ਸਾਬਕਾ ਸਰਕਾਰਾਂ ਦੀ ਘੋਰ ਲਾਪ੍ਰਵਾਹੀ ਕਾਰਣ ਮੌਨਸੂਨ ਚ ਪੰਜਾਬ ਵਾਸੀ ਹੜ੍ਹਾਂ ਦੀ ਦਹਿਸ਼ਤ ਹੇਠ ਰਹਿੰਦੇ ਆ ਰਹੇ ਹਨ : ਧਾਲੀਵਾਲ
ਅਜਨਾਲਾ ਸਮੇਤ ਪੰਜਾਬ ਚ ਅਗਾਊਂ ਹੜ੍ਹ ਸੁਰੱਖਿਆ ਪ੍ਰਬੰਧਾਂ ਤੇ ਮਾਨ ਸਰਕਾਰ ਨੇ ਕੀਤੇ 600 ਕਰੋੜ ਜਾਰੀ: ਧਾਲੀਵਾਲ
ਪੰਜਾਬ ਭਾਜਪਾ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰ ਚ ਆਗੂ ਭੇਜਣ ਦੀ ਨੌਟੰਕੀ ਦੀ ਥਾਂ ਕੇਂਦਰ ਕੋਲ ਰੋਕੇ ਫੰਡ ਜਾਰੀ ਕਰਵਾਉਣ ਲਈ ਵਫ਼ਦ ਭੇਜੇ: ਧਾਲੀਵਾਲ
ਧਾਲੀਵਾਲ ਨੇ ਚੋਣ ਹਲਕਾ ਅਜਨਾਲਾ ਚ ਕੀਤਾ ਲੋਕ ਮਿਲਣੀਆਂ ਨੂੰ ਸੰਬੋਧਨ
ਅੰਮ੍ਰਿਤਸਰ/ਅਜਨਾਲਾ,3 ਜੁਲਾਈ
ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਆਪਣੀ ਕਰਮ ਭੂਮੀ ਤੇ ਆਪਣੇ ਚੋਣ ਹਲਕਾ ਅਜਨਾਲਾ ਦੇ ਸਰਹੱਦੀ ਤੇ ਪਿਛਲੇ ਸਾਲ ਕੁਦਰਤੀ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਬਲੜਵਾਲ ਆਬਾਦੀ ਬਾਬਾ ਗਮ ਚੁੱਕ ਸਾਹਿਬ, ਆਬਾਦੀ ਹਰਨਾਮ ਸਿੰਘ ਤੇ ਵੱਡਾ ਫੱਤੇਵਾਲ ਆਦਿ ਪਿੰਡਾਂ ਚ ਲੋਕ ਮਿਲਣੀਆਂ ਮੁਹਿੰਮ ਤਹਿਤ ਹੋਈਆਂ ਪ੍ਰਭਾਵਸ਼ਾਲੀ ਲੋਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ.ਭਗਵੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਦੀਆਂ ਲੋਕ ਪੱਖੀ ਪ੍ਰਾਪਤੀਆਂ ਚ ਲੋਕ ਹਿਤੂ ਬਦਲਾਅ ਦੇ ਸਥਾਪਿਤ ਕੀਤੇ ਕੀਰਤੀਮਾਨ ਦਾ ਰਿਪੋਰਟ ਜਾਰੀ ਕੀਤਾ ਅਤੇ ਅਗਲੇ ਵਰ੍ਹੇ ਜਾਂ ਫਿਰ ਸੰਭਾਵੀ ਤੌਰ 'ਤੇ ਨਵੰਬਰ ਮਹੀਨੇ ਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਚ ਸਰਬੱਤ ਦੇ ਭਲੇ ਤੇ ਰੰਗਲੇ ਪੰਜਾਬ ਦੀ ਖੁਸ਼ਹਾਲੀ ਦੀ ਸਥਿਰਤਾ ਲਈ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਚ ਦੁਬਾਰਾ ਸਰਕਾਰ ਬਣਾਉਣ ਲਈ ਪ੍ਰੇਰਿਤ ਕੀਤਾ। ਮੁੱਖ ਬੁਲਾਰੇ ਤੇ ਵਿਧਾਇਕ ਸ. ਧਾਲੀਵਾਲ ਨੇ ਆਪਣੇ ਸੰਬੋਧਨ ਚ ਪ੍ਰਗਟਾਵਾ ਕੀਤਾ ਕਿ ਜੇਕਰ ਪੰਜਾਬ ਸਮੇਤ ਦੇਸ਼ ਦੀ ਸੱਤਾ ਤੇ ਲੰਮਾ ਸਮਾਂ ਰਾਜ ਕਰਦੀਆਂ ਰਹੀਆਂ ਸਾਬਕਾ ਸਰਕਾਰਾਂ ਨੇ ਪੰਜਾਬ ਚ ਹਰ ਵਰ੍ਹੇ ਮੌਨਸੂਨ/ ਬਰਸਾਤਾਂ ਚ ਵਾਪਰਦੀ ਰਹੀ ਦਰਿਆਵਾਂ, ਨਦੀਆਂ, ਨਾਲੀਆਂ ਚ ਅੱਥਰੇ ਤੇ ਭਿਅੰਕਰ ਹੜ੍ਹਾਂ ਦੀ ਤ੍ਰਾਸਦੀ ਠੱਲਣ ਲਈ ਕਥਿਤ ਭ੍ਰਿਸ਼ਟ ਤਰੀਕਿਆਂ ਦੀ ਬਜਾਏ ਇਮਾਨਦਾਰੀ ਨਾਲ ਪੱਕੇ ਉੱਚਿਤ ਪ੍ਰਬੰਧ ਕੀਤੇ ਹੁੰਦੇ ਤਾਂ ਮੌਨਸੂਨ ਸਿਰ ਤੇ ਹੋਣ ਕਾਰਣ ਕਿਸਾਨਾਂ, ਮਜ਼ਦੂਰਾਂ, ਵਾਪਰੀਆਂ ਸਮੇਤ ਆਮ ਲੋਕਾਂ ਦੇ ਮਨ ਅੰਦਰ ਹੜ੍ਹਾਂ ਦੀ ਮਾਰ ਦੀ ਦਹਿਸ਼ਤ ਤੇ ਡਰ ਦੀ ਥਾਂ ਮੌਨਸੂਨ ਤੋਂ ਰਾਹਤ ਨਾਲ ਚਿਹਰੇ ਖੁਸ਼ੀ ਚ ਖਿੜ੍ਹੇ ਰਹਿਣੇ ਸਨ। ਉਹਨਾਂ ਕਿਹਾ ਕਿ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਸੂਬਾ ਮਾਨ ਸਰਕਾਰ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਸੰਭਾਵੀ ਹੜ੍ਹਾਂ ਦੇ ਸੁਰੱਖਿਆ ਪ੍ਰਬੰਧਾਂ ਲਈ ਜਿੱਥੇ ਸਖ਼ਤ ਦਿਸ਼ਾ ਨਿਰਦੇਸ਼ ਹਨ, ਉਥੇ ਅਜਨਾਲਾ ਹਲਕੇ ਚੋਂ ਲੰਘਦੇ ਕੌਮਾਂਤਰੀ ਦਰਿਆ ਰਾਵੀ ਚ ਪਿਛਲੇ ਵਰ੍ਹੇ ਭਿਅੰਕਰ ਹੜ੍ਹ ਕਾਰਨ 23 ਥਾਵਾਂ 'ਤੇ ਆਏ ਧੁੱਸੀ ਬੰਨ੍ਹ ਦੇ ਪਾੜ ਦੀ ਮੁਰੰਮਤ, ਮਜ਼ਬੂਤੀ ਤੇ ਪੱਥਰਾਂ ਆਦਿ ਨਾਲ ਸਪਰ ਬੰਨ੍ਹਣ ਆਦਿ ਸਮੇਤ ਦਰਿਆਵਾਂ, ਨਦੀਆਂ, ਨਾਲਿਆਂ ਦੀ ਸਾਫ ਸਫ਼ਾਈ, ਬੁਨਿਆਦੀ ਢਾਂਚੇ ਦੀ ਮਜ਼ਬੂਤੀ ਤੇ ਪਾਣੀ ਚ ਵੀ ਪ੍ਰਭਾਵਿਤ ਜ਼ਮੀਨੀ ਖੇਤਰ 'ਤੇ ਚਲਣ ਵਾਲੀਆਂ ਉੱਨਤ ਕਿਸਮ ਦੀਆਂ ਮਸ਼ੀਨਾਂ ਆਦਿ ਸਮੁੱਚੇ ਅਗਾਊਂ ਪ੍ਰਬੰਧਾਂ ਤੇ 600 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸ. ਧਾਲੀਵਾਲ ਨੇ ਪੰਜਾਬ ਭਾਜਪਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਮੌਨਸੂਨ ਤੋਂ ਪਹਿਲਾਂ ਪੰਜਾਬ ਚ ਪਿਛਲੇ ਵਰ੍ਹੇ ਹੜ੍ਹਾਂ ਦੀ ਮਾਰ ਹੇਠ ਜ਼ਿਲ੍ਹਿਆਂ ਦੇ ਪੀੜ੍ਹਤਾਂ ਦੇ ਪੁਨਰਵਾਸ, ਰਾਹਤ ਉਪਰਾਲਿਆਂ ਤੇ ਪ੍ਰਭਾਵਿਤ ਰਹੇ ਪ੍ਰੀਵਾਰਾਂ ਨਾਲ ਮੁਲਾਕਾਤਾਂ ਮੀਟਿੰਗਾਂ ਕਰਨ ਲਈ ਵੱਖ ਵੱਖ ਭਾਜਪਾ ਵਫਦਾਂ ਦੀਆਂ ਦੌਰਿਆਂ ਲਈ ਲਗਾਈਆਂ ਜ਼ਿੰਮੇਵਾਰੀਆਂ ਨੂੰ ਇੱਕ ਨੌਟੰਕੀ ਕਸਰਤ ਕਰਾਰ ਦਿੱਤਾ ਅਤੇ ਕਿਹਾ ਕਿ ਪਿਛਲੇ ਵਰ੍ਹੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਭ ਤੋਂ ਵੱਧ ਹੜ੍ਹ ਦੀ ਮਾਰ ਹੇਠ ਰਹੇ ਪ੍ਰਭਾਵਿਤ ਹਲਕਾ ਅਜਨਾਲਾ ਸਣੇ ਪੰਜਾਬ ਦੇ ਹੜ੍ਹ ਪੀੜ੍ਹਤਾਂ ਨਾਲ ਕੇਂਦਰੀ ਵਿੱਤੀ ਮਦਦ ਲਈ ਪ੍ਰਧਾਨ ਮੰਤਰੀ ਵਲੋਂ ਹਵਾਈ ਸਰਵੇਖਣ ਸਮੇਂ ਗੁਰਦਾਸਪੁਰ ਚ ਅਤੇ ਦੋ ਦਰਜ਼ਨ ਦੇ ਕਰੀਬ ਕੇਂਦਰੀ ਵਜ਼ੀਰਾਂ ਵੱਲੋਂ ਪੰਜਾਬ ਦੌਰਿਆਂ ਦੌਰਾਨ ਖੁੱਲੇ ਗੱਫਿਆਂ ਦੇ ਵਿੱਤੀ ਪੈਕੇਜ ਦੇਣ ਲਈ ਕੀਤੇ ਗਏ ਵਾਅਦੇ ਤੇ ਨਾਅਰੇ ਅਜੇ ਤੱਕ ਫ਼ੋਕੇ ਨਿਕਲਣ ਵਾਂਗ ਪੰਜਾਬ ਭਾਜਪਾ ਦੇ ਆਗੂਆਂ ਦੇ ਕੇਂਦਰੀ ਰਾਹਤ ਤੋਂ ਖਾਲੀ ਹੱਥ ਇਹ ਦੌਰੇ ਵੀ ਨੌਟੰਕੀ ਹੀ ਸਾਬਿਤ ਹੋਣਗੇ। ਸ. ਧਾਲੀਵਾਲ ਨੇ ਇਹ ਵੀ ਪ੍ਰਗਟਾਵਾ ਕੀਤਾ ਕੇਂਦਰੀ ਖੇਤੀ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ , ਜਿਨ੍ਹਾਂ ਵੱਲੋਂ ਪਿਛਲੇ ਵਰ੍ਹੇ ਅਜਨਾਲਾ ਹੜ੍ਹ ਪ੍ਰਭਾਵਿਤ ਖੇਤਰ ਦੇ ਉਚੇਚੇ ਸਰਵੇਖਣ ਦੌਰਾਨ ਐਲਾਨੀਆਂ ਤੌਰ ਤੇ ਕਿਹਾ ਗਿਆ ਸੀ ਕਿ ਇਹ ਹੜ੍ਹ ਨਹੀ ਸਗੋਂ ਸਭ ਤੋਂ ਵੱਡੀ ਹੜ੍ਹ ਦੀ ਮਾਰ ਦੀ ਪਰਲੋ ਹੈ। ਜਦੋਂ ਕਿ ਇਸ ਮੌਕੇ ਤੇ ਉਹਨਾਂ (ਸ.ਧਾਲੀਵਾਲ ) ਵਲੋਂ ਅਜਨਾਲਾ ਵਿਧਾਨਿਕ ਖਿੱਤੇ ਚ 2000 ਕਰੋੜ ਦੇ ਬੁਨਿਆਦੀ ਢਾਂਚੇ ਤੇ ਫਸਲਾਂ ਦੇ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਲਈ ਨਿੱਜੀ ਮੁਲਾਕਾਤ ਤੇ ਕੈਮਰਿਆਂ ਦੇ ਸਾਹਮਣੇ ਦਿੱਤੇ ਹੜ੍ਹ ਪੀੜਤਾਂ ਦੇ ਹੱਕ ਚ ਮੰਗ ਪੱਤਰ ਤੇ ਕੇਂਦਰੀ ਮੰਤਰੀ ਚੌਹਾਨ ਹੁਰਾਂ ਨੇ ਹਾਂ ਪੱਖੀ ਹੁੰਗਾਰਾ ਤਾਂ ਭਰਿਆ ਜੋ ਅਜੇ ਤੱਕ ਵੀ ਹਾਂ ਪੱਖੀ ਹੁੰਗਾਰਾ ਫ਼ੋਕਾ ਫਾਇਰ ਹੀ ਹੈ । ਇਸੇ ਤਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਹੜ੍ਹ ਮਾਰੂ ਖੇਤਰ ਦਾ ਹਵਾਈ ਸਰਵੇਖਣ ਕੀਤਾ ਗਿਆ ਸੀ ਅਤੇ ਗੁਰਦਾਸਪੁਰ ਵਿਖੇ ਵਫਦਾਂ ਨਾਲ ਪ੍ਰਧਾਨ ਮੰਤਰੀ ਦੀ ਹੋਈ ਮੀਟਿੰਗ ਚ ਪੰਜਾਬ ਸਰਕਾਰ ਦੇ ਵਜ਼ੀਰਾਂ ਤੇ ਆਲਾ ਅਧਿਕਾਰੀਆਂ ਵੱਲੋਂ 13 ਹਜ਼ਾਰ ਕਰੋੜ ਦੇ ਹੋਏ ਵਿੱਤੀ ਨੁਕਸਾਨ ਦੇ ਪੇਸ਼ ਕੀਤੇ ਗਏ ਤੱਥਾਂ ਨੂੰ ਦਰਕਿਨਾਰ ਕਰਦੇ ਹੋਏ ਪ੍ਰਧਾਨ ਮੰਤਰੀ ਹੁਰਾਂ ਨੇ 1600 ਕਰੋੜ ਰੁਪਏ ਵਿਤੀ ਪੈਕੇਜ ਦਾ ਐਲਾਨ ਕੀਤਾ, ਜੋ ਪੰਜਾਬ ਦੇ ਹੜ੍ਹ ਪੀੜ੍ਹਤਾਂ ਦੇ ਪੁਨਰ ਵਸੇਬੇ ਨਾਲ ਕਥਿਤ ਧਰੋਹ ਸਾਬਿਤ ਹੋਇਆ ਹੈ, ਕਿਉਂਕਿ ਇੱਕ ਸਾਲ ਦਾ ਲੰਮਾ ਅਰਸਾ ਬੀਤ ਜਾਣ ਦੇ ਬਾਵਜੂਦ 1600 ਕਰੋੜ ਐਲਾਨੀ ਰਾਸ਼ੀ ਚੋਂ ਇਕ ਨਵਾਂ ਪੈਸਾ ਵੀ ਪੰਜਾਬ ਸਰਕਾਰ ਨੂੰ ਹੜ੍ਹ ਪੀੜਤਾਂ ਲਈ ਜਾਰੀ ਨਹੀਂ ਕੀਤਾ ਗਿਆ। ਸ. ਧਾਲੀਵਾਲ ਨੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਮਸ਼ਵਰਾ ਦਿੱਤਾ ਕਿ ਸੰਵੇਦਨਸ਼ੀਲ ਖੇਤਰ ਚ ਅਜਿਹੀ ਨੌਟੰਕੀ ਕਸਰਤ ਚ ਪੈਣ ਦੀ ਬਜਾਏ ਕੇਂਦਰ ਕੋਲੋਂ ਪਿਛਲਾ 1600 ਕਰੋੜ ਹੜ੍ਹ ਰਾਹਤ ਵਿੱਤੀ ਪੈਕੇਜ ਸਮੇਤ ਪੰਜਾਬ ਪੇਂਡੂ ਵਿਕਾਸ ਫੰਡ ਦੀ ਰੋਕੀ ਹੋਈ ਹੱਕੀ ਕਮਾਈ ਤੇ ਹੋਰ ਰੋਕੇ ਹੋਏ ਵਿਤੀ ਫੰਡ ਜਾਰੀ ਕਰਵਾਉਣ ਤੋਂ ਇਲਾਵਾ ਪੰਜਾਬ ਨਾਲ ਨਿਰੰਤਰ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਨੂੰ ਬੰਦ ਕਰਵਾਉਣ ਲਈ ਕੇਂਦਰ ਸਰਕਾਰ ਕੋਲ ਪੰਜਾਬ ਭਾਜਪਾ ਦੇ ਵਫਦ ਭੇਜਣ ਲਈ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪਣ। ਇਸ ਮੌਕੇ ਤੇ ਸਰਪੰਚ ਜਗਤਾਰ ਸਿੰਘ, ਸਰਪੰਚ ਜਗੀਰ ਸਿੰਘ, ਸਰਪੰਚ ਰਾਜੂ ਫਤੇਵਾਲ,ਪੰਚਾਇਤੀ ਰਾਜ ਸੰਸਥਾਵਾਂ ਦੇ ਹੋਰ ਆਗੂ ਤੇ ਅਧਿਕਾਰੀ ਮੌਜੂਦ ਸਨ।
- Download Babushahi App
-
-