ਭਾਸ਼ਾ ਵਿਭਾਗ ਪੰਜਾਬ ਵੱਲੋਂ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵਿਖੇ ਸਜੀ ਕਾਵਿ ਮਹਿਫ਼ਲ
ਪਟਿਆਲਾ 21 ਫਰਵਰੀ:
ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਸਟੇਟ ਕਾਲਜ ਆਫ ਐਜੂਕੇਸ਼ਨ ’ਚ ਸਥਿਤ ਕੈਂਪਸ ਵਿਖੇ ਪਟਿਆਲਾ ਸਾਹਿਤ ਉਤਸਵ ਦੌਰਾਨ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦੌਰਾਨ ਨਾਮਵਰ ਲੇਖਕ ਪ੍ਰੋ. (ਡਾ.) ਸੁਹਿੰਦਰਬੀਰ ਸਿੰਘ ਮੁੱਖ ਮਹਿਮਾਨ ਵਜੋਂ, ਪ੍ਰੋ. ਪਰਵੀਨ ਕੁਮਾਰ, ਡਾ. ਕੁਲਦੀਪ ਸਿੰਘ ਤੇ ਕਵੀ ਸਤਬੀਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਅਮਰਜੀਤ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਭਾਸ਼ਾ ਵਿਭਾਗ ਦੀ ਤਰਫ਼ੋਂ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਸਭ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਦੀ ਜ਼ੁੰਮੇਵਾਰੀ ਬਾਖੂਬੀ ਨਿਭਾਈ।
ਡਾ. ਸੁਹਿੰਦਰਬੀਰ ਸਿੰਘ ਨੇ ‘ਅੱਖੀਆਂ ਵਿੱਚ ਅੱਥਰੂ..’ ਕਵਿਤਾ ਰਾਹੀਂ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ ਅਤੇ ਸਤਬੀਰ ਸਿੰਘ ਸਮਾਜਿਕ ਕੁਰੀਤੀਆਂ ਬਾਰੇ ਕਵਿਤਾ ਪੜ੍ਹੀ। ਪ੍ਰਧਾਨਗੀ ਭਾਸ਼ਨ ਦੌਰਾਨ ਦਰਸ਼ਨ ਬੁੱਟਰ ਨੇ ਭਾਸ਼ਾ ਵਿਭਾਗ ਤੇ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਆਪਣੀ ਕਵਿਤਾ ‘ਜੂਨ’ ਰਾਹੀਂ ਮਖੌਟੇ ਪਹਿਨ ਕੇ ਸਮਾਜ ’ਚ ਵਿਚਰਨ ਵਾਲਿਆਂ ’ਤੇ ਵਿਅੰਗ ਕੀਤਾ। ਅਮਰਜੀਤ ਕਸਕ ਨੇ ਵੀ ਆਪਣੀ ਕਵਿਤਾ ਰਾਹੀਂ ਅਜੋਕੀਆਂ ਸਮਾਜਿਕ ਪ੍ਰਸਥਿਤੀਆਂ ਬਾਰੇ ਗੰਭੀਰ ਚਿੰਤਨ ਦਾ ਪ੍ਰਗਟਾਵਾ ਕੀਤਾ। ਅਮਰਜੀਤ ਕੌਂਕੇ ਨੇ ‘ਸਟੇਟਸ’ ਕਵਿਤਾ ਰਾਹੀਂ ਅਜੋਕੇ ਪ੍ਰੇਮੀਆਂ ’ਤੇ ਅਤੇ ਹਰਦੀਪ ਸੱਭਰਵਾਲ ਨੇ ਮੌਜੂਦਾ ਰਾਜਨੀਤੀ ’ਤੇ ਚੋਟ ਕੀਤੀ। ਗੁਰਵਿੰਦਰ ਅਮਨ ਨੇ ਜ਼ਮੀਰ, ਦਵਿੰਦਰ ਪਟਿਆਲਵੀ ਨੇ ਧੀਆਂ ਬਾਰੇ, ਹਰਪ੍ਰੀਤ ਸੰਧੂ ਨੇ ਭਾਈਚਾਰਕ ਸਾਂਝਾ ਦੇ ਬਦਲਦੇ ਰੂਪ ਬਾਰੇ ਕਾਵਿ ਪੇਸ਼ ਕੀਤਾ। ਨਵਦੀਪ ਮੁੰਡੀ ਨੇ ਆਪਣੀ ਕਵਿਤਾ ਰਾਹੀਂ ਉਮਰ ਦੇ ਹਿਸਾਬ ਨੇ ਵਿਅਕਤੀ ਦੇ ਦ੍ਰਿਸ਼ਟੀਕੋਣ ’ਚ ਹੋਣ ਵਾਲੀਆਂ ਤਬਦੀਲੀਆਂ ਦੀ ਖ਼ੂਬਸੂਰਤ ਵਿਆਖਿਆ ਕੀਤੀ। ਅਨੀਤਾ ਪਟਿਆਲਵੀ ਨੇ ਪੰਜਾਬ ਦੀ ਖੂਬਸੂਰਤੀ ਅਤੇ ਸੁਖਵਿੰਦਰ ਚਹਿਲ ਨੇ ਸਮਾਜਿਕ ਸਾਂਝਾਂ ਬਾਰੇ ਕਵਿਤਾ ਪੇਸ਼ ਕੀਤੀ। ਡਾ. ਮੋਹਨ ਤਿਆਗੀ ਨੇ ‘ਜੇਠੂ’ ਕਵਿਤਾ ਰਾਹੀਂ ਇੱਕ ਆਜੜੀ ਦੇ ਜੀਵਨ ਬਾਰੇ ਗੱਲ ਕੀਤੀ। ਰਾਜਵੀਰ ਮੱਤਾ ਨੇ ਆਪਣੀ ਨਜ਼ਮ ਰਾਹੀਂ ਮਿਹਨਤਕਸ਼ਾਂ-ਕਿਰਤੀਆਂ ਦੀ ਗੱਲ ਕੀਤੀ। ਡਾ. ਪੁਸ਼ਪਿੰਦਰ ਖੋਖਰ ਨੇ ਮਾਂ ਬੋਲੀ, ਡਾ. ਸੁਖਵਿੰਦਰ ਤੇ ਪਰਮਜੀਤ ਸੋਹਲ ਨੇ ਰਿਸ਼ਤਿਆਂ ਦੀ ਪਾਕੀਜ਼ਗੀ ਗੱਲ ਕੀਤੀ। ਸ਼ਤੀਸ਼ ਵਿਦਰੋਹੀ ਨੇ ਪੁਆਧੀ ਭਾਸ਼ਾ ’ਚ ਹਾਸ-ਵਿਅੰਗ ਦੇ ਰੰਗ ਬਿਖੇਰੇ। ਚਮਕੌਰ ਚਹਿਲ ਨੇ ਬੇਬਸੀ, ਕੁਲਵੰਤ ਖਨੌਰੀ ਨੇ ਮਾਂ ਬੋਲੀ ਬਾਰੇ ਕਵਿਤਾ ‘ਰੱਬ ਵਰਗਾ ਅਹਿਸਾਸ ਏ ਪੰਜਾਬੀ ਦਾ…’, ਅਵਤਾਰਜੀਤ ਸਿੰਘ ਨੇ ‘ਅਸੀਂ ਲਿਖਦੇ ਹਾਂ.., ਤੁਰੰਨਮ ’ਚ ਪੇਸ਼ ਕਰਕੇ ਕਵੀ ਦਰਬਾਰ ਨੂੰ ਸੰਗੀਤਮਈ ਬਣਾ ਦਿੱਤਾ। ਇਸ ਮੌਕੇ ਉੱਘੇ ਚਿੰਤਕ ਡਾ. ਜਸਵਿੰਦਰ ਸਿੰਘ, ਡਾ. ਧਨਵੰਤ ਕੌਰ, ਪ੍ਰੋ. ਕਿਰਪਾਲ ਕਜ਼ਾਕ, ਡਾ. ਧਰਮਿੰਦਰ ਸਿੰਘ, ਡਾ. ਸਰਵਰਿੰਦਰ ਸਿੰਘ, ਡਾ. ਦੀਪ ਸ਼ਿਖਾ, ਪ੍ਰਿੰ. ਚੂਹੜ ਸਿੰਘ, ਗੋਪਾਲ ਸ਼ਰਮਾ, ਤ੍ਰਿਲੋਕ ਢਿੱਲੋਂ, ਗੁਰਚਰਨ ਗੁਣੀਕੇ, ਨਵਨੀਤ ਸਿੱਧੂ, ਹਰਬੰਸ ਮਾਣਕਪੁਰੀ, ਡਾ. ਜਗਜੀਤ, ਡਾ. ਬਲਜੀਤ ਕੌਰ ਅਤੇ ਵੱਡੀ ਗਿਣਤੀ ’ਚ ਸਰੋਤੇ ਮੌਜ਼ੂਦ ਸਨ। ਅਖੀਰ ਵਿੱਚ ਸਾਰੇ ਕਵੀਆਂ ਤੇ ਮਹਿਮਾਨਾਂ ਦਾ ਭਾਸ਼ਾ ਵਿਭਾਗ ਪੰਜਾਬ ਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਸਨਮਾਨ ਕੀਤਾ ਗਿਆ।