“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ਾ ਤਸਕਰ ਦੀ ਗੈਰਕਾਨੂੰਨੀ ਉਸਾਰੀ ਢਾਹੀ
ਮਲਕੀਤ ਸਿੰਘ ਮਲਕਪੁਰ
ਲਾਲੜੂ 22 ਫ਼ਰਵਰੀ 2026: ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਵਿੱਢੀ ਸੂਬਾ ਪੱਧਰੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਐਸ.ਐਸ.ਪੀ. ਐਸ.ਏ.ਐਸ. ਨਗਰ ਹਰਮਨਦੀਪ ਸਿੰਘ ਹਾਂਸ ਦੇ ਨਿਰਦੇਸ਼ਾਂ ਅਤੇ ਐਸ.ਪੀ. (ਦਿਹਾਤੀ) ਮਨਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ, ਐਸ.ਪੀ. ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਵਿੱਚ ਪੁਲਿਸ ਵੱਲੋਂ ਲਖਨ ਕੁਮਾਰ ਉਰਫ਼ ਲਖਨ ਪੁੱਤਰ ਤਕ ਚੰਦ, ਵਾਸੀ ਨੇੜੇ ਵਿਕਾਸ ਪੈਟਰੋਲ ਪੰਪ, ਲਾਲੜੂ, ਦੀ ਗੈਰਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ ਗਿਆ। ਇਹ ਉਸਾਰੀ ਨੇੜੇ ਵਿਕਾਸ ਪੈਟਰੋਲ ਪੰਪ, ਢੇਹਾ ਬਸਤੀ, ਲਾਲੜੂ ਵਿਖੇ ਸਥਿਤ ਸੀ। ਇਹ ਉਸਾਰੀ ਢਾਹੁਣ ਦੀ ਕਾਰਵਾਈ 20 ਫਰਵਰੀ ਨੂੰ ਨਗਰ ਕੌਂਸਲ, ਲਾਲੜੂ ਵੱਲੋਂ ਅਮਲ ਵਿੱਚ ਲਿਆਂਦੀ ਗਈ। ਇਸ ਮੌਕੇ ਇੰਸਪੈਕਟਰ ਰਣਵੀਰ ਸਿੰਘ, ਐਸ.ਐਚ.ਓ. ਲਾਲੜੂ ਅਤੇ ਐਸ.ਆਈ. ਗੁਰਵਿੰਦਰ ਸਿੰਘ, ਇੰਚਾਰਜ ਪੀ.ਪੀ. ਨਹਿਰ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ‘ਤੇ ਮੌਜੂਦ ਰਹੀ ਤਾਂ ਜੋ ਕਾਨੂੰਨ-ਵਿਵਸਥਾ ਕਾਇਮ ਰਹੇ। ਦੋਸ਼ੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੁੱਲ 07 ਐਫ.ਆਈ.ਆਰ ਦਰਜ ਹਨ, ਜੋ ਕਿ ਆਈ.ਪੀ.ਸੀ., ਐਨ.ਡੀ.ਪੀ.ਐਸ. ਐਕਟ, ਪ੍ਰਿਵੈਂਸ਼ਨ ਐਕਟ ਅਤੇ ਐਕਸਾਈਜ਼ ਐਕਟ ਅਧੀਨ ਹਨ। ਜ਼ਿਲ੍ਹਾ ਪੁਲਿਸ ਨੇ ਦੁਹਰਾਇਆ ਹੈ ਕਿ ਨਸ਼ਾ ਤਸਕਰਾਂ ਅਤੇ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਅਪਰਾਧੀਆਂ ਵਿਰੁੱਧ ਕਾਨੂੰਨੀ ਕਾਰਵਾਈ ਲਗਾਤਾਰ ਜਾਰੀ ਰਹੇਗੀ। “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਪੂਰੇ ਜ਼ੋਰ-ਸ਼ੋਰ ਨਾਲ ਅੱਗੇ ਵਧਾਇਆ ਜਾਵੇਗਾ ਤਾਂ ਜੋ ਪੰਜਾਬ ਨੂੰ ਸੁਰੱਖਿਅਤ ਅਤੇ ਨਸ਼ਾ-ਮੁਕਤ ਬਣਾਇਆ ਜਾ ਸਕੇ।