ 10 ਤੋਂ 15 ਮਿੰਟਾਂ ਵਿੱਚ ਮੁਕੰਮਲ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਅੱਖਾਂ ਦਾਨ ਕਰਨ ਲਈ ਨੇੜੇ ਦੇ ਆਈ ਬੈਂਕ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਏਡਜ਼, ਪੀਲੀਆ, ਦਿਮਾਗੀ ਬੁਖਾਰ ਅਤੇ ਬਲੱਡ ਕੈਂਸਰ ਵਾਲੇ ਮਰੀਜ਼ਾਂ ਦੀਆਂ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ। ਕਈ ਲੋਕ ਅੱਖਾਂ ਦਾਨ ਕਰਨ ਸਬੰਧੀ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹਨ ਜਿਵੇਂ ਕਿ ਅੱਖਾਂ ਦਾਨ ਕਰਨ ਵਾਲਾ ਵਿਅਕਤੀ ਅਗਲੇ ਜਨਮ ਵਿੱਚ ਅੰਨ੍ਹਾ ਪੈਦਾ ਹੁੰਦਾ ਹੈ, ਪੂਰੀ ਅੱਖ ਕੱਢ ਲਈ ਜਾਂਦੀ ਹੈ, ਸਸਕਾਰ ਸਮੇਂ ਆਦਮੀ ਭੱਦਾ ਲੱਗੇਗਾ ਆਦਿ। ਪਰ ਇਹ ਸਭ ਵਹਿਮ ਭਰਮ ਹੀ ਹਨ । ਉਹਨਾਂ ਮੀਡੀਆ ਅਤੇ ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਅੱਖਾਂ ਦਾਨ ਕੀਤੀਆਂ ਜਾਣ ਅਤੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਹਿਯੋਗ ਦਿੱਤਾ ਜਾਵੇ।
- Download Babushahi App
-
-