ਬਠਿੰਡਾ ਜ਼ਿਲ੍ਹੇ ਵਿੱਚ 10 ਅਗਸਤ ਨੂੰ ਦਿੱਤੀ ਜਾਵੇਗੀ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਗੋਲੀ - ਸਿਵਲ ਸਰਜਨ
17 ਅਗਸਤ ਨੂੰ ਮਨਾਇਆ ਜਾਵੇਗਾ ਮੋਪ-ਅਪ ਡੇਅ
ਅਸ਼ੋਕ ਵਰਮਾ
ਬਠਿੰਡਾ ,8 ਅਗਸਤ 2026 :ਸਿਹਤ ਵਿਭਾਗ ਪੰਜਾਬ ਵੱਲੋਂ ਬੱਚਿਆਂ ਵਿੱਚ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਮਿਤੀ 10 ਅਗਸਤ 2026 ਨੂੰ ਡੀ-ਵਰਮਿੰਗ ਦਿਵਸ ਮਨਾਇਆ ਜਾਵੇਗਾ । ਇਸ ਦਿਨ ਜਿਲੇ ਦੇ 1014 ਸਕੂਲਾਂ ਅਤੇ 1392 ਆਂਗਣਵਾੜੀ ਸੈਂਟਰਾਂ ਵਿੱਚ 2,66,297 ਇੱਕ ਸਾਲ ਤੋਂ ਉਨੀਂ ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਐਲਬੈਂਡਾਜੋਲ ਦੀ ਮੁਫਤ ਗੋਲੀ ਦਿੱਤੀ ਜਾਵੇਗੀ । ਇਸ ਸਬੰਧੀ ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਵੱਲੋਂ ਪੋਸਟਰ ਵੀ ਰੀਲੀਜ਼ ਕੀਤੇ ਗਏ । ਪੋਸਟਰ ਰੀਲੀਜ ਮੌਕੇ ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ,ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ, ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ,ਜਿਲ੍ਹਾ ਬੀ.ਸੀ.ਸੀ ਨਰਿੰਦਰ ਕੁਮਾਰ , ਬੀ.ਈ.ਈ ਮਾਲਵਿੰਦਰ ਸਿੰਘ ਤਿਉਣਾ ਅਤੇ ਆਰ.ਬੀ.ਐਸ.ਕੇ ਕੁਆਰਡੀਨੇਟਰ ਮਨਫੂਲ ਸਿੰਘ ਹਾਜਰ ਸਨ ।
ਇਸ ਸਬੰਧੀ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਨੇ ਦੱਸਿਆ ਕਿ ਸਰਕਾਰ ਦੀ ਹਦਾਇਤਾਂ ਅਨੁਸਾਰ ਮਿਤੀ 10 ਅਗਸਤ ਨੂੰ ਸਰਕਾਰੀ, ਪ੍ਰਾਈਵੇਟ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਡੀ-ਵਰਮਿੰਗ ਦਿਵਸ ਮਨਾਇਆ ਜਾਵੇਗਾ ਅਤੇ ਜਿਲ੍ਹਾ ਸਿੱਖਿਆ ਅਫਸਰ ਜਿਲੇ ਦੇ ਸਮੂਹ ਸਕੂਲਾਂ ਦੀ ਦੇਖਰੇਖ ਕਰਨਗੇ । ਉਹਨਾਂ ਦੱਸਿਆ ਕਿ ਆਂਗਣਵਾੜੀ ਤੇ ਰਜਿਸਟਰਡ ਬੱਚਿਆਂ ਅਤੇ ਕਿਸੇ ਵੀ ਸਕੂਲ ਜਾਂ ਆਂਗਣਵਾੜੀ ਜਾਣ ਵਾਲੇ ਬੱਚਿਆਂ ਨੂੰ ਆਸ਼ਾ ਵਰਕਰਾਂ ਵੱਲੋਂ ਉਹਨਾਂ ਦੇ ਘਰਾਂ ਵਿੱਚ ਗੋਲੀ ਆਪਣੀ ਦੇਖਰੇਖ ਵਿੱਚ ਦਿੱਤੀ ਜਾਵੇਗੀ । ਉਹਨਾਂ ਦੱਸਿਆ ਕਿ 10 ਅਗਸਤ 2026 ਨੂੰ ਕਿਸੇ ਕਾਰਣ ਗੋਲੀ ਲੈਣ ਤੋਂ ਵਾਂਝੇ ਰਹਿਣ ਵਾਲੇ ਬੱਚਿਆਂ ਨੂੰ ਮਿਤੀ 17 ਅਗਸਤ 2026 ਨੂੰ ਮੋਪ ਅਪ ਡੇ ਵਾਲੇ ਦਿਨ ਗੋਲੀ ਦਿੱਤੀ ਜਾਵੇਗੀ ।
ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਬੱਚਿਆਂ ਵਿੱਚ ਪੇਟ ਦੇ ਕੀੜੇ ਹੋਣ ਕਾਰਣ ਉਹਨਾਂ ਵਿੱਚ ਆਇਰਨ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਣ ਉਹਨਾਂ ਨੂੰ ਕਈ ਤਰਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਬੱਚਿਆਂ ਦੁਆਰਾ ਨੰਗੇ ਪੈਰ ਮਿੱਟੀ ਵਿੱਚ ਖੇਡਣ ਨਾਲ, ਬਿਨਾ ਹੱਥ ਧੋਏ ਖਾਣ ਪੀਣ ਨਾਲ ਜਾਂ ਆਪਣੇ ਆਲੇ ਦੁਆਲੇ ਸਾਫ ਸਫਾਈ ਨਾ ਰੱਖਣ ਨਾਲ ਬੱਚਿਆਂ ਦੇ ਪੇਟ ਵਿੱਚ ਕੀੜੇ ਚਲੇ ਜਾਂਦੇ ਹਨ । ਜਿਸ ਕਾਰਣ ਬੱਚਿਆਂ ਨੂੰ ਪੇਟ ਦਰਦ ਕਰਨ, ਉਲਟੀਆਂ ਟੱਟੀਆਂ ਦੇ ਨਾਲ ਹੋਰ ਵੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਸੋ ਪੇਟ ਦੇ ਇਹਨਾਂ ਕੀੜਿਆਂ ਨੂੰ ਖਤਮ ਕਰਨ ਅਤੇ ਬੱਚੇ ਦੀ ਚੰਗੀ ਸਿਹਤ ਲਈ ਹਰ ਛੇ ਮਹੀਨਿਆਂ ਬਾਅਦ ਐਲਬੈਂਡਾਜੋਲ ਦੀ ਗੋਲੀ ਦੇਣਾ ਅਤਿ ਜਰੂਰੀ ਹੈ । ਉਹਨਾਂ ਦੱਸਿਆ ਕਿ ਇੱਕ ਤੋਂ ਦੋ ਸਾਲ ਦੇ ਬੱਚਿਆਂ ਨੂੰ ਐਲਬੈਂਡਾਜੋਲ ਦੀ ਅੱਧੀ ਗੋਲੀ ਜਾਂ ਸਿਰਪ ਅਤੇ ਦੋ ਸਾਲ ਤੋਂ ਉਪਰ ਦੇ ਬੱਚਿਆਂ ਨੂੰ ਪੂਰੀ ਗੋਲੀ ਦਿੱਤੀ ਜਾਵੇ ।
ਬੱਚਿਆਂ ਨੂੰ ਗੋਲੀ ਖਾਣਾ ਖਾਣ ਤੋਂ ਬਾਅਦ ਦਿੱਤੀ ਜਾਵੇ ਖਾਲੀ ਪੇਟ ਕਿਸੇ ਵੀ ਬੱਚੇ ਨੂੰ ਐਲਬੈਂਡਾਜੋਲ ਦੀ ਗੋਲੀ ਨਾ ਦਿੱਤੀ ਜਾਵੇ । ਦੂਜੀ ਖਾਸ ਗੱਲ ਕਿ ਹਰ ਬੱਚੇ ਵੱਲੋਂ ਗੋਲੀ ਚਬਾਕੇ ਲਈ ਜਾਵੇ ਇਹ ਗੋਲੀ ਖਾਣ ਵਿੱਚ ਮਿੱਠੀ ਹੈ । ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਅਧਿਆਪਕ ਦੀ ਨਿਗਰਾਨੀ ਵਿੱਚ ਹੀ ਬੱਚਿਆਂ ਨੂੰ ਗੋਲੀ ਦਿੱਤੀ ਜਾਵੇ ।
- Download Babushahi App
-
-