ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਅਟਾਰਨੀ ਐਟ ਲਾਅ (ਯੂ.ਐੱਸ.ਏ.) ਡਾ. ਜਸਪ੍ਰੀਤ ਸਿੰਘ ਦਾ ਸਨਮਾਨ, ਨੌਜਵਾਨਾਂ ਨੂੰ ਦਿੱਤਾ ਮਿਹਨਤ, ਸਮਰਪਣ ਅਤੇ ਸੇਵਾ ਦਾ ਸੰਦੇਸ਼
ਫ਼ਤਿਹਗੜ੍ਹ ਸਾਹਿਬ:
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਵਿਰਾਸਤੀ ਗਿਆਨ ਪ੍ਰਬੰਧ ਕੇਂਦਰ ਵੱਲੋਂ ਅਟਾਰਨੀ ਐਟ ਲਾਅ (ਯੂ.ਐੱਸ.ਏ.) ਡਾ. ਜਸਪ੍ਰੀਤ ਸਿੰਘ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਕੀਤੀ, ਜਦਕਿ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ, ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।
ਸਮਾਗਮ ਦੀ ਸ਼ੁਰੂਆਤ ਯੂਨੀਵਰਸਿਟੀ ਧੁਨੀ ਨਾਲ ਹੋਈ। ਸਵਾਗਤੀ ਭਾਸ਼ਣ ਦਿੰਦਿਆਂ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਅਜਿਹੀਆਂ ਪ੍ਰੇਰਣਾਦਾਇਕ ਸ਼ਖ਼ਸੀਅਤਾਂ ਨਾਲ ਰੂ-ਬਰੂ ਕਰਵਾਉਣ ਲਈ ਨਿਰੰਤਰ ਯਤਨਸ਼ੀਲ ਹੈ, ਜਿਨ੍ਹਾਂ ਦੀ ਜੀਵਨ ਯਾਤਰਾ ਨੌਜਵਾਨਾਂ ਲਈ ਮਾਰਗਦਰਸ਼ਨ ਦਾ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਵਿਰਾਸਤੀ ਗਿਆਨ ਪ੍ਰਬੰਧ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਰਵਾਏ ਜਾਂਦੇ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ, ਵਿਰਸੇ ਅਤੇ ਜੀਵਨ-ਮੁੱਲਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਆਪਣੇ ਸੰਬੋਧਨ ਵਿੱਚ ਡਾ. ਜਸਪ੍ਰੀਤ ਸਿੰਘ ਨੇ ਆਪਣੀ ਸੰਘਰਸ਼ਮਈ ਅਤੇ ਪ੍ਰੇਰਣਾਦਾਇਕ ਜੀਵਨ-ਯਾਤਰਾ ਸਾਂਝੀ ਕਰਦਿਆਂ ਕਿਹਾ ਕਿ ਮਿਹਨਤ, ਦ੍ਰਿੜ੍ਹ ਇਰਾਦਾ, ਇਮਾਨਦਾਰੀ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਭਾਵਨਾ ਹੀ ਵਿਅਕਤੀ ਨੂੰ ਵਿਸ਼ਵ ਪੱਧਰ 'ਤੇ ਸਫ਼ਲਤਾ ਦਿਵਾਉਂਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਿਰੰਤਰ ਸਿੱਖਣ, ਸਮਾਜ ਪ੍ਰਤੀ ਜ਼ਿੰਮੇਵਾਰ ਬਣਨ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦ੍ਰਿੜ੍ਹਤਾ ਨਾਲ ਅੱਗੇ ਵਧਣ ਦਾ ਸੱਦਾ ਦਿੱਤਾ। ਉਨ੍ਹਾਂ ਫ਼ਤਿਹਗੜ੍ਹ ਸਾਹਿਬ ਨਾਲ ਆਪਣੇ ਜਨਮ-ਸਥਾਨ ਵਜੋਂ ਜੁੜੇ ਵਿਸ਼ੇਸ਼ ਰਿਸ਼ਤੇ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਆਪਣੀ ਮਿੱਟੀ ਨਾਲ ਜੁੜਾਅ ਹੀ ਮਨੁੱਖ ਨੂੰ ਜੀਵਨ ਵਿੱਚ ਅੱਗੇ ਵਧਣ ਦੀ ਤਾਕਤ ਦਿੰਦਾ ਹੈ।
ਪ੍ਰਧਾਨਗੀ ਭਾਸ਼ਣ ਦਿੰਦਿਆਂ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦਾ ਉਦੇਸ਼ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਉੱਚੇ ਜੀਵਨ-ਮੁੱਲਾਂ ਅਤੇ ਪ੍ਰੇਰਣਾਦਾਇਕ ਸ਼ਖ਼ਸੀਅਤਾਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਡਾ. ਜਸਪ੍ਰੀਤ ਸਿੰਘ ਦੀਆਂ ਪ੍ਰਾਪਤੀਆਂ ਨੌਜਵਾਨ ਪੀੜ੍ਹੀ ਲਈ ਇੱਕ ਪ੍ਰੇਰਕ ਉਦਾਹਰਨ ਹਨ ਅਤੇ ਅਜਿਹੇ ਸਮਾਗਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਮਿਹਨਤ, ਅਨੁਸ਼ਾਸਨ ਅਤੇ ਸੇਵਾ ਦੀ ਭਾਵਨਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਵੱਲੋਂ ਡਾ. ਜਸਪ੍ਰੀਤ ਸਿੰਘ ਨੂੰ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਅੰਤ ਵਿੱਚ ਡਾ. ਹਰਦੇਵ ਸਿੰਘ, ਮੁਖੀ, ਧਰਮ ਅਧਿਐਨ ਵਿਭਾਗ ਅਤੇ ਕਨਵੀਨਰ, ਵਿਰਾਸਤੀ ਗਿਆਨ ਪ੍ਰਬੰਧ ਕੇਂਦਰ, ਨੇ ਸਮੂਹ ਮਹਿਮਾਨਾਂ, ਪਤਵੰਤਿਆਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।
ਸਮਾਗਮ ਦਾ ਸਮੁੱਚਾ ਤਾਲਮੇਲ ਡਾ. ਨਵ ਸ਼ਗਨ ਦੀਪ ਕੌਰ, ਮੁਖੀ, ਸਮਾਜ ਸ਼ਾਸਤਰ ਵਿਭਾਗ, ਵੱਲੋਂ ਬਾਖੂਬੀ ਨਿਭਾਇਆ ਗਿਆ। ਉਨ੍ਹਾਂ ਦੇ ਸੁਚੱਜੇ ਪ੍ਰਬੰਧ ਅਤੇ ਯੋਜਨਾਬੱਧ ਸਹਿਯੋਗ ਸਦਕਾ ਸਮਾਗਮ ਸਫ਼ਲਤਾਪੂਰਵਕ ਸੰਪੰਨ ਹੋਇਆ।
ਇਸ ਮੌਕੇ ਸ. ਰਣਜੀਤ ਸਿੰਘ ਛੱਜਲਵੱਡੀ, ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸ. ਪਰਮਜੀਤ ਸਿੰਘ ਸਰੋਆ, ਸਾਬਕਾ ਸੱਕਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.), ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਪ੍ਰੋ. ਤੇਜਬੀਰ ਸਿੰਘ, ਰਜਿਸਟਰਾਰ, ਡਾ. ਸਿਕੰਦਰ ਸਿੰਘ, ਡੀਨ ਵਿਦਿਆਰਥੀ ਭਲਾਈ, ਪ੍ਰੋ. ਨਵਦੀਪ ਕੌਰ, ਡੀਨ ਰਿਸਰਚ, ਡਾ. ਸਰਪ੍ਰੀਤ ਸਿੰਘ, ਡੀਨ ਐਲੂਮਨੀ ਮਾਮਲੇ ਅਤੇ ਮੁਖੀ, ਕੰਪਿਊਟਰ ਸਾਇੰਸ ਵਿਭਾਗ, ਡਾ. ਅੰਕਦੀਪ ਕੌਰ ਅਟਵਾਲ, ਡਾਇਰੈਕਟਰ, ਆਈ.ਕਿਊ.ਏ.ਸੀ., ਸ. ਜਗਜੀਤ ਸਿੰਘ, ਡਿਪਟੀ ਰਜਿਸਟਰਾਰ, ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ, ਇੰਚਾਰਜ, ਫੈਕਲਟੀ ਮੈਂਬਰ, ਕਰਮਚਾਰੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
- Download Babushahi App
-
-