ਬਰਨਾਲਾ 'ਚ ਖਾਲੀ ਸਿਲੰਡਰ ਨੂੰ ਲੈ ਕੇ ਖੂਨੀ ਝੜਪ: ਤੁਲਸੀ ਕਿਰਿਆਨਾ ਸਟੋਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ; 2 ਗੰਭੀਰ ਜ਼ਖ਼ਮੀ, ਹਸਪਤਾਲ ਦਾਖਲ
Kamaljeet singh
ਬਰਨਾਲਾ, 3 ਅਗਸਤ 2026:
ਬਰਨਾਲਾ ਦੇ ਬੱਸ ਸਟੈਂਡ ਰੋਡ 'ਤੇ ਸਥਿਤ ਤੁਲਸੀ ਕਿਰਿਆਨਾ ਸਟੋਰ 'ਚ ਖਾਲੀ ਗੈਸ ਸਿਲੰਡਰ ਨੂੰ ਲੈ ਕੇ ਸ਼ੁਰੂ ਹੋਇਆ ਮਾਮੂਲੀ ਵਿਵਾਦ ਦੇਰ ਸ਼ਾਮ ਹਿੰਸਕ ਝੜਪ ਵਿੱਚ ਤਬਦੀਲ ਹੋ ਗਿਆ। ਸਵੇਰ ਦੀ ਤਕਰਾਰ ਦੀ ਰੰਜਿਸ਼ ਰੱਖਦਿਆਂ ਕੁਝ ਵਿਅਕਤੀਆਂ ਨੇ ਦੁਕਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਸਵੇਰੇ ਗੈਸ ਸਿਲੰਡਰ ਸਪਲਾਈ ਕਰਨ ਵਾਲਾ ਵਿਅਕਤੀ ਤੁਲਸੀ ਕਿਰਿਆਨਾ ਸਟੋਰ 'ਤੇ ਸਿਲੰਡਰ ਦੇਣ ਆਇਆ ਸੀ, ਪਰ ਦੁਕਾਨਦਾਰ ਕੋਲ ਖਾਲੀ ਸਿਲੰਡਰ ਨਾ ਹੋਣ ਕਾਰਨ ਦੋਵਾਂ ਧਿਰਾਂ ਵਿਚਾਲੇ ਬਹਿਸ ਹੋ ਗਈ, ਜੋ ਹੱਥੋਪਾਈ ਤੱਕ ਪਹੁੰਚ ਗਈ। ਇਸ ਦੌਰਾਨ ਸਿਲੰਡਰ ਸਪਲਾਈ ਕਰਨ ਵਾਲਾ ਵਿਅਕਤੀ ਜ਼ਖ਼ਮੀ ਹੋ ਗਿਆ ਸੀ। ਜ਼ਖ਼ਮੀ ਦੁਕਾਨਦਾਰ ਨੇ ਦੋਸ਼ ਲਗਾਇਆ ਕਿ ਸਵੇਰ ਦੀ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਦੇਖ ਲੈਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਅਤੇ ਦੇਰ ਸ਼ਾਮ 7 ਤੋਂ 8 ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਦੁਕਾਨ 'ਤੇ ਅਚਾਨਕ ਹਮਲਾ ਕਰ ਦਿੱਤਾ।
ਸਿਵਲ ਹਸਪਤਾਲ ਦੇ ਡਾਕਟਰ ਅਨੁਸਾਰ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ ਅਤੇ ਮੈਡੀਕੋ-ਲੀਗਲ ਰਿਪੋਰਟ ਤਿਆਰ ਕਰਕੇ ਪੁਲਿਸ ਨੂੰ ਭੇਜ ਦਿੱਤੀ ਗਈ ਹੈ। ਬੱਸ ਸਟੈਂਡ ਚੌਂਕੀ ਇੰਚਾਰਜ ਨੇ ਦੱਸਿਆ ਕਿ ਸਵੇਰ ਦੇ ਝਗੜੇ ਸਬੰਧੀ ਲਿਖਤੀ ਸ਼ਿਕਾਇਤ ਮਿਲੀ ਸੀ। ਸ਼ਾਮ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
- Download Babushahi App
-
-