ਦਰਬਾਰ ਸਾਹਿਬ ਨੇੜੇ ਗਲਿਆਰਾ ਇਲਾਕੇ 'ਚ ਗੋਲੀਬਾਰੀ ਨਾਲ ਦੋ ਜ਼ਖ਼ਮੀ, ਪੁਲਿਸ ਵਲੋਂ ਤਿੰਨ ਕਾਬੂ
550 ਰੁਪਏ ਦੇ ਲੈਣ-ਦੇਣ ਤੋਂ ਸ਼ੁਰੂ ਹੋਇਆ ਵਿਵਾਦ, ਨਸ਼ੇ ਦੀ ਹਾਲਤ 'ਚ ਨੌਜਵਾਨਾਂ ਨੇ ਚਲਾਈਆਂ ਗੋਲੀਆਂ
Kulwinder Singh, Amritsar
6 ਜੂਨ ਦੀ ਰਾਤ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗਲਿਆਰੇ ਇਲਾਕੇ ਅਤੇ ਆਸ-ਪਾਸ ਦੇ ਬਾਜ਼ਾਰਾਂ ਵਿੱਚ ਕੁਝ ਨੌਜਵਾਨਾਂ ਵੱਲੋਂ ਕੀਤੀ ਗਈ ਹੁੱਲੜਬਾਜ਼ੀ ਅਤੇ ਗੋਲੀਬਾਰੀਦੀ ਖ਼ਬਰ ਸਾਹਮਣੇ ਆਈ ਹੈ ਜਿਸ ਨਾਲ ਦੂਰ ਦਰਾਡੇ ਤੋਂ ਆਈਆਂ ਸੰਗਤਾਂ ਅਤੇ ਸਥਾਨਕ ਲੋਕਾਂ ਵਿੱਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ। ਜਾਣਕਾਰੀ ਅਨੁਸਾਰ ‘ਵਿਨੋਦ ਕਰਿਆਨਾ ਸਟੋਰ’ 'ਤੇ ਰਾਤ ਸਮੇਂ 4 ਤੋਂ 5 ਨੌਜਵਾਨ ਸਮਾਨ ਖਰੀਦਣ ਲਈ ਆਏ। ਦੁਕਾਨਦਾਰ ਵਿਨੋਦ ਮਲਹੋਤਰਾ ਮੁਤਾਬਕ ਨੌਜਵਾਨਾਂ ਨੇ ਕਰੀਬ 550 ਰੁਪਏ ਦਾ ਸਮਾਨ ਲਿਆ, ਪਰ ਆਨਲਾਈਨ ਰਾਹੀਂ ਸਿਰਫ਼ 230 ਰੁਪਏ ਹੀ ਅਦਾ ਕੀਤੇ। ਬਾਕੀ ਰਕਮ ਮੰਗਣ 'ਤੇ ਬਹਿਸ ਸ਼ੁਰੂ ਹੋ ਗਈ, ਜੋ ਕੁਝ ਹੀ ਪਲਾਂ ਵਿੱਚ ਹਿੰਸਕ ਰੂਪ ਧਾਰ ਗਈ।
ਦੋਸ਼ ਹੈ ਕਿ ਨੌਜਵਾਨਾਂ ਨੇ ਪਿਸਤੌਲ ਕੱਢ ਕੇ ਦੁਕਾਨ ਵੱਲ ਅੰਨ੍ਹੇਵਾਹ 4 ਤੋਂ 5 ਰਾਊਂਡ ਫਾਇਰਿੰਗ ਕਰ ਦਿੱਤੀ। ਇਸ ਘਟਨਾ ਵਿੱਚ ਦੁਕਾਨ ਮਾਲਕ ਵਿਨੋਦ ਮਲਹੋਤਰਾ ਜ਼ਖ਼ਮੀ ਹੋ ਗਏ, ਜਦਕਿ ਨੇੜਲੇ ਢਾਬੇ 'ਤੇ ਕੰਮ ਕਰ ਰਿਹਾ ਇੱਕ ਨੌਜਵਾਨ ਵੀ ਗੋਲੀ ਦੇ ਛੱਰੇ ਲੱਗਣ ਕਾਰਨ ਜ਼ਖ਼ਮੀ ਹੋਇਆ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਹਮਲਾਵਰ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਉਹ ਸਥਾਨਕ ਨਿਵਾਸੀ ਨਹੀਂ ਲੱਗ ਰਹੇ ਸਨ। ਉਨ੍ਹਾਂ ਕੋਲ ਦੋ ਕਾਰਾਂ ਸਨ ਅਤੇ ਜਿਨਾਂ ਵੱਲੋਂ ਇੱਕ ਘੰਟੇ ਤੱਕ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਾਈ ਰੱਖਿਆ ਗਿਆ। ਉਨ੍ਹਾਂ ਵੱਲੋਂ ਹੋਰ ਲੋਕਾਂ ਨਾਲ ਵੀ ਝਗੜੇ ਅਤੇ ਹਮਲੇ ਕਰਨ ਦੇ ਦੋਸ਼ ਲਗਾਏ ਗਏ ਹਨ।
ਘਟਨਾ ਤੋਂ ਬਾਅਦ ਸਥਾਨਕ ਲੋਕਾਂ ਅਤੇ ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਕੋਲ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਅਪੀਲ ਕੀਤੀ। ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀਸੀਟੀਵੀ ਕੈਮਰਿਆਂ ਅਤੇ ਹੋਰ ਸੁਰਾਗਾਂ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਵਿੱਚ ਸ਼ਾਮਲ ਤਿੰਨ ਆਰੋਪੀਆ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
- Download Babushahi App
-
-