ਤਰਨਜੋਤ ਵੈਲਫੇਅਰ ਸੁਸਾਇਟੀ ਬੱਲ੍ਹੋ ਅਤੇ ਪੰਚਾਇਤ ਨੇ ਮਨਾਇਆ 'ਰਾਸ਼ਟਰੀ ਲਾਇਬ੍ਰੇਰੀਅਨ ਡੇ'
ਅਸ਼ੋਕ ਵਰਮਾ
ਰਾਮਪੁਰਾ ਫੂਲ, 12 ਅਗਸਤ 2026 : ਗ੍ਰਾਮ ਪੰਚਾਇਤ ਬੱਲ੍ਹੋ ਅਤੇ ਤਰਨਜੋਤ ਵੈਲਫੇਅਰ ਸੁਸਾਇਟੀ ਦੇ ਸਾਂਝੇ ਯਤਨਾਂ ਨਾਲ ਪਿੰਡ ਦੀ ਯੂਥ ਲਾਇਬ੍ਰੇਰੀ ਵਿਖੇ ਭਾਰਤ ਵਿੱਚ ਲਾਇਬ੍ਰੇਰੀ ਵਿਗਿਆਨ ਦੇ ਪਿਤਾਮਾ ਡਾ. ਐਸ. ਆਰ. ਰੰਗਨਾਥਨ ਦੇ ਜਨਮ ਦਿਨ ਨੂੰ ਸਮਰਪਿਤ 'ਰਾਸ਼ਟਰੀ ਲਾਇਬ੍ਰੇਰੀਅਨ ਡੇ' ਬੜੇ ਹੀ ਉਤਸ਼ਾਹ ਤੇ ਭਾਵਪੂਰਤ ਢੰਗ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਕੇਕ ਕੱਟਕੇ ਲਾਇਬ੍ਰੇਰੀ 'ਚ ਬਹਿਤਰੀਨ ਸੇਵਾਵਾਂ ਨਿਭਾਉਣ ਬਦਲੇ ਲਾਇਬ੍ਰੇਰੀਅਨ ਰਾਜਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਅਮਰਜੀਤ ਕੌਰ ਨੇ ਡਾ. ਰੰਗਨਾਥਨ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਦਿੱਤੇ 'ਲਾਇਬ੍ਰੇਰੀ ਸਾਇੰਸ ਦੇ 5 ਨਿਯਮਾਂ' ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।
ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਸਿਰਫ਼ ਕਿਤਾਬਾਂ ਰੱਖਣ ਦੀ ਜਗ੍ਹਾ ਨਹੀਂ, ਸਗੋਂ ਚੰਗੇ ਵਿਚਾਰਾਂ ਅਤੇ ਇਨਕਲਾਬੀ ਸੋਚ ਦਾ ਕੇਂਦਰ ਹੈ। ਪਿੰਡ ਦੇ ਬੱਚਿਆਂ ਤੇ ਨੌਜਵਾਨਾਂ ਵਿੱਚ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਲਈ ਜਲਦ ਹੀ ਇੱਕ ਉੱਚ ਪੱਧਰੀ ਮੁਹਿੰਮ ਵਿੱਢੀ ਜਾਵੇਗੀ।
ਤਰਨਜੋਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਟੋਫੀ ਨੇ ਪਿੰਡ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਬਚਾ ਕੇ ਲਾਇਬ੍ਰੇਰੀ ਨਾਲ ਜੋੜਨ। ਉਨ੍ਹਾਂ ਕਿਹਾ ਕਿ ਇੱਕ ਚੰਗੀ ਕਿਤਾਬ ਮਨੁੱਖ ਅੰਦਰ ਨਵੀਂ ਸੋਚ ਨੂੰ ਜਨਮ ਦਿੰਦੀ ਹੈ ਅਤੇ ਇੱਕ ਮਿਆਰੀ ਲਾਇਬ੍ਰੇਰੀ ਪੂਰੀ ਪੀੜ੍ਹੀ ਦਾ ਭਵਿੱਖ ਬਦਲਣ ਦੀ ਸਮਰੱਥਾ ਰੱਖਦੀ ਹੈ।
ਇਸ ਮੋਕੇ ਡਾਕਟਰ ਰਾਘਵ ਸ਼ਰਮਾ ,ਮੁੱਖ ਬੁਲਾਰਾ ਭੁਪਿੰਦਰ ਸਿੰਘ ਜਟਾਣਾ, ਕੇਵਲ ਸਿੰਘ, ਕਰਮਜੀਤ ਸਿੰਘ , ਪੰਚ ਹਾਕਮ ਸਿੰਘ, ਪੰਚ ਜਗਸੀਰ ਸਿੰਘ, ਪੰਚ ਰਾਜਵੀਰ ਕੌਰ ਅਤੇ ਪੰਚ ਹਰਵਿੰਦਰ ਕੌਰ ਵੀ ਹਾਜ਼ਰ ਸਨ।
- Download Babushahi App
-
-