ਲੈਮਰਿਨ ਯੂਨੀਵਰਸਿਟੀ ਦੇ ਨੌਜਵਾਨਾਂ ਦਾ ਸੰਕਲਪ—ਨਸ਼ਿਆਂ ਤੋਂ ਦੂਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ 29 ਅਗਸਤ, 2026
ਨੌਜਵਾਨਾਂ ਨੂੰ ਖੇਡਾਂ, ਸਰੀਰਕ ਤੰਦਰੁਸਤੀ ਅਤੇ ਸਿਹਤਮੰਦ ਜੀਵਨ-ਸ਼ੈਲੀ ਨਾਲ ਜੋੜਨ ਦੇ ਉਦੇਸ਼ ਨਾਲ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵੱਲੋਂ ਨੈਸ਼ਨਲ ਸਪੋਰਟਸ ਡੇਅ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਵਿੱਚ ‘ਖੇਲੋ ਇੰਡੀਆ ਡਾਇਲਾਗ’ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਨੌਜਵਾਨਾਂ ਨਾਲ ਕੀਤੀ ਗਈ ਗੱਲਬਾਤ ਦਾ ਸਿੱਧਾ ਪ੍ਰਸਾਰਣ ਦੇਖਿਆ।
ਇਸ ਪ੍ਰੇਰਣਾਦਾਇਕ ਮੌਕੇ ’ਤੇ ਵਿਦਿਆਰਥੀਆਂ ਨੇ ਖੇਡਾਂ ਅਤੇ ਫਿਟਨੈੱਸ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾਉਣ ਦਾ ਸੰਕਲਪ ਲਿਆ। ਪ੍ਰੋਗਰਾਮ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ, ਨਿਯਮਿਤ ਸਰੀਰਕ ਕਿਰਿਆਵਾਂ ਕਰਨ ਅਤੇ ਨਸ਼ਿਆਂ ਵਰਗੀ ਸਮਾਜਿਕ ਬੁਰਾਈ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਸੀ।
ਇਸ ਮੌਕੇ ਕੋਆਰਡੀਨੇਟਰ ਰਤਨ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਹਰ ਤਰ੍ਹਾਂ ਦੇ ਨਸ਼ੇ ਤੋਂ ਦੂਰ ਰਹਿਣ ਅਤੇ ਰੋਜ਼ਾਨਾ ਘੱਟੋ-ਘੱਟ ਇੱਕ ਘੰਟਾ ਸਰੀਰਕ ਕਸਰਤ ਜਾਂ ਖੇਡ ਗਤੀਵਿਧੀ ਲਈ ਸਮਰਪਿਤ ਕਰਨ ਦਾ ਪ੍ਰਣ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਕਲਪ ਇੱਕ ਤੰਦਰੁਸਤ, ਸਿਹਤਮੰਦ ਅਤੇ ਨਸ਼ਾ-ਮੁਕਤ ਭਾਰਤ ਦੀ ਉਸਾਰੀ ਵੱਲ ਮਹੱਤਵਪੂਰਨ ਕਦਮ ਹੈ।
ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਦਾ ਸਾਧਨ ਨਹੀਂ, ਸਗੋਂ ਨੌਜਵਾਨਾਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ-ਭਾਵਨਾ, ਅਗਵਾਈ ਦੇ ਗੁਣ ਅਤੇ ਮੁਸ਼ਕਲ ਹਾਲਾਤਾਂ ਨਾਲ ਜੂਝਣ ਦੀ ਸਮਰੱਥਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਅਤੇ ਉਸਾਰੂ ਗਤੀਵਿਧੀਆਂ ਵੱਲ ਮੋੜਨਾ ਨਸ਼ਿਆਂ ਦੀ ਲਾਹਨਤ ਨੂੰ ਠੱਲ੍ਹ ਪਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਵਾਈਸ ਚਾਂਸਲਰ ਡਾ. ਏ. ਐੱਸ. ਚਾਵਲਾ ਨੇ ਯੂਨੀਵਰਸਿਟੀ ਦੇ ਐੱਨ.ਐੱਸ.ਐੱਸ. ਵਲੰਟੀਅਰਾਂ ਵੱਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਖੇਡਾਂ ਅਤੇ ਫਿਟਨੈੱਸ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਰੀਰਕ ਤੌਰ ’ਤੇ ਤੰਦਰੁਸਤ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਨੌਜਵਾਨ ਹੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ।
ਡਾ. ਚਾਵਲਾ ਨੇ ਵਿਦਿਆਰਥੀਆਂ ਨੂੰ ਫਿਟਨੈੱਸ ਨੂੰ ਸਿਰਫ਼ ਕਿਸੇ ਇੱਕ ਦਿਨ ਤੱਕ ਸੀਮਿਤ ਨਾ ਰੱਖਣ, ਸਗੋਂ ਇਸ ਨੂੰ ਜੀਵਨ ਭਰ ਦੀ ਆਦਤ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਨੁਸ਼ਾਸਨ, ਦ੍ਰਿੜ੍ਹ ਇਰਾਦੇ ਅਤੇ ਸਿਹਤਮੰਦ ਜੀਵਨ-ਸ਼ੈਲੀ ਰਾਹੀਂ ਨੌਜਵਾਨ ਨਾ ਸਿਰਫ਼ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹਨ, ਬਲਕਿ ਦੇਸ਼ ਦੀ ਤਰੱਕੀ ਵਿੱਚ ਵੀ ਅਹਿਮ ਯੋਗਦਾਨ ਪਾ ਸਕਦੇ ਹਨ।
ਯੂਨੀਵਰਸਿਟੀ ਨੇ ਨੌਜਵਾਨਾਂ ਦੇ ਸਸ਼ਕਤੀਕਰਨ, ਖੇਡਾਂ ਅਤੇ ਫਿਟਨੈੱਸ ਨੂੰ ਉਤਸ਼ਾਹਿਤ ਕਰਨ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ‘ਤੰਦਰੁਸਤ, ਮਜ਼ਬੂਤ ਅਤੇ ਵਿਕਸਿਤ ਭਾਰਤ’ ਦੇ ਰਾਸ਼ਟਰੀ ਸੁਪਨੇ ਨੂੰ ਸਾਕਾਰ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੰਕਲਪ ਪ੍ਰਗਟਾਇਆ।
ਪ੍ਰੋਗਰਾਮ ਦੇ ਅੰਤ ਵਿੱਚ ਵਿਦਿਆਰਥੀਆਂ ਨੇ ਨਸ਼ਿਆਂ ਨੂੰ ‘ਨਾ’, ਖੇਡਾਂ ਨੂੰ ‘ਹਾਂ’ ਕਹਿੰਦਿਆਂ ਸਰੀਰਕ ਤੌਰ ’ਤੇ ਸਰਗਰਮ ਰਹਿਣ ਅਤੇ ਇੱਕ ਸਿਹਤਮੰਦ, ਮਜ਼ਬੂਤ ਤੇ ਜ਼ਿੰਮੇਵਾਰ ਭਾਰਤ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਪਾਉਣ ਦਾ ਨਵਾਂ ਸੰਕਲਪ ਲਿਆ।
- Download Babushahi App
-
-