SGPC ਦਾ ਵੱਡਾ ਐਕਸ਼ਨ: ਗਿਆਨੀ ਰਘਬੀਰ ਸਿੰਘ ਨੂੰ 72 ਘੰਟਿਆਂ ਦਾ ਅਲਟੀਮੇਟਮ
ਐਡਵੋਕੇਟ ਧਾਮੀ ਨੇ ਇਲਜ਼ਾਮਾਂ ਨੂੰ ਨਕਾਰਿਆ; ਕਿਹਾ- ਸੰਸਥਾ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ
Babushahi Network
ਅੰਮ੍ਰਿਤਸਰ 19 ਫਰਵਰੀ 2026: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਬੀਤੇ ਦਿਨੀਂ ਕੀਤੀ ਗਈ ਬਗਾਵਤੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਪੂਰੀ ਤਰ੍ਹਾਂ ਹਮਲਾਵਰ ਰੁਖ਼ ਵਿੱਚ ਆ ਗਈ ਹੈ। ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਤੋਂ ਬਾਅਦ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਥਿਤੀ ਸਪਸ਼ਟ ਕਰਦਿਆਂ ਗਿਆਨੀ ਰਘਬੀਰ ਸਿੰਘ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ।
SGPC ਨੇ ਗਿਆਨੀ ਰਘਬੀਰ ਸਿੰਘ ਨੂੰ ਫਿਲਹਾਲ 72 ਘੰਟਿਆਂ ਦਾ ਸਮਾਂ ਦਿੱਤਾ ਹੈ। ਧਾਮੀ ਨੇ ਕਿਹਾ ਕਿ ਗਿਆਨੀ ਜੀ ਨੂੰ ਆਪਣੇ ਵੱਲੋਂ ਲਗਾਏ ਗਏ ਇਲਜ਼ਾਮਾਂ ਬਾਰੇ ਸਪਸ਼ਟੀਕਰਨ ਦੇਣਾ ਪਵੇਗਾ। ਜੇਕਰ ਉਹ ਨਿਰਧਾਰਿਤ ਸਮੇਂ ਵਿੱਚ ਤਸੱਲੀਬਖਸ਼ ਜਵਾਬ ਨਹੀਂ ਦਿੰਦੇ, ਤਾਂ ਕਮੇਟੀ ਉਨ੍ਹਾਂ ਵਿਰੁੱਧ ਅਗਲਾ ਸਖ਼ਤ ਫੈਸਲਾ ਲਵੇਗੀ।
ਗਿਆਨੀ ਰਘਬੀਰ ਸਿੰਘ ਦੀ ਪ੍ਰੈੱਸ ਕਾਨਫਰੰਸ "ਕਿਸੇ ਹੋਰ ਦੀ ਲਿਖੀ ਸਕ੍ਰਿਪਟ ਸੀ"
ਐਡਵੋਕੇਟ ਧਾਮੀ ਨੇ ਗਿਆਨੀ ਰਘਬੀਰ ਸਿੰਘ ਦੀ ਪ੍ਰੈੱਸ ਕਾਨਫਰੰਸ 'ਤੇ ਸਵਾਲ ਉਠਾਉਂਦਿਆਂ ਦਾਅਵਾ ਕੀਤਾ ਕਿ "ਗਿਆਨੀ ਜੀ ਨੇ ਜੋ ਵੀ ਇਲਜ਼ਾਮ ਲਗਾਏ ਹਨ, ਉਹ ਉਨ੍ਹਾਂ ਦੇ ਆਪਣੇ ਸ਼ਬਦ ਨਹੀਂ ਸਨ। ਉਹ ਸਿਰਫ਼ ਕਿਸੇ ਬਾਹਰੀ ਤਾਕਤ ਵੱਲੋਂ ਤਿਆਰ ਕੀਤੀ ਗਈ ਸਕ੍ਰਿਪਟ ਪੜ੍ਹ ਰਹੇ ਸਨ। ਇਸ ਦਾ ਮਕਸਦ ਸਿੱਖਾਂ ਦੀ ਸਿਰਮੌਰ ਸੰਸਥਾ SGPC ਨੂੰ ਕਮਜ਼ੋਰ ਕਰਨਾ ਅਤੇ ਸੰਗਤ ਵਿੱਚ ਭਰਮ ਪੈਦਾ ਕਰਨਾ ਹੈ।"
SGPC ਨੇ ਉਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਜਿਸ ਵਿੱਚ ਸੰਸਥਾ ਦੇ ਪ੍ਰਬੰਧਾਂ ਅਤੇ ਬਾਦਲ ਪਰਿਵਾਰ ਦੀ ਦਖ਼ਲਅੰਦਾਜ਼ੀ ਦੀ ਗੱਲ ਕਹੀ ਗਈ ਸੀ। ਧਾਮੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵਰਗੇ ਉੱਚੇ ਅਹੁਦੇ 'ਤੇ ਬੈਠ ਕੇ ਅਜਿਹੀ ਬਿਆਨਬਾਜ਼ੀ ਕਰਨਾ ਮਰਯਾਦਾ ਦੀ ਉਲੰਘਣਾ ਹੈ। ਸੂਤਰਾਂ ਅਨੁਸਾਰ, ਜੇਕਰ ਗਿਆਨੀ ਰਘਬੀਰ ਸਿੰਘ 72 ਘੰਟਿਆਂ ਵਿੱਚ ਆਪਣੇ ਬਿਆਨ ਵਾਪਸ ਨਹੀਂ ਲੈਂਦੇ ਜਾਂ ਮਾਫ਼ੀ ਨਹੀਂ ਮੰਗਦੇ, ਤਾਂ ਅਗਲੇਰੀ ਕਾਰਵਾਈ ਆਰੰਭੀ ਜਾਵੇਗੀ।