ਏ.ਡੀ.ਸੀ. ਵੱਲੋਂ ਫਰਮ ਵੀਜ਼ਾ ਪੈਲੇਸ ਦਾ ਲਾਇਸੰਸ ਰੱਦ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 07 ਅਗਸਤ, 2026: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਫਰਮ ਵੀਜ਼ਾ ਪੈਲੇਸ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਫਰਮ ਵੀਜ਼ਾ ਪੈਲੇਸ ਐੱਸ.ਸੀ.ਐੱਫ. ਨੰਬਰ 20, ਪਹਿਲੀ ਮੰਜ਼ਿਲ, ਫੇਜ਼-3ਏ, ਮੋਹਾਲੀ ਦੇ ਮਾਲਕ ਅਮਰਜੀਤ ਸਿੰਘ ਨੂੰ ਕੰਸਲਟੈਂਸੀ ਦੇ ਕੰਮ ਲਈ ਜਾਰੀ ਲਾਇਸੰਸ ਨੰਬਰ 541/ਆਈ.ਸੀ., ਮਿਤੀ 22 ਫਰਵਰੀ 2023 ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ।
ਏ.ਡੀ.ਸੀ. ਨੇ ਦੱਸਿਆ ਕਿ ਦਫ਼ਤਰੀ ਰਿਕਾਰਡ ਅਨੁਸਾਰ ਲਾਇਸੰਸ ਧਾਰਕ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ, 2012 ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਗਈ। ਇਸ ਤੋਂ ਪਹਿਲਾਂ 17 ਜੁਲਾਈ 2025 ਨੂੰ ਲਾਇਸੰਸ ਮੁਅੱਤਲ ਕਰਕੇ ਸਪੱਸ਼ਟੀਕਰਨ ਮੰਗਿਆ ਗਿਆ ਸੀ, ਪਰ ਲਾਇਸੰਸ ਧਾਰਕ ਵੱਲੋਂ ਕੋਈ ਜਵਾਬ ਪੇਸ਼ ਨਹੀਂ ਕੀਤਾ ਗਿਆ।
ਇਸ ਤੋਂ ਇਲਾਵਾ ਪੁਲਿਸ ਵਿਭਾਗ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਲਾਇਸੰਸ ਧਾਰਕ ਅਤੇ ਫਰਮ ਖ਼ਿਲਾਫ਼ ਇਮੀਗ੍ਰੇਸ਼ਨ ਐਕਟ ਅਤੇ ਹੋਰ ਫੌਜਦਾਰੀ ਧਾਰਾਵਾਂ ਤਹਿਤ ਵੱਖ-ਵੱਖ ਮੁਕੱਦਮੇ ਦਰਜ ਹਨ। ਦਫ਼ਤਰ ਨੂੰ ਫਰਮ ਖ਼ਿਲਾਫ਼ ਕਈ ਸ਼ਿਕਾਇਤਾਂ ਵੀ ਪ੍ਰਾਪਤ ਹੋਈਆਂ, ਜਿਨ੍ਹਾਂ ਦੀ ਪੜਤਾਲ ਲਈ ਉਪ ਮੰਡਲ ਮੈਜਿਸਟ੍ਰੇਟ, ਮੋਹਾਲੀ ਨੂੰ ਭੇਜਿਆ ਗਿਆ ਸੀ।
ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ, 2012 ਦੀਆਂ ਧਾਰਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸਮਰੱਥ ਅਥਾਰਟੀ ਵੱਲੋਂ ਲਾਇਸੰਸ ਦੀਆਂ ਸ਼ਰਤਾਂ ਦੀ ਉਲੰਘਣਾ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ ਹੈ।
ਏ.ਡੀ.ਸੀ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ, 2012 ਦੀ ਧਾਰਾ 6 (1) (ਈ) ਅਤੇ ਨਿਯਮ 4 (1) (iv) ਦੇ ਉਪਬੰਧਾਂ ਤਹਿਤ ਫਰਮ ਵੀਜ਼ਾ ਪੈਲੈਸ ਨੂੰ ਜਾਰੀ ਲਾਇਸੰਸ ਨੰ:541/ਆਈ.ਸੀ., ਮਿਤੀ 22 ਫਰਵਰੀ 2023 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਐਕਟ/ਰੂਲਾਂ ਵਿੱਚ ਦਰਸਾਏ ਅਨੁਸਾਰ ਉਕਤ ਪ੍ਰਾਰਥੀ/ਫਰਮ/ਫਰਮ ਦੇ ਮਾਲਕ ਖਿਲਾਫ ਭਵਿੱਖ ਵਿੱਚ ਜੇਕਰ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਪ੍ਰਾਰਥੀ/ਫਰਮ/ਫਰਮ ਦਾ ਮਾਲਕ ਹਰ ਪੱਖੋਂ ਉਸ ਦੀ ਭਰਪਾਈ ਕਰਨ ਲਈ ਖੁਦ ਜ਼ਿੰਮੇਵਾਰ ਹੋਵੇਗਾ।
- Download Babushahi App
-
-