ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ ਵਿਖੇ ਸ਼ਹੀਦ ਬਾਬਾ ਤੇਗਾ ਸਿੰਘ ਅਤੇ ਬਾਬਾ ਨਛੱਤਰ ਸਿੰਘ ਦੀ ਯਾਦ ਨੂੰ ਸਮਰਪਿਤ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਾਇਆ
ਗਰੀਬ ਲੋੜਵੰਦਾਂ ਲਈ ਅਜਿਹੇ ਕੈਂਪ
ਰੱਬ ਦੀ ਰਹਿਮਤ ਵਰਗੇ ਹੁੰਦੇ ਹਨ : ਬਾਬਾ ਗੁਰਦੀਪ ਸਿੰਘ ਜੀ
ਪੰਜਗਰਾਈਂ ਕਲਾਂ,21 ਫਰਵਰੀ (ਸੁਖਜਿੰਦਰ ਸਿੰਘ ਪੰਜਗਰਾਈਂ) ਸ਼ਹੀਦ ਬਾਬਾ ਤੇਗਾ ਸਿੰਘ ਜੀ ਅਤੇ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਪਵਿੱਤਰ ਯਾਦ ਵਿਚ ਮਨਾਏ ਜਾ ਰਹੇ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿਚ ਗੁਰਦੁਆਰਾ ਸਹੀਦ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ ਵਿਖੇ ਅੱਜ ਅੱਖਾਂ ਦਾ ਵਿਸ਼ਾਲ ਮੁਫ਼ਤ ਚੈਕਅਪ ਕੈਂਪ ਲਗਾਇਆ ਗਿਆ ਅਤੇ 300 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ 28 ਮਰੀਜ਼ ਲੈਂਜ ਪਾਉਣ ਲਈ ਚੁਣੇ ਗਏ। ਇਹ ਕੈਂਪ ਲੁਧਿਆਣਾ ਦੇ ਪ੍ਰਸਿੱਧ ਸ਼ੰਕਰਾ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਨੇ ਭਾਗ ਲਿਆ ਅਤੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ। ਕੈਂਪ ਦਾ ਉਦਘਾਟਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਅਰਦਾਸ ਕਰ ਕੇ ਕੀਤਾ ਗਿਆ। ਇਸ ਮੌਕੇ ਬਾਬਾ ਜੀ ਨੇ ਡਾਕਟਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੇਵਾ ਕਾਰਜ ਮਨੁੱਖਤਾ ਦੀ ਭਲਾਈ ਲਈ ਬਹੁਤ ਹੀ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਅੱਖਾਂ ਰੱਬ ਦੀ ਸਭ ਤੋਂ ਕੀਮਤੀ ਦਾਤ ਹਨ, ਜਿਨ੍ਹਾਂ ਲੋਕਾਂ ਦੀ ਨਿਗ੍ਹਾ ਕਮਜ਼ੋਰ ਹੋ ਜਾਂਦੀ ਹੈ, ਉਨ੍ਹਾਂ ਲਈ ਜੀਵਨ ਦੀ ਰਾਹ ਬਹੁਤ ਔਖੀ ਹੋ ਜਾਂਦੀ ਹੈ। ਪਰ ਜਦੋਂ ਸਹੀ ਲੈਂਜ ਜਾਂ ਇਲਾਜ ਰਾਹੀਂ ਨਿਗ੍ਹ ਠੀਕ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਜੀਵਨ ਵਿਚ ਨਵੀਂ ਉਮੀਦ ਜਨਮ ਲੈਂਦੀ ਹੈ। ਕੈਂਪ ਦੌਰਾਨ ਮਾਹਰ ਡਾਕਟਰਾਂ ਨੇ ਆਧੁਨਿਕ ਮਸ਼ੀਨਾਂ ਰਾਹੀਂ ਮਰੀਜ਼ਾਂ ਦੀ ਪੂਰੀ ਜਾਂਚ ਕੀਤੀ, ਜਿਨ੍ਹਾਂ ਲੋੜਵੰਦਾਂ ਨੂੰ ਐਨਕਾਂ ਦੀ ਲੋੜ ਸੀ, ਉਨ੍ਹਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਗਈਆਂ, ਜਦਕਿ ਜਿਨ੍ਹਾਂ ਨੂੰ ਦਵਾਈਆਂ ਦੀ ਲੋੜ ਸੀ, ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ। ਡਾਕਟਰਾਂ ਨੇ ਲੋਕਾਂ ਨੂੰ ਅੱਖਾਂ ਦੀ ਸੰਭਾਲ ਸਬੰਧੀ ਵੀ ਜਾਗਰੂਕ ਕੀਤਾ ਅਤੇ ਸਮੇਂ-ਸਮੇਂ ’ਤੇ ਜਾਂਚ ਕਰਵਾਉਣ ਦੀ ਸਲਾਹ ਦਿੱਤੀ। ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਖਾਂ ਮਨੁੱਖ ਦਾ ਤੀਜਾ ਨੇਤਰ ਹਨ, ਜੇ ਅੱਖਾਂ ਹੀ ਠੀਕ ਨਾ ਹੋਣ ਤਾਂ ਜੀਵਨ ਦੀ ਦਿਸ਼ਾ ਹੀ ਬੇਅਰਥ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਈ ਗਰੀਬ ਲੋੜਵੰਦ ਵਿਅਕਤੀ, ਚਾਹੇ ਉਹ ਮਰਦ ਹੋਣ ਜਾਂ ਔਰਤਾਂ, ਮਹਿੰਗੇ ਹਸਪਤਾਲਾਂ ਵਿਚ ਇਲਾਜ ਨਹੀਂ ਕਰਵਾ ਸਕਦੇ। ਅਜਿਹੇ ਮੁਫ਼ਤ ਕੈਂਪ ਉਨ੍ਹਾਂ ਲਈ ਰੱਬ ਦੀ ਰਹਿਮਤ ਵਰਗੇ ਹੁੰਦੇ ਹਨ। ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਕਿ ਅੱਖਾਂ ਦੀ ਸੰਭਾਲ ਲਈ ਸਹੀ ਖੁਰਾਕ, ਸਾਫ਼-ਸੁਥਰਾ ਜੀਵਨ ਅਤੇ ਸਮੇਂ-ਸਿਰ ਇਲਾਜ ਬਹੁਤ ਜ਼ਰੂਰੀ ਹੈ। ਉਨ੍ਹਾਂ ਹੋਰ ਕਿਹਾ ਕਿ ਮਨੁੱਖੀ ਜੀਵਨ ਵਿਚ ਅੱਖਾਂ ਦੀ ਮਹੱਤਤਾ ਬੇਮਿਸਾਲ ਹੈ। ਅਸੀਂ ਦੁਨੀਆ ਦੀ ਸੋਹਣੀ ਰਚਨਾ, ਆਪਣੇ ਪਿਆਰਿਆਂ ਦੇ ਚਿਹਰੇ ਅਤੇ ਕੁਦਰਤ ਦੀ ਖੂਬਸੂਰਤੀ ਅੱਖਾਂ ਰਾਹੀਂ ਹੀ ਵੇਖਦੇ ਹਾਂ। ਇਸ ਲਈ ਹਰ ਵਿਅਕਤੀ ਨੂੰ ਆਪਣੀਆਂ ਅੱਖਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਅਜਿਹੇ ਸੇਵਾ ਭਾਵ ਨਾਲ ਲਗਾਏ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਸੰਗਤਾਂ ਨੇ ਕੈਂਪ ਦੀ ਪ੍ਰਸ਼ੰਸਾ ਕਰਦਿਆਂ ਆਯੋਜਕਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਅਜਿਹੇ ਸਮਾਜ ਸੇਵੀ ਉਪਰਾਲੇ ਜਾਰੀ ਰੱਖਣ ਦੀ ਅਪੀਲ ਕੀਤੀ। ਕੈਂਪ ਦੇ ਆਯੋਜਨ ਨਾਲ ਸ਼ਹੀਦੀ ਜੋੜ ਮੇਲੇ ਦੀ ਮਹੱਤਤਾ ਹੋਰ ਵੀ ਵਧ ਗਈ ਅਤੇ ਸੇਵਾ ਦੇ ਇਸ ਉਪਰਾਲੇ ਨੇ ਮਨੁੱਖਤਾ ਨੂੰ ਸਮਰਪਿਤ ਸੰਦੇਸ਼ ਦਿੱਤਾ। ਇਸ ਮੌਕੇ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਚੇਅਰਮੈਨ ਜਿਲ੍ਹਾ ਪ੍ਰੀਸ਼ਦ, ਦਰਸ਼ਨ ਸਿੰਘ ਡਰੋਲੀ ਭਾਈ,ਅਜਮੇਰ ਸਿੰਘ, ਬਿੱਲੂ ਸਿੰਘ ਚੰਦ ਪੁਰਾਣਾ ,ਹਰਜਿੰਦਰ ਸਿੰਘ ,ਭਜਨ ਸਿੰਘ ਕਾਲੇਕੇ, ਡਾਕਟਰ ਅਵਤਾਰ ਸਿੰਘ, ਦਲੇਰ ਸਿੰਘ ,ਚਮਕੌਰ ਸਿੰਘ ਚੰਦ ਪੁਰਾਣਾ ਰਾਜਵਿੰਦਰ ਸਿੰਘ ਏਐਸਆਈ, ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰ ਹਾਜ਼ਰ ਸਨ।