ਜਿਸ ਸਕੂਲ ਦੇ ਰਿਸੋਰਸ ਰੂਮ ਵਿੱਚ ਬੈਠ ਕੇ ਪੜ੍ਹੀ, ਅੱਜ ਉਸੇ ਸਕੂਲ ਵਿੱਚ ਆਂਗਨਵਾੜੀ ਹੈਲਪਰ ਵਜੋਂ ਦਿੱਤੀ ਨਵੀਂ ਜ਼ਿੰਮੇਵਾਰੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 01 ਸਤੰਬਰ, 2026
ਸੱਚੀ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਤ ਨਹੀਂ ਹੁੰਦੀ, ਸਗੋਂ ਇਹ ਜ਼ਿੰਦਗੀ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਦਾ ਹੌਸਲਾ ਵੀ ਦਿੰਦੀ ਹੈ। ਇਸ ਦੀ ਇੱਕ ਪ੍ਰੇਰਣਾਦਾਇਕ ਮਿਸਾਲ ਸਰਕਾਰੀ ਪ੍ਰਾਇਮਰੀ ਸਕੂਲ ਦੌਲਤਪੁਰ ਦੀ ਵਿਸ਼ੇਸ਼ ਲੋੜਾਂ ਵਾਲੀ (ਸੀ.ਪੀ.) ਵਿਦਿਆਰਥਣ ਰਮਨ ਨੇ ਪੇਸ਼ ਕੀਤੀ ਹੈ, ਜਿਸ ਦੀ ਨਿਯੁਕਤੀ ਹੁਣ ਇਸੇ ਸਕੂਲ ਦੇ ਆਂਗਨਵਾੜੀ ਸੈਂਟਰ ਵਿੱਚ ਆਂਗਨਵਾੜੀ ਹੈਲਪਰ ਵਜੋਂ ਹੋਈ ਹੈ।
ਰਮਨ ਨੇ ਆਪਣੇ ਸਕੂਲੀ ਜੀਵਨ ਦੌਰਾਨ ਇਸੇ ਸਕੂਲ ਦੇ ਰਿਸੋਰਸ ਰੂਮ ਵਿੱਚ ਸਿੱਖਿਆ ਪ੍ਰਾਪਤ ਕੀਤੀ। ਉਸ ਦੇ ਸਿੱਖਿਆ ਦੇ ਸਫ਼ਰ ਨੂੰ ਸਫ਼ਲਤਾ ਦੀ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਆਈ.ਈ.ਏ.ਟੀ. ਅਧਿਆਪਕਾ ਸ਼੍ਰੀਮਤੀ ਕ੍ਰਿਸ਼ਨ ਕੌਰ ਦੀ ਭੂਮਿਕਾ ਬੇਹੱਦ ਅਹਿਮ ਰਹੀ। ਉਨ੍ਹਾਂ ਨੇ ਰਮਨ ਦੀ ਪੜ੍ਹਾਈ ਤੋਂ ਲੈ ਕੇ ਐਨ.ਟੀ.ਟੀ. ਕਰਵਾਉਣ ਅਤੇ ਸਰਕਾਰੀ ਨੌਕਰੀ ਹਾਸਲ ਕਰਨ ਤੱਕ ਹਰ ਪੜਾਅ ’ਤੇ ਉਸ ਦਾ ਪੂਰਾ ਸਾਥ ਦਿੱਤਾ ਅਤੇ ਲੋੜ ਅਨੁਸਾਰ ਮਾਰਗਦਰਸ਼ਨ ਕੀਤਾ।
ਅੱਜ ਰਮਨ ਨੂੰ ਉਸ ਦੀ ਨਵੀਂ ਜ਼ਿੰਮੇਵਾਰੀ ਲਈ ਹਾਜ਼ਰ ਕਰਵਾਉਣ ਮੌਕੇ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਸ਼੍ਰੀਮਤੀ ਨਰਿੰਦਰ ਕੌਰ ਅਤੇ ਫਿਜ਼ਿਓਥੈਰੇਪਿਸਟ ਸ਼੍ਰੀ ਰਵਿੰਦਰ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਰਣਵੀਰ ਸਿੰਘ, ਅਧਿਆਪਕ ਸ਼੍ਰੀ ਨਰਿੰਦਰ ਸਿੰਘ, ਆਂਗਨਵਾੜੀ ਵਰਕਰ ਸ਼੍ਰੀਮਤੀ ਕਿਰਨ ਅਤੇ ਰਮਨ ਦੀ ਮਾਤਾ ਜੀ ਵੀ ਮੌਜੂਦ ਸਨ।
ਆਪਣੀ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਰਮਨ ਨੇ ਕਿਹਾ ਕਿ ਕ੍ਰਿਸ਼ਨ ਕੌਰ ਮੈਡਮ ਦੇ ਨਾਲ-ਨਾਲ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਜ਼ਿਲ੍ਹਾ ਦਫ਼ਤਰ ਦੇ ਆਈ.ਈ.ਡੀ. ਸਟਾਫ਼ ਨੇ ਉਸ ਦਾ ਹਰ ਕਦਮ ’ਤੇ ਸਾਥ ਦਿੱਤਾ ਅਤੇ ਲੋੜ ਅਨੁਸਾਰ ਮਾਰਗਦਰਸ਼ਨ ਕੀਤਾ।
ਰਮਨ ਦੀ ਇਹ ਉਪਲਬਧੀ ਸਿਰਫ਼ ਉਸ ਦੇ ਪਰਿਵਾਰ ਲਈ ਹੀ ਮਾਣ ਦਾ ਪਲ ਨਹੀਂ, ਸਗੋਂ ਸਮਾਵੇਸ਼ੀ ਸਿੱਖਿਆ ਦੀ ਤਾਕਤ ਅਤੇ ਅਧਿਆਪਕਾਂ ਦੀ ਸਮਰਪਿਤ ਭੂਮਿਕਾ ਦੀ ਇੱਕ ਜੀਵੰਤ ਮਿਸਾਲ ਵੀ ਹੈ। ਜਿਸ ਰਿਸੋਰਸ ਰੂਮ ਵਿੱਚ ਕਦੇ ਰਮਨ ਨੇ ਆਪਣੇ ਸੁਪਨਿਆਂ ਨੂੰ ਪੰਖ ਦਿੱਤੇ ਸਨ, ਅੱਜ ਉਸੇ ਸਕੂਲ ਵਿੱਚ ਉਹ ਇੱਕ ਨਵੀਂ ਭੂਮਿਕਾ ਨਾਲ ਆਪਣੀ ਪੇਸ਼ੇਵਰ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੀ ਹੈ।
ਰਮਨ ਦੀ ਕਹਾਣੀ ਇਹ ਸੁਨੇਹਾ ਦਿੰਦੀ ਹੈ ਕਿ ਮੌਕਾ, ਸਹਿਯੋਗ ਅਤੇ ਸਹੀ ਮਾਰਗਦਰਸ਼ਨ ਮਿਲੇ ਤਾਂ ਵਿਸ਼ੇਸ਼ ਲੋੜਾਂ ਵਾਲੇ ਬੱਚੇ ਵੀ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਸਕਦੇ ਹਨ।
- Download Babushahi App
-
-