ਸਿਹਤ ਵਿਭਾਗ ਦੀ ਕ੍ਰਿਕਟ ਟੀਮ ਕਰੇਗੀ ਬੇਟੀ ਬਚਾਓ, ਬੇਟੀ ਪੜ੍ਹਾਉ ਮੁਹਿੰਮ ਸਬੰਧੀ ਪ੍ਰਚਾਰ ਪਸਾਰ
ਅਸ਼ੋਕ ਵਰਮਾ
ਬਠਿੰਡਾ, 12 ਅਗਸਤ 2026 :ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਧੀਆਂ ਦੀ ਸੁਰੱਖਿਆ, ਸਿੱਖਿਆ ਅਤੇ ਸਸ਼ਕਤੀਕਰਨ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਬਠਿੰਡਾ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਲੜੀ ਤਹਿਤ ਚੱਲ ਰਹੀ ਜਾਗਰੂਕਤਾ ਵਿੱਚ ਵਾਧਾ ਕਰਦਿਆਂ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਵੱਲੋਂ ਸਿਹਤ ਵਿਭਾਗ ਬਠਿੰਡਾ ਦੀ ਕ੍ਰਿਕਟ ਟੀਮ ਅਤੇ ਜੋਗਰ ਪਾਰਕ ਦੀ ਬੈਡਮਿੰਟਨ ਟੀਮ ਦੇ ਖਿਡਾਰੀਆਂ ਨੂੰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਸੰਦੇਸ਼ ਵਾਲੀਆਂ ਜਰਸੀਆਂ ਦੀ ਵੰਡ ਕੀਤੀ ਗਈ ।
ਇਸ ਮੌਕੇ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਕਿਹਾ ਕਿ ਧੀਆਂ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਨੂੰ ਜਨਮ ਲੈਣ,ਸਿੱਖਿਆ, ਸਿਹਤ, ਖੇਡਾਂ ਤੋਂ ਇਲਾਵਾ ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚ ਅੱਗੇ ਵਧਣ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਦਾ ਉਦੇਸ਼ ਸਮਾਜ ਵਿੱਚ ਧੀਆਂ ਪ੍ਰਤੀ ਸਕਾਰਾਤਮਕ ਸੋਚ ਪੈਦਾ ਕਰਨਾ ਅਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਹੈ।
ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਧੀਆਂ ਨੂੰ ਪੜ੍ਹਾਉਣਾ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਦੇਣਾ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧੀਆਂ ਦੀ ਸਿੱਖਿਆ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਖੇਡਾਂ ਸਮੇਤ ਹਰ ਖੇਤਰ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰਨ।
ਸੀਨੀਅਰ ਮੈਡੀਕਲ ਅਫ਼ਸਰ ਡਾ ਅਰੁਣ ਬਾਂਸਲ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਸਿਹਤਮੰਦ ਜੀਵਨਸ਼ੈਲੀ ਅਤੇ ਟੀਮ ਭਾਵਨਾ ਪੈਦਾ ਕਰਨ ਦਾ ਮਹੱਤਵਪੂਰਨ ਸਾਧਨ ਹਨ। ਖੇਡ ਟੀਮਾਂ ਨੂੰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਸੰਦੇਸ਼ ਦੇਣ ਵਾਲੀਆਂ ਜਰਸੀਆਂ ਪ੍ਰਦਾਨ ਕਰਨ ਦਾ ਉਦੇਸ਼ ਵੀ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ।
ਇਸ ਮੌਕੇ ਸਿਹਤ ਵਿਭਾਗ ਦੀ ਕ੍ਰਿਕਟ ਟੀਮ ਦੇ ਕਪਤਾਨ ਕਮ ਕੋਚ ਨਰਿੰਦਰ ਕੁਮਾਰ ਨੇ ਕਿਹਾ ਕਿ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਅਧਿਕਾਰੀ/ਕਰਮਚਾਰੀ ਆਪਣੀ ਰੋਜਾਨਾਂ ਜਿੰਦਗੀ ਵਿੱਚ ਦਫ਼ਤਰ ਅਤੇ ਘਰ ਦੇ ਕੰਮਾਂ ਤੱਕ ਹੀ ਸੀਮਤ ਹੋ ਚੁੱਕੇ ਹਨ । ਉਹਨਾਂ ਨੂੰ ਚਾਹੀਦਾ ਹੈ ਕਿ ਉਹ ਗਰਾਂਉਡ ਵਿੱਚ ਜਾ ਕੇ ਕਿਸੇ ਵੀ ਤਰ੍ਹਾਂ ਦੀ ਖੇਡ ਖੇਡਣ ਤਾਂ ਕਿ ਉਹਨਾਂ ਦਾ ਤਨ ਅਤੇ ਮਨ ਸਵੱਸਥ, ਤੰਦਰੁਸਤ ਅਤੇ ਦਿਮਾਗ ਤਰੋ ਤਾਜਾ ਰਹੇ । ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਦਫ਼ਤਰੀ ਕੰਮਾਂ ਦੇ ਨਾਲ ਨਾਲ ਘਰ ਦੇ ਕੰਮਾਂ ਵਿੱਚ ਵੀ ਨਿਖਾਰ ਲਿਆ ਸਕਦੇ ਹਨ । ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਅਨੁਪਮਾ ਸ਼ਰਮਾ, ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ, ਐਮ.ਡੀ.ਮੈਡੀਸਨ ਡਾ ਜਗਰੂਪ, ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਅਤੇ ਲਖਵਿੰਦਰ ਸਿੰਘ ਅਤੇ ਬੀ.ਈ.ਈ ਮਾਲਵਿੰਦਰ ਸਿੰਘ ਤਿਉਣਾ ਅਤੇ ਦੋਨਾਂ ਟੀਮਾਂ ਦੇ ਖਿਡਾਰੀ ਹਾਜ਼ਰ ਸਨ ।
- Download Babushahi App
-
-