BREAKING: ਭਗਵੰਤ ਮਾਨ ਅਤੇ ਕੇਜਰੀਵਾਲ ਗੁਜਰਾਤ ਦੌਰੇ 'ਤੇ; ਅਹਿਮਦਾਬਾਦ 'ਚ ਹੋਵੇਗੀ ਵੱਡੀ ਪ੍ਰੈੱਸ ਕਾਨਫਰੰਸ
Babushahi Network
ਅਹਿਮਦਾਬਾਦ 20 ਫਰਵਰੀ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਭਲਕੇ (21 ਫਰਵਰੀ) ਤੋਂ ਗੁਜਰਾਤ ਦੇ ਦੋ ਦਿਨਾਂ ਦੌਰੇ 'ਤੇ ਜਾਣਗੇ। ਇਹ ਦੌਰਾ ਗੁਜਰਾਤ ਵਿੱਚ ਪਾਰਟੀ ਦੀ ਸੰਗਠਨਾਤਮਕ ਮਜ਼ਬੂਤੀ ਅਤੇ ਆਉਣ ਵਾਲੀਆਂ ਸਥਾਨਕ ਚੋਣਾਂ ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।
ਪਾਰਟੀ ਸੂਤਰਾਂ ਮੁਤਾਬਿਕ, ਭਗਵੰਤ ਮਾਨ ਅਤੇ ਕੇਜਰੀਵਾਲ 21 ਅਤੇ 22 ਫਰਵਰੀ ਨੂੰ ਗੁਜਰਾਤ ਵਿੱਚ ਰਹਿਣਗੇ। ਕੇਜਰੀਵਾਲ ਅਤੇ ਮਾਨ ਪਾਰਟੀ ਦੇ ਵੱਖ-ਵੱਖ ਜਨਤਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ ਅਤੇ ਗੁਜਰਾਤ ਇਕਾਈ ਦੇ ਅਹੁਦੇਦਾਰਾਂ ਨਾਲ ਬੈਠਕਾਂ ਕਰਕੇ ਸੰਗਠਨ ਦੀ ਸਮੀਖਿਆ ਕਰਨਗੇ।
ਕੱਲ੍ਹ ਅਹਿਮਦਾਬਾਦ ਵਿਖੇ ਦੋਵੇਂ ਆਗੂ ਭਾਰਤ-ਅਮਰੀਕਾ ਵਪਾਰ ਸਮਝੌਤੇ (India-US Trade Deal) ਨੂੰ ਲੈ ਕੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਕਰਨਗੇ, ਜਿਸ ਵਿੱਚ ਉਹ ਇਸ ਸਮਝੌਤੇ ਦੇ ਦੇਸ਼ ਅਤੇ ਖਾਸ ਕਰਕੇ ਕਿਸਾਨਾਂ ਤੇ ਵਪਾਰੀਆਂ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਪਾਰਟੀ ਦਾ ਪੱਖ ਰੱਖ ਸਕਦੇ ਹਨ।
ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਗਏ ਵਪਾਰਕ ਸਮਝੌਤੇ 'ਤੇ ਵਿਰੋਧੀ ਧਿਰਾਂ ਲਗਾਤਾਰ ਸਵਾਲ ਚੁੱਕ ਰਹੀਆਂ ਹਨ। ਗੁਜਰਾਤ ਵਿੱਚ ਆਪਣਾ ਅਧਾਰ ਵਧਾ ਰਹੀ 'ਆਪ' ਲਈ ਇਹ ਦੌਰਾ ਮਹੱਤਵਪੂਰਨ ਸਾਬਤ ਹੋ ਸਕਦਾ ਹੈ।