ਬਾਜ਼ਾਰ ਵਿੱਚ ਨਕਲੀ ਦਵਾਈਆਂ ਦਾ ਵੀ ਪਰਦਾਫਾਸ਼
ਨਵੀਂ ਦਿੱਲੀ: 21 ਫਰਵਰੀ, 2026
ਦੇਸ਼ ਵਿੱਚ ਦਵਾਈਆਂ ਦੀ ਗੁਣਵੱਤਾ ਨੂੰ ਲੈ ਕੇ ਇੱਕ ਬਹੁਤ ਹੀ ਚਿੰਤਾਜਨਕ ਰਿਪੋਰਟ ਸਾਹਮਣੇ ਆਈ ਹੈ। ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਵੱਲੋਂ ਜਨਵਰੀ ਮਹੀਨੇ ਲਈ ਜਾਰੀ ਕੀਤੀ ਗਈ ਮਾਸਿਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਜਾਂਚ ਦੌਰਾਨ ਕੁੱਲ 240 ਦਵਾਈਆਂ ਦੇ ਨਮੂਨੇ ਮਿਆਰੀ ਗੁਣਵੱਤਾ ਦੇ ਮਾਪਦੰਡਾਂ 'ਤੇ ਖਰੇ ਨਹੀਂ ਉਤਰੇ (NSQ)।
ਇਨ੍ਹਾਂ ਫੇਲ੍ਹ ਹੋਏ ਨਮੂਨਿਆਂ ਵਿੱਚੋਂ 68 ਨੂੰ ਕੇਂਦਰੀ ਪ੍ਰਯੋਗਸ਼ਾਲਾਵਾਂ ਅਤੇ 172 ਨੂੰ ਰਾਜ ਪੱਧਰੀ ਡਰੱਗ ਟੈਸਟਿੰਗ ਲੈਬਾਰਟਰੀਆਂ ਵੱਲੋਂ ਘਟੀਆ ਗੁਣਵੱਤਾ ਦਾ ਕਰਾਰ ਦਿੱਤਾ ਗਿਆ ਹੈ। ਇਹ ਦਵਾਈਆਂ ਮਰੀਜ਼ਾਂ ਦੀ ਸਿਹਤ ਲਈ ਪ੍ਰਭਾਵਸ਼ਾਲੀ ਸਾਬਤ ਹੋਣ ਦੀ ਬਜਾਏ ਨੁਕਸਾਨਦੇਹ ਹੋ ਸਕਦੀਆਂ ਹਨ।
ਸਭ ਤੋਂ ਵੱਧ ਹੈਰਾਨੀਜਨਕ ਅਤੇ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਜਾਂਚ ਦੌਰਾਨ ਤਿੰਨ ਪੂਰੀ ਤਰ੍ਹਾਂ ਨਕਲੀ ਦਵਾਈਆਂ ਦਾ ਵੀ ਪਤਾ ਲੱਗਿਆ ਹੈ। ਇਹ ਨਕਲੀ ਦਵਾਈਆਂ ਦਿੱਲੀ, ਉੱਤਰਾਖੰਡ ਅਤੇ ਪੱਛਮੀ ਬੰਗਾਲ ਵਿੱਚ ਫੜੀਆਂ ਗਈਆਂ ਹਨ। ਰਿਪੋਰਟ ਅਨੁਸਾਰ ਕੁਝ ਬੇਈਮਾਨ ਨਿਰਮਾਤਾ ਮਸ਼ਹੂਰ ਅਤੇ ਸਥਾਪਿਤ ਬ੍ਰਾਂਡਾਂ ਦੇ ਨਾਮ ਦੀ ਨਜਾਇਜ਼ ਵਰਤੋਂ ਕਰਕੇ ਨਕਲੀ ਦਵਾਈਆਂ ਬਾਜ਼ਾਰ ਵਿੱਚ ਵੇਚ ਰਹੇ ਸਨ।
CDSCO ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਸਾਰੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਵਾਲੇ ਇਨ੍ਹਾਂ ਨਿਰਮਾਤਾਵਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮਾਹਿਰਾਂ ਨੇ ਆਮ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਦਵਾਈਆਂ ਖਰੀਦਦੇ ਸਮੇਂ ਬਿੱਲ ਜ਼ਰੂਰ ਲੈਣ ਅਤੇ ਬ੍ਰਾਂਡ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ।