ਪੰਜਾਬ ਸਕੱਤਰੇਤ ਅਤੇ ਚੰਡੀਗੜ੍ਹ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਈ-ਮੇਲ ਰਾਹੀਂ ਮਿਲੀ ਧਮਕੀ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਇਲਾਕੇ ਦੀ ਕੀਤੀ ਘੇਰਾਬੰਦੀ; ਸਰਚ ਆਪ੍ਰੇਸ਼ਨ ਜਾਰੀ
Babushahi Network
ਚੰਡੀਗੜ੍ਹ 19 ਫਰਵਰੀ 2026- ਅੱਜ ਫਿਰ ਪੰਜਾਬ ਸਿਵਲ ਸਕੱਤਰੇਤ (Secretariat) ਅਤੇ ਚੰਡੀਗੜ੍ਹ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ (District Court) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਹ ਧਮਕੀ ਇੱਕ ਗੁਮਨਾਮ ਈ-ਮੇਲ ਰਾਹੀਂ ਭੇਜੀ ਗਈ ਹੈ, ਜਿਸ ਤੋਂ ਬਾਅਦ ਪੂਰੇ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ। ਧਮਕੀ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸਕੱਤਰੇਤ ਅਤੇ ਅਦਾਲਤੀ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਹੈ। ਕਰਮਚਾਰੀਆਂ, ਵਕੀਲਾਂ ਅਤੇ ਆਮ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਦਿੱਤਾ ਗਿਆ ਹੈ।
ਚੰਡੀਗੜ੍ਹ ਪੁਲਿਸ ਦੇ ਨਾਲ-ਨਾਲ ਹੋਰ ਸੁਰੱਖਿਆ ਬਲਾਂ ਨੇ ਸਕੱਤਰੇਤ ਅਤੇ ਅਦਾਲਤ ਦੀ ਘੇਰਾਬੰਦੀ ਕਰ ਲਈ ਹੈ। ਬੰਬ ਨਿਰੋਧਕ ਦਸਤਾ (Bomb Disposal Squad) ਅਤੇ ਡੌਗ ਸਕੁਐਡ ਦੀਆਂ ਟੀਮਾਂ ਇਮਾਰਤ ਦੇ ਅੰਦਰ ਚੱਪੇ-ਚੱਪੇ ਦੀ ਤਲਾਸ਼ੀ ਲੈ ਰਹੀਆਂ ਹਨ।
ਪੁਲਿਸ ਅਧਿਕਾਰੀਆਂ ਅਨੁਸਾਰ ਈ-ਮੇਲ ਦੀ ਜਾਂਚ ਸਾਈਬਰ ਸੈੱਲ ਵੱਲੋਂ ਕੀਤੀ ਜਾ ਰਹੀ ਹੈ ਤਾਂ ਜੋ ਭੇਜਣ ਵਾਲੇ ਦਾ ਪਤਾ ਲਗਾਇਆ ਜਾ ਸਕੇ। ਅਦਾਲਤੀ ਕੰਮਕਾਜ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਨੇੜਲੇ ਰਸਤਿਆਂ 'ਤੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾਂ 'ਤੇ ਧਿਆਨ ਨਾ ਦੇਣ ਅਤੇ ਇਨ੍ਹਾਂ ਇਲਾਕਿਆਂ ਵੱਲ ਜਾਣ ਤੋਂ ਪਰਹੇਜ਼ ਕਰਨ।