Babushahi Special ਭਰਤੀ ਘਪਲਾ : ਰੋਂਦੀ ਕਾਲੇ ਚੰਮਾਂ ਨੂੰ ਵਿਜੀਲੈਂਸ ਦੇ ਝੱਖੜ ਦੌਰਾਨ ਕਲਗੀਆਂ ਵਾਲੇ ਉੱਡਗੇ
ਅਸ਼ੋਕ ਵਰਮਾ
ਬਠਿੰਡਾ, 21 ਜੁਲਾਈ 2026 : ਕੌਮੀ ਪੱਧਰ ’ਤੇ ਬੇਸ਼ੱਕ ਨੀਟ ਨਾਲ ਸਬੰਧਿਤ ਕਥਿਤ ਘਪਲੇ ਦਾ ਮਾਮਲਾ ਗੂੰਜ ਰਿਹਾ ਹੈ ਪਰ ਵਿਜੀਲੈਂਸ ਪੰਜਾਬ ’ਚ ਹੋਏ ਅਜਿਹੇ ਹੀ ਮਾਮਲੇੇ ਦੀ ਪੈੜ ਨੱਪਣ ’ਚ ਅਸਫਲ ਰਹੀ ਹੈ। ਮਾਮਲਾ ਪੰਜਾਬ ਸੁਬਾਰਡੀਨੇਟ ਸਰਵਿਸਜ਼ ਸਿਲੈਕਸ਼ਨ ਬੋਰਡ ਵੱਲੋਂ ਗਰੁੱਪ-ਬੀ ਦੀਆਂ ਅਸਾਮੀਆਂ ਸਬੰਧੀ ਭਰਤੀ ਪ੍ਰੀਖਿਆ ਦੀ ਮੈਰਿਟ ਸੂਚੀ ’ਚ ਹੋਏ ਕਥਿਤ ਘਪਲੇ ਦਾ ਹੈ। ਨਤੀਜਾ ਆਉਣ ਤੋਂ ਛੇ ਮਹੀਨੇ ਬਾਅਦ ਵੀ ਅਧਿਕਾਰੀ ਜਾਂਚ ਕਰਨ ਦੀ ਗੱਲ ਕਹਿ ਰਹੇ ਹਨ । ਪੰਜਾਬ ਸਰਕਾਰ ਨੇ ਮਾਮਲੇ ਦੀ ਪੁਣਛਾਣ ਲਈ ਇੱਕ ਡੀਐਸਪੀ ਦੀ ਅਗਵਾਈ ਹੇਠ 4 ਮੈਂਬਰੀ ਐਸਆਈਟੀ ਬਣਾਈ ਸੀ । ਇਸ ਹਾਈਪ੍ਰੋਫਾਈਲ ਜਾਂਚ ਦੇ ਅੱਧ-ਵਿਚਕਾਰ ਲਟਕਣ ਕਾਰਨ ਬੇਰੁਜ਼ਗਾਰਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਇਹ ਸਾਰਾ ਵਿਵਾਦ ਨਾਇਬ ਤਹਿਸੀਲਦਾਰ, ਜ਼ਿਲ੍ਹਾ ਖ਼ਜ਼ਾਨਾ ਅਫ਼ਸਰ, ਖ਼ਜ਼ਾਨਾ ਅਫ਼ਸਰ, ਸੀਨੀਅਰ ਸਹਾਇਕ ਅਤੇ ਸੀਨੀਅਰ ਸਹਾਇਕ-ਕਮ-ਇੰਸਪੈਕਟਰ ਵਰਗੀਆਂ 408 ਅਸਾਮੀਆਂ ਦੀ ਭਰਤੀ ਲਈ ਪਿਛਲੇ ਸਾਲ 21 ਦਸੰਬਰ ਨੂੰ ਲਿਖਤੀ ਪ੍ਰੀਖਿਆ ਨਾਲ ਸਬੰਧਤ ਹੈ।
ਇਸ ਭਰਤੀ ਪ੍ਰੀਖਿਆ ਦਾ ਨਤੀਜਾ 9 ਜਨਵਰੀ 2026 ਨੂੰ ਐਲਾਨਿਆ ਗਿਆ ਸੀ ਜਿਸ ਤੋਂ ਤੁਰੰਤ ਬਾਅਦ ਕਥਿਤ ਘਪਲਾ ਹੋਣ ਦੇ ਦੀ ਗੱਲ ਉੱਠਣੀ ਸ਼ੁਰੂ ਹੋ ਗਈ ਸੀ। ਇਸ ਪ੍ਰੀਖਿਆ ਦੌਰਾਨ ਗੜਬੜੀ ਦਾ ਸ਼ੱਕ ਉਦੋਂ ਗਹਿਰਾਇਆ ਜਦੋਂ ਬਠਿੰਡਾ ਦੇ ਇੱਕ ਪ੍ਰੀਖਿਆ ਕੇਂਦਰ ਵਿੱਚ ਉਮੀਦਵਾਰਾਂ ਨੂੰ ਵੰਡੇ ਗਏ ਪ੍ਰਸ਼ਨ ਪੱਤਰਾਂ ’ਤੇ ‘ਕਰੈਕਸ਼ਨ ਫਲੂਡ’ (ਸਫ਼ੇਦਾ) ਲੱਗਿਆ ਹੋਇਆ ਪਾਇਆ ਗਿਆ ਸੀ । ਉਦੋਂ ਉਮੀਦਵਾਰਾਂ ਨੇ ਦੋਸ਼ ਲਾਇਆ ਸੀ ਕਿ ਪੇਪਰ ਵੰਡਣ ਤੋਂ ਪਹਿਲਾਂ ਹੀ ਉਸ ਨਾਲ ਛੇੜਛਾੜ ਕੀਤੀ ਗਈ ਸੀ। ਵਿਵਾਦ ਉਦੋਂ ਹੋਰ ਭਖ ਗਿਆ ਜਦੋਂ ਐਲਾਨੇ ਗਏ ਨਤੀਜਿਆਂ ਵਿੱਚ ਪਹਿਲੇ 100 ਸਫ਼ਲ ਉਮੀਦਵਾਰਾਂ ਵਿੱਚੋਂ 22 ਇਕੱਲੇ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਸਾਹਮਣੇ ਆਏ ਸਨ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਇਸ ਸੂਚੀ ਵਿੱਚ ਇੱਕ ਵਿਆਹੁਤਾ ਜੋੜਾ, ਦੋ ਸਕੇ ਭੈਣ-ਭਰਾ ਅਤੇ ਦੋ ਚਚੇਰੇ ਭੈਣ-ਭਰਾ ਵੀ ਸਨ, ਜਿਸ ਨੇ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ’ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਸਨ।
ਨਤੀਜੇ ਅਨੁਸਾਰ ਪਹਿਲੇ ਅਤੇ ਦੂਸਰੇ ਸਥਾਨ ’ਤੇ ਆਏ ਪ੍ਰੀਖਿਆਰਥੀਆਂ ਦੇ 120 ’ਚੋਂ ਇੱਕੋ ਜਿਹੇ 117.50 ਨੰਬਰ ਸਨ ਜਦੋਂਕਿ ਚੌਥੇ ਸਥਾਨ ਤੇ ਇੱਕ ਲੜਕੀ ਨੇ 116. 25 ਅਤੇ ਪੰਜਵੇਂ ਨੰਬਰ ਵਾਲੇ ਦੇ 115 ਅੰਕ ਸਨ। ਛੇਵਾਂ ਸਥਾਨ 106.75 ਅੰਕਾਂ ਨਾਲ ਪ੍ਰੀਖਿਆਰਥਣ ਦਾ ਹੈ ਜਦੋਂਕਿ 101.25 ਅੰਕਾਂ ਵਾਲਾ ਸੱਤਵੇਂ ਸਥਾਨ ’ਤੇ ਆਇਆ ਸੀ। ਬਠਿੰਡਾ ਦੀਆਂ ਵੱਖ ਵੱਖ ਲਾਇਬਰੇਰੀਆਂ ’ਚ ਤਿਆਰੀ ਕਰਨ ਵਾਲੇ ਇੰਨ੍ਹਾਂ ਨੌਜੁਆਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਅਜਿਹਾ ਨਤੀਜਾ ਪਹਿਲਾਂ ਕਦੇ ਵੀ ਨਹੀਂ ਦੇਖਿਆ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਗਰੁੱਪ ਬੀ , ਗਰੁੱਪ ਸੀ, ਸਿਵਿਲ ਸਰਵਿਸ , ਪੀਸੀਐਸ ਅਤੇ ਆਈਏਐਸ ਲਈ ਤਿਆਰੀ ਕਰ ਰਹੇ ਹਨ ਪਰ ਉਨ੍ਹਾਂ ਦੇ ਅੰਕਾਂ ਦਾ ਅੰਕੜਾ 80 ਤੋਂ 100 ਤੱਕ ਹੀ ਪੁੱਜ ਸਕਿਆ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਭਰਤੀ ਪ੍ਰੀਖਿਆ ਦੇ ਨਤੀਜੇ ਤੇ ਨਜ਼ਰ ਮਾਰੀਏ ਤਾਂ ਪਾਰਦਰਸ਼ਤਾ ਸ਼ੱਕ ਦੇ ਘੇਰੇ ’ਚ ਹੈ।
ਇਸ ਮੌਕੇ ਪੰਜਾਬ ਦੇ ਕਰੀਬ ਇੱਕ ਲੱਖ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ। ਪੀੜਤ ਨੌਜਵਾਨਾਂ ਨੇ ਇਸ ਕਥਿਤ ਘੁਟਾਲੇ ਦੀ ਜਾਂਚ ਜਲਦ ਤੋਂ ਜਲਦ ਪੂਰੀ ਕਰਕੇ ਦੋਸ਼ੀਆਂ ਨੂੰ ਬੇਨਕਾਬ ਅਤੇ ਪ੍ਰੀਖਿਆ ਦੁਬਾਰਾ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕਥਿਤ ਪੇਪਰ ਲੀਕ ਕਾਰਨ ਪੂਰੇ ਮਿਹਨਤੀ ਨੌਜਵਾਨਾਂ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਉਮੀਦਵਾਰਾਂ ਵੱਲੋਂ ਭਰਤੀ ਪ੍ਰਕਿਰਿਆ ’ਤੇ ਗੰਭੀਰ ਸਵਾਲ ਚੁੱਕੇ ਜਾਣ ਤੋਂ ਬਾਅਦ ਬੋਰਡ ਨੇ ਇਸ ਸਾਲ ਜਨਵਰੀ ਵਿੱਚ ਵਿਜੀਲੈਂਸ ਨੂੰ ਜਾਂਚ ਲਈ ਪੱਤਰ ਲਿਖਿਆ ਸੀ। ਇਨਸਾਫ਼ ਦੀ ਮੰਗ ਕਰ ਰਹੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਸਿਆਸਤਦਾਨਾਂ, ਵਿਧਾਇਕਾਂ ਅਤੇ ਉੱਚ ਅਧਿਕਾਰੀਆਂ ਕੋਲ ਫਰਿਆਦ ਕੀਤੀ ਸੀ ਪਰ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ । ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਨ੍ਹਾਂ ਨੇ ਨੌਜਵਾਨਾਂ ਨੂੰ ਨਿਰਪੱਖ ਜਾਂਚ ਕਰਵਾਉਣ ਦਾ ਪੂਰਾ ਭਰੋਸਾ ਦਿੱਤਾ ਸੀ।
ਜਾਂਚ ਜਾਰੀ : ਡੀਐਸਪੀ ਵਿਜੀਲੈਂਸ
ਮਾਮਲੇ ਦੀ ਜਾਂਚ ਕਰ ਰਹੇ ਸ੍ਰੀ ਮੁਕਤਸਰ ਸਾਹਿਬ ਦੇ ਡੀ.ਐੱਸ.ਪੀ. ਵਿਜੀਲੈਂਸ ਅਮਨਦੀਪ ਸਿੰਘ ਦਾ ਸਿਰਫ ਏਨਾਂ ਹੀ ਕਹਿਣਾ ਸੀ ਕਿ ਮਾਮਲੇ ਦੀ ਅਜੇ ਪੜਤਾਲ ਚੱਲ ਰਹੀ ਹੈ।”
ਪੰਜਾਬ ਦਾ ਇਤਿਹਾਸ ਘਪਲੇ
ਪੰਜਾਬ ’ਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਬਲਕਿ ਕਈ ਸਾਲ ਪਹਿਲਾਂ ਗਠਜੋੜ ਸਰਕਾਰ ਦੌਰਾਨ ਵੀ ਕਥਿਤ ਨੌਕਰੀ ਘੁਟਾਲਾ ਹੋਇਆ ਸੀ। ਇਸ ਮੌਕੇ ਸਾਹਮਣੇ ਆਇਆ ਸੀ ਕਿ ਸੌ ਤੋਂ ਵੱਧ ਉਮੀਦਵਾਰਾਂ ਨੇ ਲੱਖਾਂ ਰੁਪਏ ਚਾੜ੍ਹਕੇ ਨੌਕਰੀਆਂ ਹਾਸਲ ਕੀਤੀਆਂ ਹਨ। ਪੰਜਾਬ ਸਰਕਾਰ ਦੇ ਕਈ ਮਹਿਕਮਿਆਂ ’ਚ ਕੀਤੀ ਗਈ ਭਰਤੀ ਸਬੰਧੀ ਪੁਲਿਸ ਨੇ ਮਲੋਟ ਦੇ ਇੱਕ ਅਕਾਲੀ ਆਗੂ ਸਮੇਤ ਹੋਰ ਸੂਬਿਆਂ ਚੋਂ ਵੀ ਗ੍ਰਿਫਤਾਰੀਆਂ ਕੀਤੀਆਂ ਸਨ। ਮਾਮਲੇ ’ਚ ਬਠਿੰਡਾ ਜਿਲ੍ਹੇ ਦਾ ਇੱਕ ਅਕਾਲੀ ਆਗੂ ਵੀ ਨਾਮਜਦ ਕੀਤਾ ਗਿਆ ਸੀ ਅਤੇ ਤਲਵੰਡੀ ਸਾਬੋ ਦੇ ਭਾਜਪਾ ਆਗੂ ਦੇ ਲੜਕਿਆਂ ਤੋਂ ਪੁੱਛਗਿਛ ਕੀਤੀ ਗਈ ਸੀ। ਉਦੋਂ ਲਖਨਊ ਦੇ ਗੁਰੂ ਜੀ ਵਜੋਂ ਜਾਣੇ ਜਾਂਦੇ ਵਿਅਕਤੀ ਦੀ ਭੂਮਿਕਾ ਵੀ ਸਾਹਮਣੇ ਆਈ ਸੀ। ਮਗਰੋਂ ਇਸ ਮਾਮਲੇ ਦਾ ਕੀ ਬਣਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
- Download Babushahi App
-
-