ਪੰਜਾਬ ਕਾਂਗਰਸ 'ਚ ਧੜੇਬੰਦੀ ਜੱਗ-ਜਾਹਰ: ਮਦਨ ਲਾਲ ਜਲਾਲਪੁਰ ਦੀ ਸਸਪੈਂਸ਼ਨ ਤੋਂ ਬਾਅਦ ਚੰਨੀ ਪਹੁੰਚੇ ਘਰ, ਵੜਿੰਗ 'ਤੇ ਵਿੰਨ੍ਹੇ ਨਿਸ਼ਾਨੇ
ਕਾਂਗਰਸ 'ਚ ਛਿੜੀ ਅੰਦਰੂਨੀ ਬਗਾਵਤ: ਰਾਜਾ ਵੜਿੰਗ ਅਤੇ ਜਲਾਲਪੁਰ ਆਹਮੋ-ਸਾਹਮਣੇ, ਚਰਨਜੀਤ ਚੰਨੀ ਦੀ ਮੁਲਾਕਾਤ ਨੇ ਪੰਜਾਬ ਸਿਆਸਤ 'ਚ ਮਚਾਈ ਹਲਚਲ
ਪਟਿਆਲਾ, 1 ਅਗਸਤ 2026-
ਪੰਜਾਬ ਕਾਂਗਰਸ ਅੰਦਰੂਨੀ ਕਲੇਸ਼ ਅਤੇ ਧੜੇਬੰਦੀ ਦੇ ਇੱਕ ਨਵੇਂ ਦੌਰ ਵਿੱਚੋਂ ਗੁਜ਼ਰ ਰਹੀ ਹੈ। ਪਾਰਟੀ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਪਾਰਟੀ ਵਿੱਚੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਜ਼ਬਰਦਸਤ ਹਲਚਲ ਮਚ ਗਈ ਹੈ। ਇੱਕ ਪਾਸੇ ਜਿੱਥੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਜਲਾਲਪੁਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਹਿਲਾਂ ਹੀ ਸਸਪੈਂਡ ਕੀਤਾ ਜਾ ਚੁੱਕਾ ਹੈ, ਉੱਥੇ ਹੀ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਲਾਲਪੁਰ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਮੁਲਾਕਾਤ ਕਰਨ ਨਾਲ ਪਾਰਟੀ ਅੰਦਰਲੀ ਦੂਰੀ ਬਿਲਕੁਲ ਸਾਫ਼ ਨਜ਼ਰ ਆਉਣ ਲੱਗੀ ਹੈ।
ਸਸਪੈਂਡ ਕੀਤੇ ਜਾਣ ਤੋਂ ਬਾਅਦ ਮਦਨ ਲਾਲ ਜਲਾਲਪੁਰ ਦਾ ਦਰਦ ਮੀਡੀਆ ਸਾਹਮਣੇ ਛਲਕਿਆ। ਉਨ੍ਹਾਂ ਨੇ ਰਾਜਾ ਵੜਿੰਗ 'ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਪ੍ਰਧਾਨ ਨੇ ਉਨ੍ਹਾਂ ਨਾਲ ਬਿਲਕੁਲ ਚੰਗੀ ਨਹੀਂ ਕੀਤੀ। ਜਲਾਲਪੁਰ ਨੇ ਸਪੱਸ਼ਟ ਕੀਤਾ, "ਮੈਂ ਪਾਰਟੀ ਨੂੰ ਇੱਕਜੁੱਟ ਕਰਨ ਦੀ ਗੱਲ ਕੀਤੀ ਸੀ। ਜੋ ਕੁਝ ਮੈਂ ਬੋਲਿਆ ਹੈ, ਉਹ ਅੱਜ ਪੂਰਾ ਪੰਜਾਬ ਬੋਲ ਰਿਹਾ ਹੈ। ਮੈਂ ਕੇ.ਸੀ. ਵੇਣੂਗੋਪਾਲ ਜਾਂ ਭੂਪੇਸ਼ ਬਘੇਲ ਸਾਹਿਬ ਬਾਰੇ ਕੋਈ ਗਲਤ ਸ਼ਬਦ ਨਹੀਂ ਵਰਤੇ, ਉਹ ਸਤਿਕਾਰਯੋਗ ਹਨ। ਮੈਂ ਤਾਂ ਸਿਰਫ਼ ਇਹ ਗੱਲ ਕਹੀ ਸੀ ਕਿ ਵੜਿੰਗ ਨੂੰ ਦੁਬਾਰਾ ਪ੍ਰਧਾਨ ਬਣਾਉਣ ਤੋਂ ਬਾਅਦ ਪੰਜਾਬ 'ਚ ਕਾਂਗਰਸ ਦਾ ਗ੍ਰਾਫ਼ ਥੱਲੇ ਆਇਆ ਹੈ। ਫਿਰ ਇਕੱਲੇ ਮੇਰੇ 'ਤੇ ਹੀ ਕਾਰਵਾਈ ਕਿਉਂ ਕੀਤੀ ਗਈ? ਮੈਨੂੰ ਕੋਈ ਨੋਟਿਸ ਵੀ ਨਹੀਂ ਦਿੱਤਾ ਗਿਆ।"
ਦੂਜੇ ਪਾਸੇ, ਪਟਿਆਲਾ ਵਿਖੇ ਭੂਪੇਸ਼ ਬਘੇਲ ਨਾਲ ਵਰਕਰਾਂ ਦੀ ਮੀਟਿੰਗ ਦੌਰਾਨ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਜਲਾਲਪੁਰ ਨੂੰ ਅੱਜ ਨਹੀਂ, ਸਗੋਂ ਕਾਫ਼ੀ ਸਮਾਂ ਪਹਿਲਾਂ ਹੀ ਸਸਪੈਂਡ ਕਰ ਦਿੱਤਾ ਗਿਆ ਸੀ। ਵੜਿੰਗ ਅਨੁਸਾਰ, ਜਦੋਂ ਉਨ੍ਹਾਂ ਨੇ ਪਿਛਲੀ ਵਿਜ਼ਿਟ ਦੌਰਾਨ ਪਾਰਟੀ ਦੀ ਉੱਚ ਲੀਡਰਸ਼ਿਪ ਅਤੇ ਕੇ.ਸੀ. ਵੇਣੂਗੋਪਾਲ ਖ਼ਿਲਾਫ਼ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ, ਉਦੋਂ ਹੀ ਉਨ੍ਹਾਂ 'ਤੇ ਇਹ ਕਾਰਵਾਈ ਕਰ ਦਿੱਤੀ ਗਈ ਸੀ।
ਇਸ ਸਾਰੇ ਵਿਵਾਦ ਦੇ ਵਿਚਕਾਰ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਮਦਨ ਲਾਲ ਜਲਾਲਪੁਰ ਦੇ ਘਰ ਪਹੁੰਚਣਾ ਸਿਆਸੀ ਤੌਰ 'ਤੇ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਜਲਾਲਪੁਰ ਨਾਲ ਮੁਲਾਕਾਤ ਤੋਂ ਬਾਅਦ ਚੰਨੀ ਨੇ ਬਿਆਨ ਦਿੰਦਿਆਂ ਕਿਹਾ ਕਿ ਪਾਰਟੀ ਦੇ ਸੀਨੀਅਰ ਲੀਡਰਾਂ ਅਤੇ ਵਿਧਾਇਕ ਰਹੇ ਆਗੂਆਂ ਨੂੰ ਨੋਟਿਸ ਭੇਜੇ ਜਾ ਰਹੇ ਹਨ ਅਤੇ ਸਸਪੈਂਡ ਕੀਤਾ ਜਾ ਰਿਹਾ ਹੈ, ਜੋ ਕਿ ਗਲਤ ਹੈ। ਚੰਨੀ ਨੇ ਕਿਹਾ, "ਇਹ ਲੜਾਈ ਕਿਸੇ ਅਹੁਦੇ ਜਾਂ ਪ੍ਰਧਾਨਗੀ ਦੀ ਨਹੀਂ, ਸਗੋਂ ਪੰਜਾਬ ਦੇ ਮੁੱਦਿਆਂ ਦੀ ਹੈ। ਪਾਰਟੀ ਲੀਡਰਸ਼ਿਪ ਨੂੰ ਸਾਰੇ ਲੀਡਰਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਸਾਡੀ ਅਸਲ ਲੜਾਈ ਦਿੱਲੀ ਤੋਂ ਆ ਕੇ ਪੰਜਾਬ 'ਤੇ ਰਾਜ ਕਰਨ ਵਾਲਿਆਂ ਖ਼ਿਲਾਫ਼ ਹੈ।" ਚੰਨੀ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀ ਮੀਟਿੰਗ ਜਾਂ ਫਿਰ ਰੈਲੀ ਦੌਰਾਨ ਕੋਈ ਵੀ ਪਾਰਟੀ ਵਿਰੋਧੀ ਗਤੀਵਿਧੀ ਨਾ ਕਰਨ।
ਪਟਿਆਲਾ ਖੇਤਰ ਵਿੱਚ ਕਾਂਗਰਸ ਦੀ ਧੜੇਬੰਦੀ ਦੀਆਂ ਦੋ ਵੱਖ-ਵੱਖ ਤਸਵੀਰਾਂ ਸਾਹਮਣੇ ਆਈਆਂ ਹਨ। ਇੱਕ ਪਾਸੇ ਰਾਜਾ ਵੜਿੰਗ ਅਤੇ ਭੂਪੇਸ਼ ਬਘੇਲ ਮੀਟਿੰਗ ਕਰ ਰਹੇ ਸਨ, ਜਦਕਿ ਮਹਿਜ਼ 10-20 ਕਿਲੋਮੀਟਰ ਦੀ ਦੂਰੀ 'ਤੇ ਚਰਨਜੀਤ ਸਿੰਘ ਚੰਨੀ ਨਾਲ ਪਟਿਆਲਾ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਅਤੇ ਭਾਰਤ ਭੂਸ਼ਣ ਆਸ਼ੂ ਵਰਗੇ ਵੱਡੇ ਚਿਹਰੇ ਨਜ਼ਰ ਆਏ। ਇਹ ਸਾਰੇ ਆਗੂ ਵੜਿੰਗ ਦੇ ਪ੍ਰੋਗਰਾਮ ਤੋਂ ਦੂਰੀ ਬਣਾਏ ਹੋਏ ਸਨ।
ਇਸ ਦੌਰਾਨ ਸਮਾਣਾ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਮਾਹੌਲ ਉਸ ਸਮੇਂ ਹੋਰ ਗਰਮਾ ਗਿਆ ਜਦੋਂ ਕਾਂਗਰਸੀ ਵਰਕਰਾਂ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖ਼ਿਲਾਫ਼ ਹੀ ਨਾਅਰੇਬਾਜ਼ੀ ਕਰ ਦਿੱਤੀ। ਆਪਣੇ ਹੀ ਵਰਕਰਾਂ ਵੱਲੋਂ ਕੀਤੇ ਗਏ ਇਸ ਵਿਰੋਧ ਨੂੰ ਦੇਖ ਕੇ ਰਾਜਾ ਵੜਿੰਗ ਭੜਕ ਗਏ। ਇਨ੍ਹਾਂ ਘਟਨਾਵਾਂ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਅੰਦਰਲੀ ਖਿੱਚੋਤਾਣ ਹੋਰ ਵਧ ਸਕਦੀ ਹੈ।
- Download Babushahi App
-
-