ਮੁਲਾਜ਼ਮਾਂ ਨਾਲ ਮੀਟਿੰਗ ਨਾ ਕਰਨ ਦੇ ਵਿਰੁੱਧ ਕਾਪੀਆਂ ਸਾੜੀਆਂ
"ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਹੋਵੇਗਾ-ਮਾਨ"
ਪ੍ਰਮੋਦ ਭਾਰਤੀ
ਨਵਾਂਸ਼ਹਿਰ 29 ਅਗਸਤ, 2026
ਸਾਂਝਾ ਮੁਲਾਜ਼ਮ ਫਰੰਟ ਦੇ ਸੱਦੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਮੀਟਿੰਗ ਦੇ ਕੇ ਮੁਕਰਨ ਅਤੇ ਛੁੱਟੀ ਤੇ ਗਏ ਅਧਿਆਪਕਾਂ ਨੂੰ ਪ੍ਰਸੋਨਲ ਵਿਭਾਗ ਵਲੋਂ ਧਮਕੀ ਭਰਿਆਂ ਪੱਤਰ ਜਾਰੀ ਕਰਨ ਦੇ ਵਿਰੋਧ ਵਿੱਚ ਬਲਾਕ ਨਵਾਂ ਸ਼ਹਿਰ ਦੇ ਸਮੂਹ ਅਧਿਆਪਕਾਂ ਅਤੇ ਮੁਲਾਜ਼ਮਾਂ ਵਲੋਂ ਪਿੰਡ ਲੰਗੜੋਆ ਦੇ ਵਿਖੇ ਚੰਡੀਗੜ੍ਹ -ਨਵਾਂ ਸ਼ਹਿਰ ਰੋਡ ਉੱਤੇ ਮੁੱਖ ਮੰਤਰੀ ਦੇ ਟਵੀਟ ਅਤੇ ਪ੍ਰਸੋਨਲ ਵਿਭਾਗ ਦੇ ਪੱਤਰ ਦੀਆਂ ਕਾਪੀਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਗੁਰਦਿਆਲ ਸਿੰਘ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸਾੜੀਆਂ ਗਈਆਂ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਦੇ 6 ਅਗਸਤ ਚੰਡੀਗੜ੍ਹ ਅਤੇ 23 ਅਗਸਤ ਨੂੰ ਸਤੋਜ ਪਿੰਡ ਰੋਹ ਦੇਖਦਿਆਂ ਮੁਲਾਜ਼ਮਾਂ ਨਾਲ ਸੈਕਟਰੀਏਟ ਭਵਨ ਚੰਡੀਗੜ੍ਹ ਮੀਟਿੰਗ ਦਾ ਸੱਦਾ ਦਿੱਤਾ ਸੀ। ਪਰ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਸਥਾਨ ਬਦਲ ਕੇ ਜਲੰਧਰ ਪੀ ਏ ਪੀ ਕਰ ਦਿੱਤਾ ਗਿਆ। ਜਦੋਂ ਸਾਂਝੇ ਫਰੰਟ ਅਤੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾਂ ਮੰਚ ਦੇ ਸਾਥੀ ਜਲੰਧਰ ਪਹੁੰਚੇ ਤਾਂ ਮੁੱਖ ਮੰਤਰੀ ਆਪਣੇ ਬਿਆਨਾਂ ਤੋਂ ਬਦਲ ਗਿਆ ਅਤੇ ਆਪਣੇ ਟਵੀਟਰ ਉੱਤੇ ਟਵੀਟ ਕਰ ਦਿੱਤਾ ਕਿ ਰੋਸ ਧਰਨਾ ਅਤੇ ਮੀਟਿੰਗ ਦੋਵੇਂ ਇੱਕੋ ਸਮੇਂ ਨਹੀਂ ਚੱਲ ਸਕਦੇ। ਜਿਸ ਤੋਂ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਮਾੜੀ ਮਨਸ਼ਾ ਸਾਬਿਤ ਹੋਈ। ਇਨ੍ਹਾਂ ਹੀ ਨਹੀਂ ਮੁਲਾਜ਼ਮਾਂ ਨੂੰ ਡਰਾਉਣ ਹਿੱਤ ਪ੍ਰਸੋਨਲ ਵਿਭਾਗ ਵਲੋਂ ਉਸੇ ਵਕਤ ਇੱਕ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਕਿ ਅੱਜ ਦੇ ਧਰਨੇ ਵਿੱਚ ਜਿਹੜੇ ਕਰਮਚਾਰੀ ਬਿਨ੍ਹਾਂ ਛੁੱਟੀ ਲਏ ਹਾਜ਼ਰ ਹੋਏ ਹਨ, ਉਨ੍ਹਾਂ ਦਾ ਵੇਰਵਾ ਭੇਜਿਆਂ ਜਾਵੇ। ਉਨ੍ਹਾਂ ਕਿਹਾ ਕਿ ਮੁਲਾਜ਼ਮ ਸਰਕਾਰ ਦੀਆਂ ਇਹੋ ਜਿਹੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਸਗੋਂ ਇਸ ਨਾਲ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਗੁੱਸਾ ਹੋਰ ਵੀ ਜ਼ਿਆਦਾ ਵੱਧ ਗਿਆ ਹੈ ਅਤੇ ਸਰਕਾਰ ਨੂੰ ਚੱਲਦਾ ਕਰਨ ਲਈ ਕਮਰ ਕੱਸੇ ਕਰੀ ਬੈਠੇ ਹਨ। ਇਸ ਮੌਕੇ ਸੁਮਿਤ ਸੋਢੀ ਨੇ ਕਿਹਾ ਕਿ ਜੇਕਰ ਮੁਲਾਜ਼ਮ ਸਰਕਾਰ ਬਣਾ ਸਕਦੇ ਹਨ ਤਾਂ 2027 ਵਿੱਚ ਇਸ ਨੂੰ ਚੱਲਦਾ ਕਰਨ ਲਈ ਵੀ ਤੱਤਪਰ ਹੋਏ ਬੈਠੇ ਹਨ।ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਇਸ ਭੁਲੇਖੇ ਵਿੱਚ ਨਾ ਰਹੇ ਕਿ ਬੀਬੀਆਂ ਨੂੰ 1000-1500 ਰੁਪਏ ਪਾਕੇ ਸ਼ਾਇਦ ਵੋਟਾਂ ਖਰੀਦ ਲੈਣਗੇ। ਬੀਬੀਆਂ ਦੀਆਂ ਵੋਟਾਂ ਤਾਂ ਮੁਲਾਜ਼ਮਾਂ ਦੇ ਕਹਿਣ ਉੱਤੇ ਹੀ ਪੈਣੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮੁਲਾਜ਼ਮ ਪਹਿਲੀਆਂ ਸਰਕਾਰਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਣ ਤੋਂ ਰੋਕ ਸਕਦੇ ਹਨ,ਤਾਂ ਤੁਹਾਨੂੰ ਵੀ ਪੌੜੀਆਂ ਚੜ੍ਹਨ ਤੋਂ ਰੋਕਣਦੀ ਸਮਰੱਥਾ ਰੱਖਦੇ ਹਨ। ਇਸ ਮੌਕੇ ਇੱਕਠੇ ਹੋਏ ਮੁਲਾਜ਼ਮਾਂ ਵਲੋਂ ਸਰਕਾਰ ਵਿਰੁੱਧ ਰੱਜਕੇ ਨਾਹਰੇਬਾਜੀ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਮਨਮੋਹਨ ਸਿੰਘ, ਨਵਨੀਤ ਸਿੰਘ, ਰਣਵੀਰ ਸਿੰਘ, ਨਰਿੰਦਰ ਸਿੰਘ, ਸੱਤਪਾਲ, ਵਨੀਤਾ ਕੁਮਾਰੀ,ਕਲਪਨਾ,ਆਸ਼ਾ ਰਾਣੀ,ਗਗਨਦੀਪ, ਬਲਵਿੰਦਰ, ਸ਼ੈਲੀ ਜੈਰਥ,, ਨੀਰਜ਼ ਬਾਲ, ਰੇਖਾ ਸਰੀਨ, ਹਰਵਿੰਦਰ ਕੌਰ, ਸਤਿੰਦਰ ਕੌਰ, ਪ੍ਰਦੀਪ ਸਿੰਘ, ਇੰਦਰਜੀਤ, ਗੁਰਪ੍ਰੀਤ ਕੌਰ, ਮੀਨਾ ਰਾਣੀ, ਕਿਰਨਦੀਪ ਕੌਰ ਅਤੇ ਸ਼ਾਲੀਨਤਾ ਭਨੋਟ ਆਦਿ ਹਾਜ਼ਰ ਸਨ।
- Download Babushahi App
-
-