ਬਟਾਲਾ ਦਾ ਵਿਕਾਸ ਕੇਂਦਰ ਦੀ ਦੇਣ, ਵਿਧਾਇਕ ਜਾਰੀ ਕਰਨ 'ਵਾਈਟ ਪੇਪਰ': ਫਤਿਹਜੰਗ ਬਾਜਵਾ
ਭਾਜਪਾ ਆਗੂ ਨੇ ਅਕਾਲੀ-ਭਾਜਪਾ ਗਠਜੋੜ ਦੀਆਂ ਸੰਭਾਵਨਾਵਾਂ 'ਤੇ ਵੀ ਦਿੱਤਾ ਵੱਡਾ ਬਿਆਨ; ਬਟਾਲਾ ਤੋਂ ਮੁੜ ਚੋਣ ਲੜਨ ਦੇ ਦਿੱਤੇ ਸੰਕੇਤ
ਰੋਹਿਤ ਗੁਪਤਾ
ਬਟਾਲਾ/ਗੁਰਦਾਸਪੁਰ: 20 ਫਰਵਰੀ 2026- ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਫਤਿਹਜੰਗ ਸਿੰਘ ਬਾਜਵਾ ਨੇ ਅੱਜ ਬਟਾਲਾ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਿੱਧੇ ਤੌਰ 'ਤੇ ਸੂਬਾ ਸਰਕਾਰ ਅਤੇ ਸਥਾਨਕ ਵਿਧਾਇਕ 'ਤੇ ਨਿਸ਼ਾਨਾ ਸਾਧਦਿਆਂ ਦਾਅਵਾ ਕੀਤਾ ਕਿ ਸ਼ਹਿਰ ਵਿੱਚ ਹੋ ਰਿਹਾ ਵਿਕਾਸ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਭੇਜੇ ਗਏ ਫੰਡਾਂ ਸਦਕਾ ਹੀ ਸੰਭਵ ਹੋ ਰਿਹਾ ਹੈ।
ਫਤਿਹ ਬਾਜਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਸਵੱਛ ਭਾਰਤ' ਅਤੇ 'ਅੰਮ੍ਰਿਤ ਯੋਜਨਾ' ਤਹਿਤ ਬਟਾਲਾ ਲਈ 27 ਕਰੋੜ ਰੁਪਏ ਜਾਰੀ ਕੀਤੇ ਹਨ। ਉਨ੍ਹਾਂ ਨੇ ਸਥਾਨਕ ਵਿਧਾਇਕ ਨੂੰ ਚੁਣੌਤੀ ਦਿੰਦਿਆਂ ਕਿਹਾ, ਵਿਧਾਇਕ ਰੋਜ਼ਾਨਾ ਵਿਕਾਸ ਕਾਰਜਾਂ ਦੇ ਉਦਘਾਟਨ ਕਰਕੇ ਫੀਤੇ ਕੱਟ ਰਹੇ ਹਨ, ਪਰ ਉਨ੍ਹਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਇਹ ਪੈਸਾ ਕਿੱਥੋਂ ਆਇਆ ਹੈ। ਉਨ੍ਹਾਂ ਮੰਗ ਕੀਤੀ ਕਿ ਵਿਧਾਇਕ ਇਨ੍ਹਾਂ ਫੰਡਾਂ ਬਾਰੇ 'ਵਾਈਟ ਪੇਪਰ' (ਸਫੈਦ ਪੱਤਰ) ਜਾਰੀ ਕਰਨ ਤਾਂ ਜੋ ਜਨਤਾ ਨੂੰ ਅਸਲੀਅਤ ਦਾ ਪਤਾ ਲੱਗ ਸਕੇ।
ਅਕਾਲੀ-ਭਾਜਪਾ ਗਠਜੋੜ ਤੇ ਸਿਆਸੀ ਭਵਿੱਖ
ਗਠਜੋੜ ਬਾਰੇ ਪੁੱਛੇ ਗਏ ਸਵਾਲ 'ਤੇ ਬਾਜਵਾ ਨੇ ਕਿਹਾ ਕਿ ਜੇਕਰ ਪੰਜਾਬ ਦੀ ਜਨਤਾ ਚਾਹੁੰਦੀ ਹੈ ਤਾਂ ਅਕਾਲੀ ਦਲ ਅਤੇ ਭਾਜਪਾ ਦਾ ਸਮਝੌਤਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਵੀ ਇਹੀ ਰਾਏ ਹੈ ਕਿ ਇਹ ਦੋਵੇਂ ਪਾਰਟੀਆਂ ਮਿਲ ਕੇ ਸਰਕਾਰ ਬਣਾ ਸਕਦੀਆਂ ਹਨ, ਹਾਲਾਂਕਿ ਅੰਤਿਮ ਫੈਸਲਾ ਪਾਰਟੀ ਹਾਈਕਮਾਂਡ ਨੇ ਲੈਣਾ ਹੈ।
ਹਲਕਾ ਇੰਚਾਰਜ ਦੀ ਲਿਸਟ 'ਤੇ ਸਪੱਸ਼ਟੀਕਰਨ
ਪਿਛਲੇ ਦਿਨੀਂ ਜਾਰੀ ਹੋਈ ਹਲਕਾ ਇੰਚਾਰਜਾਂ ਦੀ ਸੂਚੀ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਬਟਾਲਾ ਵਿੱਚ ਕੋਈ ਨਵਾਂ ਇੰਚਾਰਜ ਨਹੀਂ ਲਗਾਇਆ ਗਿਆ। ਉਨ੍ਹਾਂ ਕਿਹਾ, "ਮੈਂ 2022 ਵਿੱਚ ਇੱਥੋਂ ਚੋਣ ਲੜੀ ਸੀ ਅਤੇ ਲਗਾਤਾਰ ਸੇਵਾ ਕਰ ਰਿਹਾ ਹਾਂ। ਜੇਕਰ ਪਾਰਟੀ ਨੇ ਚਾਹਿਆ ਤਾਂ ਮੈਂ ਅਗਾਂਹ ਵੀ ਬਟਾਲਾ ਤੋਂ ਹੀ ਚੋਣ ਲੜਾਂਗਾ।"