ਲੁਧਿਆਣਾ 'ਚ ਦਿਲ ਦਹਿਲਾ ਦੇਣ ਵਾਲਾ ਹਾਦਸਾ: ਸੈਰ ਕਰਨ ਨਿਕਲੀ ਔਰਤ ਨੂੰ ਡਿਜ਼ਾਇਰ ਕਾਰ ਨੇ ਕੁਚਲਿਆ, ਮੌਤ; ਸੀਸੀਟੀਵੀ ਦੇ ਆਧਾਰ 'ਤੇ ਪੁਲਿਸ ਜਾਂਚ 'ਚ ਜੁਟੀ
ਸੁਖਮਿੰਦਰ ਭੰਗੂ
ਲੁਧਿਆਣਾ, 3 ਜੁਲਾਈ
ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਤੋਂ ਇੱਕ ਬੇਹੱਦ ਦੁਖਦਾਈ ਅਤੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਪ੍ਰਸਿੱਧ ਸੁਰਿੰਦਰਾ ਸਟੋਰ ਦੇ ਮਾਲਕ ਐਮ.ਪੀ. ਸਿੰਘ ਦੀ ਧਰਮਪਤਨੀ ਹਰਪ੍ਰੀਤ ਕੌਰ (53) ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਦਰਦਨਾਕ ਘਟਨਾ ਨੇ ਨਾ ਸਿਰਫ਼ ਪਰਿਵਾਰ, ਸਗੋਂ ਪੂਰੇ ਸ਼ਹਿਰ ਨੂੰ ਗਹਿਰੇ ਸੋਗ ਵਿੱਚ ਡੁੱਬੋ ਦਿੱਤਾ ਹੈ।
ਜਾਣਕਾਰੀ ਅਨੁਸਾਰ ਹਰਪ੍ਰੀਤ ਕੌਰ ਅੱਜ ਸਵੇਰੇ ਹਰ ਰੋਜ਼ ਦੀ ਤਰ੍ਹਾਂ ਆਪਣੀ ਇੱਕ ਸਹੇਲੀ ਨਾਲ ਸੈਰ ਕਰਨ ਲਈ ਘਰ ਤੋਂ ਨਿਕਲੀਆਂ ਸਨ। ਕਰੀਬ ਸਵੇਰੇ 6:15 ਵਜੇ, ਜਦੋਂ ਉਹ ਮਾਡਲ ਟਾਊਨ ਸਥਿਤ ਦੀਪ ਹਸਪਤਾਲ ਨੇੜੇ ਸੜਕ ਤੋਂ ਲੰਘ ਰਹੀਆਂ ਸਨ, ਤਾਂ ਇੱਕ ਤੇਜ਼ ਰਫ਼ਤਾਰ ਡਿਜ਼ਾਇਰ ਕਾਰ ਨੇ ਲਾਪਰਵਾਹੀ ਨਾਲ ਪਹਿਲਾਂ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰੀ। ਚਸ਼ਮਦੀਦਾਂ ਮੁਤਾਬਕ ਟੱਕਰ ਮਾਰਨ ਤੋਂ ਬਾਅਦ ਵੀ ਕਾਰ ਚਾਲਕ ਨਹੀਂ ਰੁਕਿਆ, ਸਗੋਂ ਉਨ੍ਹਾਂ ਨੂੰ ਕਾਰ ਹੇਠਾਂ ਕੁਚਲਦਾ ਹੋਇਆ ਮੌਕੇ ਤੋਂ ਫ਼ਰਾਰ ਹੋ ਗਿਆ।
ਗੰਭੀਰ ਜ਼ਖ਼ਮੀ ਹਾਲਤ ਵਿੱਚ ਹਰਪ੍ਰੀਤ ਕੌਰ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ ਅਤੇ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ।
ਇਹ ਪੂਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਫੁਟੇਜ ਦੇ ਆਧਾਰ 'ਤੇ ਕਾਰ ਦਾ ਨੰਬਰ ਟ੍ਰੇਸ ਕਰ ਲਿਆ ਹੈ ਅਤੇ ਦੋਸ਼ੀ ਚਾਲਕ ਦੀ ਪਛਾਣ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਜਾਂਚ ਤੇਜ਼ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦ ਕਾਬੂ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਦਰਦਨਾਕ ਹਾਦਸੇ ਨੇ ਇੱਕ ਵਾਰ ਫਿਰ ਸ਼ਹਿਰ ਵਿੱਚ ਤੇਜ਼ ਰਫ਼ਤਾਰ ਅਤੇ ਲਾਪਰਵਾਹ ਡਰਾਈਵਿੰਗ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਨੇ ਦੋਸ਼ੀ ਚਾਲਕ ਖ਼ਿਲਾਫ਼ ਮਿਸਾਲੀ ਕਾਰਵਾਈ ਕਰਨ ਅਤੇ ਸੜਕ ਸੁਰੱਖਿਆ ਨਿਯਮਾਂ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ ਹੈ।ਇਸ ਸਬੰਧੀ ਜਦੋਂ ਮਾਡਲ ਟਾਊਨ ਥਾਣੇ ਦੇ ਮੁੱਖ ਅਫ਼ਸਰ ਗੁਰਸਿੰਦਰ ਕੌਰ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਦਾ ਫੋਨ ਬੀਜ਼ੀ ਆ ਰਿਹਾ ਸੀ ।
- Download Babushahi App
-
-