ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗਾਲਿਬ ਦੇ ਵਫਦ ਦੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੀਟਿੰਗ
ਟੋਲ ਟੈਕਸ ਮੁਆਫੀ, ਮੋਬਾਈਲ ਸਹੂਲਤ, ਸਿਹਤ ਬੀਮਾ ਅਤੇ ਮਾਣ ਭੱਤੇ ਦੀ ਮੰਗ ਰੱਖੀ
ਮੁੱਖ ਮੰਤਰੀ ਨੇ ਹਾਈ ਕਮਾਂਡ ਨਾਲ ਗੱਲ ਕਰਨ ਦਾ ਦਿੱਤਾ ਭਰੋਸਾ
ਜਗਰਾਉਂ (ਦੀਪਕ ਜੈਨ)
10 ਜੁਲਾਈ- ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗਾਲਿਬ ਦੇ ਇੱਕ ਵਫਦ ਨੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਦੀ ਅਗਵਾਈ ਹੇਠ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਵਿੱਚ ਨੰਬਰਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਮੰਗਾਂ 'ਤੇ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ ਗਈ।
ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਨੇ ਗੱਲਬਾਤ ਦੌਰਾਨ ਦੱਸਿਆ ਕਿ ਨੰਬਰਦਾਰਾਂ ਦੀਆਂ ਕੁਝ ਮੰਗਾਂ ਅਜਿਹੀਆਂ ਹਨ ਜੋ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਹਨ। ਇਨ੍ਹਾਂ ਵਿੱਚ ਹਰਿਆਣਾ ਦੀ ਤਰਜ਼ 'ਤੇ ਨੰਬਰਦਾਰਾਂ ਨੂੰ ਟੋਲ ਟੈਕਸ ਵਿੱਚ ਛੋਟ, ਮੋਬਾਈਲ ਫੋਨ ਦੀ ਸਹੂਲਤ, ਸਿਹਤ ਬੀਮਾ ਯੋਜਨਾ ਅਤੇ ਕੇਂਦਰ ਵੱਲੋਂ ਵੱਖਰੇ ਤੌਰ 'ਤੇ ਮਾਣ ਭੱਤਾ ਦੇਣ ਦੀ ਮੰਗ ਸ਼ਾਮਿਲ ਹੈ। ਇਹ ਸਾਰੀਆਂ ਮੰਗਾਂ ਉਨ੍ਹਾਂ ਵੱਲੋਂ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਭਾਜਪਾ ਹਾਈ ਕਮਾਂਡ ਨਾਲ ਗੱਲ ਕਰਕੇ ਨੰਬਰਦਾਰਾਂ ਦੀਆਂ ਮੰਗਾਂ ਦਾ ਹੱਲ ਕੱਢਣਗੇ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜਦੋਂ ਭਾਜਪਾ ਪਾਰਟੀ ਆਪਣਾ ਚੋਣ ਮੈਨੀਫੈਸਟੋ ਜਾਰੀ ਕਰੇਗੀ, ਤਾਂ ਉਸ ਸਮੇਂ ਨੰਬਰਦਾਰਾਂ ਨੂੰ ਬੁਲਾ ਕੇ ਉਨ੍ਹਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਨੂੰ ਵੀ ਉਸ ਵਿੱਚ ਸ਼ਾਮਿਲ ਕੀਤਾ ਜਾਵੇਗਾ ਅਤੇ ਸਰਕਾਰ ਬਣਨ 'ਤੇ ਉਨ੍ਹਾਂ ਨੂੰ ਲਾਗੂ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਜਲਦੀ ਹੀ ਹਰਿਆਣਾ ਅਤੇ ਪੰਜਾਬ ਦੇ ਨੰਬਰਦਾਰਾਂ ਦੀ ਇੱਕ ਸਾਂਝੀ ਮੀਟਿੰਗ ਵੀ ਬੁਲਾਈ ਜਾਵੇਗੀ ਤਾਂ ਜੋ ਦੋਵਾਂ ਸੂਬਿਆਂ ਦੇ ਨੰਬਰਦਾਰਾਂ ਦੀਆਂ ਸਮੱਸਿਆਵਾਂ ਦਾ ਸਾਂਝੇ ਤੌਰ 'ਤੇ ਹੱਲ ਕੱਢਿਆ ਜਾ ਸਕੇ।
*ਮੀਟਿੰਗ ਵਿੱਚ ਇਹ ਆਗੂ ਰਹੇ ਹਾਜ਼ਰ

ਇਸ ਮੌਕੇ ਸਾਬਕਾ ਐਮਐਲਏ ਕੁਲਵੰਤ ਸਿੰਘ ਬਾਜੀਗਰ, ਆਲਮਜੀਤ ਸਿੰਘ ਚਕੌਹੀ ਸੂਬਾ ਜਨਰਲ ਸਕੱਤਰ, ਰਣਜੀਤ ਸਿੰਘ ਚਾਂਗਲੀ ਸੂਬਾ ਖਜ਼ਾਨਚੀ, ਜਰਨੈਲ ਸਿੰਘ ਬਾਜਵਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਜਗਜੀਤ ਸਿੰਘ ਡਡੋਆ, ਜ਼ਿਲ੍ਹਾ ਪ੍ਰਧਾਨ ਪਟਿਆਲਾ, ਹਰਨੇਕ ਸਿੰਘ ਹਠੂਰ, ਬਲਵੰਤ ਸਿੰਘ ਧਾਲੀਵਾਲ ਜਗਰਾਉਂ, ਮਨਜਿੰਦਰ ਸਿੰਘ ਖੇੜੀ ਮਾਨੀਆ, ਜਗਤਾਰ ਸਿੰਘ ਬਾਰਨ, ਬਲਵਿੰਦਰ ਸਿੰਘ ਟੋਡਰਪੁਰ, ਰਵਿੰਦਰ ਸਿੰਘ ਢਿਲਵਾਂ ਅਤੇ ਕੁਲਦੀਪ ਕੁਮਾਰ ਆਦਿ ਹਾਜ਼ਰ ਸਨ।
- Download Babushahi App
-
-