ਪੀ.ਐਸ.ਪੀ.ਸੀ.ਐਲ. ਮ੍ਰਿਤਕ ਆਸਰਿਤਾਂ ਦੇ ਵਾਰਿਸ 23 ਜੁਲਾਈ ਤੋਂ ਮੋਬਾਈਲ ਟਾਵਰ 'ਤੇ ਸ਼ੁਰੂ ਕਰਨਗੇ ਮਰਨ ਵਰਤ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 22 ਜੁਲਾਈ 2026:-ਬੇਰੁਜ਼ਗਾਰ ਮ੍ਰਿਤਕ ਆਸਰਿਤ ਸੰਘਰਸ਼ ਕਮੇਟੀ, ਪੀ.ਐਸ.ਪੀ.ਸੀ.ਐਲ. ਦੇ ਸੂਬਾਈ ਆਗੂ ਮਾ. ਚਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮੇਟੀ ਵੱਲੋਂ ਆਪਣੀਆਂ ਮੰਗਾਂ ਦੇ ਹੱਲ ਲਈ 3 ਜੂਨ ਤੋਂ ਪੀ.ਐਸ.ਪੀ.ਸੀ.ਐਲ. ਦੇ ਮੁੱਖ ਦਫ਼ਤਰ ਅੱਗੇ ਲਗਾਤਾਰ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਹੈ, ਪਰ ਅਜੇ ਤੱਕ ਨਾ ਤਾਂ ਬਿਜਲੀ ਨਿਗਮ ਦੀ ਮੈਨੇਜਮੈਂਟ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਕੋਈ ਠੋਸ ਹੱਲ ਕੱਢਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ 21 ਜੁਲਾਈ ਨੂੰ ਕਮੇਟੀ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫ਼ੈਸਲਾ ਲਿਆ, ਜਿਸ ਤਹਿਤ ਦੋ ਬੇਰੁਜ਼ਗਾਰ ਮ੍ਰਿਤਕ ਆਸਰਿਤ ਸਾਥੀ ਕਾਲੀ ਮਾਤਾ ਮੰਦਰ ਸਾਹਮਣੇ ਸਥਿਤ ਬੀ.ਐਸ.ਐਨ.ਐਲ. ਦੇ ਮੋਬਾਈਲ ਟਾਵਰ 'ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਮਾ. ਚਰਨਜੀਤ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਪੀ.ਐਸ.ਪੀ.ਸੀ.ਐਲ. ਮੈਨੇਜਮੈਂਟ ਵੱਲੋਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਇਸ ਲਈ ਟਾਵਰ 'ਤੇ ਬੈਠੇ ਦੋਵੇਂ ਬੇਰੁਜ਼ਗਾਰ ਸਾਥੀ 23 ਜੁਲਾਈ ਤੋਂ ਮਰਨ ਵਰਤ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਕੈਬਨਿਟ ਵਿੱਚ ਮ੍ਰਿਤਕ ਆਸਰਿਤਾਂ ਦੀ ਨਿਯੁਕਤੀ ਸਬੰਧੀ ਪਾਲਿਸੀ ਵਿੱਚ ਸੋਧ ਦਾ ਮੁੱਦਾ ਰੱਖੇ ਜਾਣ ਅਤੇ ਮੰਗਾਂ ਦੇ ਹੱਲ ਤੱਕ ਉਹ ਅੰਨ ਦਾ ਤਿਆਗ ਕਰਦੇ ਹੋਏ ਮਰਨ ਵਰਤ ਜਾਰੀ ਰੱਖਣਗੇ।
ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮਾਮਲੇ ਦਾ ਜਲਦ ਹੱਲ ਕਰਕੇ ਮ੍ਰਿਤਕ ਆਸਰਿਤ ਪਰਿਵਾਰਾਂ ਨੂੰ ਇਨਸਾਫ਼ ਦਿੱਤਾ ਜਾਵੇ ਤਾਂ ਜੋ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਨੌਬਤ ਨਾ ਆਵੇ।
ਇਸ ਮੌਕੇ ਗੁਰਤੇਜ ਸਿੰਘ, ਸੋਨੀ ਗਰਗ, ਕੁਲਦੀਪ ਸਿੰਘ, ਦਲਵਿੰਦਰ ਸਿੰਘ, ਜੱਗਾ ਸਿੰਘ ਸਮੇਤ ਹੋਰ ਆਗੂ ਅਤੇ ਸੰਘਰਸ਼ਸ਼ੀਲ ਸਾਥੀ ਵੀ ਮੌਜੂਦ ਸਨ।
- Download Babushahi App
-
-