ਕੁਦਰਤੀ ਜੀਵਨਸ਼ੈਲੀ ਤੇ ਸਾਇੰਸ - ਰੁੱਖਾਂ ਨਾਲ ਬਾਤਾਂ ਪਾਉਣੀਆਂ ਸਮਾਂ ਬਿਤਾਉਣਾ-5- ਡਾ. ਅਮਰਜੀਤ ਟਾਂਡਾ
ਰੁੱਖ ਵੀ ਦੁੱਖ ਸੁੱਖ ਸਾਂਝੇ ਕਰਦੇ ਹਨ ਕਦੇ ਉਹਨਾਂ ਨਾਲ ਗਲਵੱਕੜੀ ਪਾ ਕੇ ਦੇਖਿਓ, ਉਹਨਾਂ ਦੀ ਗੋਦ ਵਿੱਚ ਬਹਿ ਕੇ ਗੱਲਾਂ ਕਰਿਓ ਬਾਤਾਂ ਪਾਇਓ।
ਜਦੋਂ ਤਪਦੀ ਧੁੱਪ ਤੜਫਾਉਂਦੀ ਹੈ ਤਾਂ ਕਿਸੇ ਸੰਘਣੇ ਰੁੱਖ ਦੀ ਛਾਂ, ਮਾਂ ਵਰਗੀ ਲੱਭ ਮਾਣ ਕੇ ਸੁਰਗਾਂ ਦਾ ਨਜ਼ਾਰਾ ਮਹਿਸੂਸ ਕਰੀਦਾ ਹੈ।
ਉਸ ਵੇਲੇ ਗੁੜ੍ਹੀ ਠੰਡੀ ਛਾਂ ਹੇਠ ਲੱਖਾਂ ਦੁੱਖ ਉਦਾਸੀਆਂ ਦੂਰ ਹੋ ਜਾਂਦੀਆਂ ਹਨ
ਜਿਵੇਂ ਗੁੜ੍ਹਤੀ ਨਾਲ ਜੀਵਨ ਦਾ ਪਹਿਲਾ ਵਰਕਾ ਲਿਖਿਆ ਜਾਂਦਾ ਹੈ।
ਰੁੱਖਾਂ ਨਾਲ ਆਪਣਾ ਸਮਾਂ ਬਿਤਾਉਣਾ ਮਨੁੱਖ ਦੀ ਅਸਲ ਘਰ ਵਾਪਸੀ ਹੁੰਦੀ ਹੈ।
ਸ਼ਹਿਰਾਂ ਦੇ ਸ਼ੋਰ ਵਿੱਚ ਰਹਿੰਦਿਆਂ, ਸਾਡੇ ਅੰਦਰ ਇਕ ਸੁੱਕਾ ਜੰਗਲ ਵਸ ਜਾਂਦਾ ਹੈ।
ਸਾਡੀ ਰੂਹ ਮਿੱਟੀ ਦੀ ਖੁਸ਼ਬੂ ਮਾਨਣਾ ਚਾਹੁੰਦੀ ਹੈ, ਪੱਤਿਆਂ ਦੀ ਸਰਸਰਾਹਟ ਸੁਣਨਾ ਚਾਹੁੰਦੀ ਹੈ, ਰੁੱਖ ਦੀਆਂ ਟਹਿਣੀਆਂ ਨਾਲ ਝੂਲਣਾ ਚਾਹੁੰਦੀ ਹੈ। ਜਦੋਂ ਉਹ ਹੁਲਾਰੇ ਮਿਲਦੇ ਹਨ ਤਾਂ ਇੱਕ ਨਵਾਂ ਸੰਸਾਰ ਉਸਰ ਜਾਂਦਾ ਹੈ।
ਖੇੜਾ ਆ ਵਸ ਜਾਂਦਾ ਹੈ ਉਸ ਚਮਤਕਾਰੀ ਕਾਇਨਾਤ ਵਿੱਚ।
ਰੁੱਖ ਸਿਰਫ਼ ਲੱਕੜ ਹੀ ਨਹੀਂ ਹੁੰਦੇ। ਉਹ ਚੁੱਪ ਚਾਪ ਖੜ੍ਹੇ ਫ਼ੱਕਰ ਫ਼ਕੀਰ ਦਰਵੇਸ਼ ਹੁੰਦੇ ਹਨ।
ਉਹ ਬੋਲਦੇ ਨਹੀਂ, ਪਰ ਫਿਰ ਵੀ ਜਿਊਣ ਦੀ ਜਾਚ ਦੱਸਦੇ ਹਨ। ਕਿਸ ਤਰ੍ਹਾਂ ਵੱਡਾ ਜਿਗਰਾ ਹੌਸਲਾ ਲੈ ਕੇ ਟੁਰਦੇ ਰਹੀਦਾ, ਇਹ ਉਹੀ ਸ਼ਬਦੀ ਸਬਕ ਸਿਖਾਉਂਦੇ ਹਨ।
ਤਾਂਹੀ ਇਹ ਵਿਸ਼ਾ ਦਿਲ ਦੇ ਬਹੁਤ ਨੇੜੇ ਹੈ। ਬਿਰਖਾਂ ਨਾਲ ਸਬੰਧ ਜੋੜਨਾ, ਪਲ ਬਿਤਾਉਣੇ ਸਿਰਫ਼ ਪ੍ਰਕਿਰਤੀ ਨਾਲ ਰਹਿਣਾ ਨਹੀਂ, ਆਪਣੇ ਅਸਲੀ ਮਨ ਮੰਦਰ ਵਿੱਚ ਪਰਤਣਾ ਹੁੰਦਾ ਹੈ।
ਫਿਲੋਸਫੀ ਦੀ ਨਜ਼ਰ ਨਾਲ, ਰੁੱਖ ਸਾਨੂੰ “ਦੇਣ” ਵੰਡ ਕੇ ਛੱਕਣ ਦਾ ਦਰਸ਼ਨ ਚਿੱਤਰਦੇ ਹਨ।
ਉਹ ਛਾਂ, ਫੁੱਲ ਫ਼ਲ ਦਿੰਦੇ ਹਨ, ਆਕਸੀਜਨ ਦੇ, ਸਾਹ ਜ਼ਿੰਦਗੀ ਨੂੰ ਤੋਰੀ ਰੱਖਦੇ ਹਨ ਬਿਨਾਂ ਕਿਸੇ ਆਸ ਉਮੀਦ ਦੇ।
ਉਹ ਆਪਣੇ ਤਨ ਚਿਰਵਾ ਕੇ ਵਾਜੇ ਬੰਸਰੀਆਂ ਸਾਰੰਗੀਆਂ ਤੇ ਪਤਾ ਨਹੀਂ ਕਿੰਨੇ ਹੋਰ ਅਨੇਕਾਂ ਸਾਜ ਬਣਾ ਕੇ ਦਿੰਦੇ ਹਨ ਆਪਣੀਆਂ ਆਂਦਰਾਂ ਨੂੰ ਭੇਟ ਕਰਕੇ ਤੇ ਕਦੇ ਵੀ ਕੁਝ ਨਹੀਂ ਮੰਗਦੇ।
ਪਾਣੀ ਦਾ ਜੇ ਘੁੱਟ ਪਾ ਦੇਵੋ ਤਾਂ ਤੁਹਾਡੀ ਮਰਜ਼ੀ ਨਹੀਂ ਤਾਂ ਉਹ ਆਪਣੀ ਪਿਆਸ ਆਪਣੀਆਂ ਹੀ ਜੜਾਂ ਨੂੰ ਦੱਸਦੇ ਹਨ।
ਮੀਂਹ ਦੇ ਪਾਣੀ ਵਿੱਚ ਹੀ ਨਹਾਉਂਦੇ ਹੱਸਦੇ ਹਰੇ ਭਰੇ ਰਹਿੰਦੇ ਹਨ।
ਉਹ ਤਾਂ ਜਗ੍ਹਾ ਵੀ ਥੋੜੀ ਜਿਹੀ ਹੀ ਰੋਕਦੇ ਮੱਲਦੇ ਹਨ। ਕਹਿੰਦੇ ਹਨ ਤੁਸੀਂ ਫੈਲ ਜਾਓ ਅਸੀਂ ਉਤਾਂਹ ਨੂੰ ਵਧ ਕੇ ਆਪਣੀ ਚਾਹਤ ਪੂਰੀ ਕਰ ਲਵਾਂਗੇ।
ਇਨਸਾਨ ਆਪਣੀ ਹਰ ਕਿਰਿਆ ਵਿੱਚ ਲਾਭ ਲੱਭਦਾ ਹੈ, ਪਰ ਰੁੱਖ ਸਿਰਫ਼ ਸੇਵਾ ਭਾਵਨਾ ਦੀ ਸਦਾ ਲੋਕਪੂਰਤੀ ਕਰਦੇ ਹਨ।
ਜਿਸ ਜੀਵਨ ਵਿੱਚ ਅਹੰਕਾਰ ਘੱਟ ਹੋਵੇ, ਉਹੀ ਜੀਵਨ ਵੱਡਾ ਤੇ ਉੱਚਾ ਸੁੱਚਾ ਹੁੰਦਾ ਹੈ।
ਰੁੱਖਾਂ ਦਾ ਅਸਤਿਤਵ ਅਹੰਕਾਰ ਰਹਿਤ ਹੈ।
ਉਹਨਾਂ ਦੀ ਉਚਾਈ ਉੱਚੀ ਵੱਡੀ ਹੈ, ਪਰ ਸਿਰ ਨਿੱਤ ਝੁਕਿਆ ਹੋਇਆ ਰੱਖਦੇ ਹਨ, ਸਿਜਦਾ ਕਰਦੇ ਸਿਰ ਨਿਵਾਉਂਦੇ ਹਨ ਹਰੇਕ ਬੱਚੇ ਵੱਡੇ ਅੱਗੇ।
ਵਿਗਿਆਨ ਦੀ ਰੌਸ਼ਨੀ ਵਿੱਚ
ਅੱਜ ਵਿਗਿਆਨ ਵੀ ਮੰਨ ਰਿਹਾ ਹੈ ਕਿ ਰੁੱਖਾਂ ਦੇ ਨੇੜੇ ਰਹਿਣ ਨਾਲ ਮਨੁੱਖੀ ਦਿਮਾਗ ਵਿੱਚ ਕੋਰਟਿਸੋਲ (ਤਣਾਅ ਵਾਲਾ ਹਾਰਮੋਨ) ਘਟਦਾ ਹੈ।
ਜਪਾਨ ਵਿੱਚ “Forest Bathing” ਦਾ ਸੰਕਲਪ ਮਸ਼ਹੂਰ ਹੈ — ਜੰਗਲ ਵਿੱਚ ਸਮਾਂ ਬਿਤਾਉਣਾ ਥੈਰਪੀ ਮੰਨੀ ਜਾਂਦੀ ਹੈ।
ਪੱਤਿਆਂ ਵਿੱਚੋਂ ਨਿਕਲਣ ਵਾਲੇ “Phytoncides” ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਵਧਾਉਂਦੇ ਹਨ।
ਹਰ ਰੁੱਖ ਇੱਕ ਜੀਵੰਤ ਲੈਬੋਰਟਰੀ ਹੈ — ਜਿੱਥੇ ਆਕਸੀਜਨ, ਠੰਢਕ ਅਤੇ ਜੀਵਨ ਦੀ ਊਰਜਾ ਬਣਦੀ ਹੈ ਤੇ ਖੁੱਲ੍ਹੀ ਵਰਤਾਈ ਜਾਂਦੀ ਹੈ ਬਿਨਾਂ ਕਿਸੇ ਭੇਦ ਭਾਵ ਦੇ।
ਸੱਚ ਇਹ ਹੈ ਕਿ ਜਦੋਂ ਅਸੀਂ ਰੁੱਖ ਹੇਠ ਬੈਠਦੇ ਹਾਂ, ਸਾਡਾ ਬਲੱਡ ਪ੍ਰੈਸ਼ਰ ਘਟਦਾ ਹੈ, ਦਿਲ ਦੀ ਧੜਕਨ ਸਧਾਰਨ ਹੁੰਦੀ ਹੈ, ਅਤੇ ਸੋਚ ਸਾਫ਼ ਹੋ ਜਾਂਦੀ ਹੈ।
ਮਨ ਸ਼ਾਂਤ ਹੋਣਾ ਕੋਈ ਅਧਿਆਤਮਿਕ ਕਹਾਣੀ ਨਹੀਂ —ਇਹ ਬਾਇਓਲੋਜੀਕਲ ਕਿਰਿਆ ਕਹਾਣੀ ਹੈ।
ਗੁਰਬਾਣੀ ਦੀ ਰੌਸ਼ਨੀ ਵਿੱਚ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁਦਰਤ ਨੂੰ ਪ੍ਰਭੂ ਦੀ ਰਚਨਾ ਦਾ ਪ੍ਰਤੱਖ ਰੂਪ ਕਿਹਾ ਗਿਆ ਹੈ।
“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ”
ਇਹ ਸ਼ਬਦ ਸਾਨੂੰ ਯਾਦ ਦਿਵਾਉਂਦੇ ਹਨ ਕਿ ਹਵਾ, ਪਾਣੀ, ਧਰਤੀ — ਇਹ ਸਿਰਫ਼ ਤੱਤ ਨਹੀਂ, ਸਗੋਂ ਪਰਿਵਾਰਕ ਸਾਂਝਾਂ ਹਨ। ਸਾਹਾਂ ਦਾ ਪਿਆਰ ਤੇ ਗਲਵੱਕੜੀਆਂ ਦਾ ਮੋਹ।
ਰੁੱਖ ਇਸ ਪਰਿਵਾਰ ਦੇ ਜੀਉਂਦੇ ਜਾਗਦੇ ਹੱਸਦੇ ਹਸਾਉਂਦੇ ਸਾਡੇ ਸਕੇ ਰਿਸ਼ਤੇਦਾਰ ਤੇ ਲੰਗੋਟੀਏ ਯਾਰ ਹਨ।
ਗੁਰਮਤਿ ਸਾਨੂੰ ਕੁਦਰਤ ਨਾਲ ਜੁੜਨ ਦੀ ਸਿੱਖਿਆ ਦਿੰਦੀ ਹੈ। ਜੋ ਮਨੁੱਖ ਰੁੱਖਾਂ ਨੂੰ ਨੁੱਕਸਾਨ ਪਹੁੰਚਾਉਂਦਾ ਹੈ, ਉਹ ਆਪਣੀਆਂ ਹੀ ਜੜ੍ਹਾਂ ਕੱਟਦਾ ਹੈ।
ਜੋ ਰੁੱਖ ਲਗਾਉਂਦਾ ਹੈ, ਉਹ ਭਵਿੱਖ ਸਾਜਦਾ ਸਜਾਉਂਦਾ ਹੈ।
ਰੁੱਖ ਮਨ ਦੇ ਹਕੀਮ ਵੈਦ ਹੁੰਦੇ ਹਨ।
ਅੱਜ ਡਿਪ੍ਰੈਸ਼ਨ, ਚਿੰਤਾ ਅਤੇ ਅੰਦਰੂਨੀ ਖਾਲੀਪਨ ਵੱਧ ਰਿਹਾ ਹੈ।
ਪਰ ਇੱਕ ਸਧਾਰਣ ਹੱਲ ਸਾਡੇ ਕੋਲ ਹੈ — ਰੋਜ਼ 20 ਮਿੰਟ ਰੁੱਖਾਂ ਦੇ ਨਾਲ ਬਿਤਾਉਣਾ। ਉਹਨਾਂ ਨਾਲ ਗੱਲਬਾਤ ਕਰਨੀ ਤੇ ਬਾਤਾਂ ਪਾਉਣੀਆਂ। ਦੁੱਖ ਉਦਾਸੀਆਂ ਦੱਸਣੀਆਂ ਪੁੱਛਣੀਆਂ, ਕਿੰਨੀਆਂ ਮੁਹੱਬਤੀ ਸਾਂਝਾਂ ਹਨ।
ਨੰਗੇ ਪੈਰ ਘਾਹ ‘ਤੇ ਤੁਰਨਾ, ਪੱਤਿਆਂ ਨੂੰ ਛੂਹਣਾ, ਰੁੱਖ ਨੂੰ ਗਲੇ ਲਗਾਉਣਾ —
ਇਹ ਸਿਰਫ਼ ਭਾਵਨਾਤਮਕ ਨਹੀਂ, ਨਰਵਸ ਸਿਸਟਮ ਨੂੰ ਰੀਸੈਟ ਕਰਕੇ ਰੀਚਾਰਜ ਕਰਦੇ ਹਨ। ਇਹ ਸਭ ਤੋਂ ਮਾਰਡਨ ਨਵੀਨਤਮ ਕੁਦਰਤੀਕਰਨ ਦਾ ਮਾਡਲ ਢੰਗ ਤਰੀਕਾ ਹੈ।
ਰੁੱਖ ਸਾਨੂੰ ਕਹਿੰਦੇ ਹਨ: “ਹੌਲੀ ਹੌਲੀ ਵਧੀਦਾ, ਡੂੰਘੇ ਜਾਈਦਾ, ਜੜ੍ਹਾਂ ਮਜ਼ਬੂਤ ਕਰੀਦੀਆਂ ।” ਫਿਰ ਕੋਈ ਹਨੇਰੀ ਤੂਫ਼ਾਨ ਤੁਹਾਨੂੰ ਹਿਲਾ ਨਹੀਂ ਸਕੇਗਾ।
ਸਾਨੂੰ ਵੱਡੇ ਬਦਲਾਅ ਦੀ ਲੋੜ ਨਹੀਂ।
ਸਿਰਫ਼ ਇੱਕ ਰੁੱਖ ਨਾਲ ਦੋਸਤੀ ਕਰ ਲਵੋ।
ਹਰ ਹਫ਼ਤੇ ਉਸਦੇ ਹੇਠ ਬੈਠੋ। ਉਸਨੂੰ ਪਾਣੀ ਦਿਓ।
ਉਸ ਨਾਲ ਗੱਲਾਂ ਕਰੋ ਕਿਉਂਕਿ ਜਦੋਂ ਅਸੀਂ ਰੁੱਖਾਂ ਨਾਲ ਸਮਾਂ ਬਿਤਾਉਂਦੇ ਹਾਂ,
ਅਸਲ ਵਿੱਚ ਆਪਣੀ ਰੂਹ ਨਾਲ ਸਮਾਂ ਬਿਤਾ ਰਹੇ ਹੁੰਦੇ ਹਾਂ। ਇੰਝ ਰੂਹ ਰਾਜ਼ੀ ਹੋ ਕੇ ਖਿੜ ਜਾਂਦੀ ਹੈ।
ਰੁੱਖਾਂ ਦੀ ਛਾਂ ਵਿੱਚ ਮਨੁੱਖ ਆਪਣੇ ਅੰਦਰਲੇ ਸ਼ੋਰ ਨੂੰ ਸੁਣਦਾ ਹੈ ਅਤੇ ਫਿਰ ਉਹ ਸ਼ੋਰ ਹੌਲੀ-ਹੌਲੀ ਸ਼ਾਂਤ ਹੋ ਜਾਂਦਾ ਹੈ।
ਅੱਜ ਹੀ ਫੈਸਲਾ ਕਰੋ, ਸਮਾਰਟਫ਼ੋਨ ਨਾਲ ਘੱਟ, ਰੁੱਖਾਂ ਨਾਲ ਵੱਧ ਸਮਾਂ ਬਿਤਾਉਣ ਲੱਗ ਜਾਓ। ਫੁੱਲਾਂ ਤੋਂ ਹੱਸਣਾ ਮਹਿਕਣਾ ਸਿੱਖੋ। ਰੁੱਖ ਲਗਾਉ ਫੁੱਲਾਂ ਫਲਾਂ ਵਾਲੇ।
ਫਿਰ ਦੇਖਣਾ ਤੁਹਾਡਾ ਮਨ ਕਿਵੇਂ ਖਿੜ ਜਾਵੇਗਾ, ਸੋਚ ਵੱਡੀ ਵਿਲੱਖਣ ਉੱਚੀ ਹੋ ਜਾਵੇਗੀ, ਅਤੇ ਜੀਵਨ ਵਿੱਚ ਇੱਕ ਅਜਿਹਾ ਅਸ਼ਅਸ਼ ਉੱਭਰੇਗਾ ਜੋ ਕਿਸੇ ਵੀ ਦਵਾਈ ਨਾਲ ਨਹੀਂ, ਸਿਰਫ਼ ਰੁੱਖਾਂ ਦੇ ਪੱਤਿਆਂ ਟਹਿਣੀਆਂ ਤੇ ਸਜੇ ਫੁੱਲਾਂ ਮਹਿਕਾਂ ਸੁਗੰਧੀਆਂ ਵਿੱਚੋਂ ਹੀ ਪ੍ਰਾਪਤ ਹੋਵੇਗਾ।
ਨਜ਼ਾਰਾ ਦ੍ਰਿਸ਼ ਇਹ ਹੋਵੇਗਾ ਜਿਵੇਂ ਕੁਦਰਤ ਦਰ ਬੂਹੇ ਉੱਤੇ ਹੀ ਆ ਕੇ ਖੜੀ ਹੋ ਗਈ ਹੋਵੇ ਦਰਵਾਜ਼ਾ ਖੜਕਾਉਂਦੀ।

-
ਡਾ. ਅਮਰਜੀਤ ਟਾਂਡਾ, writer
drtanda193@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.