“ਮੈਂ ਪੰਜਾਬੀ,ਬੋਲੀ ਪੰਜਾਬੀ” ਮੁਹਿੰਮ ਅਧੀਨ ਸਾਹਿਤਕ ਸਮਾਗਮ “ਪੁਸਤਕ ਸਿਮਰਦਿਆਂ” ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 12 ਫਰਵਰੀ 2026 :ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ, ਬਠਿੰਡਾ ਵੱਲੋਂ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ ਦੇ ਸਹਿਯੋਗ ਨਾਲ “ਮੈਂ ਪੰਜਾਬੀ, ਬੋਲੀ ਪੰਜਾਬੀ” ਮੁਹਿੰਮ ਅਧੀਨ ਇਕ ਸਾਹਿਤਕ ਸਮਾਗਮ “ਪੁਸਤਕ ਸਿਮਰਦਿਆਂ” ਕਰਵਾਇਆ ਗਿਆ। ਇਸ ਸਮਾਗਮ ਵਿਚ ਜੋਗੀ ਅੱਲ੍ਹਾ ਯਾਰ ਖਾਨ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਮਾਰਮਿਕ ਅੰਦਾਜ਼ ਵਿਚ ਪੇਸ਼ ਕਰਦੀ ਬਹੁ-ਚਰਚਿਤ ਪੁਸਤਕ “ਸ਼ਹੀਦਾਨੇ ਵਫ਼ਾ” ਉੱਪਰ ਵਿਦਿਆਰਥੀ-ਅਧਿਆਪਕ ਵਾਰਤਾ ਕਰਵਾਈ ਗਈ, ਜਿਸ ਵਿਚ ਪਹਿਲਾਂ ਵਕਤਾ ਵਜੋਂ ਕੁੱਝ ਵਿਦਿਆਰਥੀਆਂ ਵੱਲੋਂ ਪੁਸਤਕ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਫੇਰ ਮੁੱਖ ਵਕਤਾ ਵਜੋਂ ਸ਼ਾਮਲ ਹੋਏ ਡਾ. ਜਸਵਿੰਦਰ ਸਿੰਘ, ਸਹਾਇਕ ਪ੍ਰੋਫੈਸਰ ਬਾਬਾ ਫਰੀਦ ਕਾਲਜ, ਦਿਉਣ (ਬਠਿੰਡਾ) ਵੱਲੋਂ ਪੁਸਤਕ ਸਬੰਧੀ ਚਰਚਾ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਰਮਨਪ੍ਰੀਤ ਕੌਰ, ਮੁਖੀ ਪੰਜਾਬੀ ਵਿਭਾਗ, ਕੇਂਦਰੀ ਯੂਨੀਵਰਸਿਟੀ ਪੰਜਾਬ, ਬਠਿੰਡਾ ਨੇ ਕੀਤੀ।
ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਪੰਜਾਬ ਦੀ ਵਿਭਾਗੀ ਧੁਨੀ “ਧੰਨ ਲਿਖਾਰੀ ਨਾਨਕਾ” ਨਾਲ ਕੀਤੀ ਗਈ। ਡਾ. ਨਵਦੀਪ ਕੌਰ, ਮੁਖੀ ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ, ਰਿਜਨਲ ਸੈਂਟਰ ਬਠਿੰਡਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਇਸ ਗੱਲ ‘ਤੇ ਖੁਸ਼ੀ ਜ਼ਾਹਿਰ ਕੀਤੀ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ ਨੇ ਆਪਣੇ ਲੜੀਵਾਰ ਸਮਾਗਮ “ਪੁਸਤਕ ਸਿਮਰਦਿਆਂ” ਦਾ ਆਗਾਜ਼ ਉਨ੍ਹਾਂ ਦੀ ਸੰਸਥਾ ਵਿਚ ਕੀਤਾ ਹੈ ਤੇ ਪੁਸਤਕ ਚਰਚਾ ਲਈ ਚੁਣੀ ਪੁਸਤਕ ਦੀ ਚੋਣ ਦੀ ਵੀ ਸ਼ਲਾਘਾ ਕੀਤੀ।
ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਕਿਹਾ ਕਿ ਭਾਸ਼ਾ ਵਿਭਾਗ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਨੂੰ ਵਿਦਿਆਰਥੀਆਂ ਤੱਕ ਪੜ੍ਹਤ ਦੇ ਰੂਪ ‘ਚ ਪਹੁੰਚਾਣ ਦੇ ਮਕਸਦ ਨਾਲ ਇਸ ਲੜੀਵਾਰ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਹੈ। ਵਿਦਿਆਰਥੀਆਂ ਦੁਆਰਾ ਹੀ ਪੁਸਤਕ ਦੀ ਪੜਚੋਲ ਕਰਵਾ ਕੇ ਉਨ੍ਹਾਂ ਅੰਦਰ ਪੁਸਤਕ ਨੂੰ ਪੜਚੋਲਵੀਂ ਨਜ਼ਰ ਨਾਲ ਪੜ੍ਹਨ ਦੀ ਚੇਟਕ ਲਾਉਣਾ ਵੀ ਇਸ ਸਮਾਗਮ ਦਾ ਮੁੱਖ ਮੰਤਵ ਹੈ। ਉਨ੍ਹਾਂ ਅੱਗੇ ਕਿਹਾ ਕਿ “ਮੈਂ ਪੰਜਾਬੀ, ਬੋਲੀ ਪੰਜਾਬੀ” ਮੁਹਿੰਮ ਅਧੀਨ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਨਾਲ ਪਿਆਰ ਕਰਨ ਤੇ ਇਸ ਦੇ ਵਿਕਾਸ ਲਈ ਯਤਨਸ਼ੀਲ ਰਹਿਣ ਦਾ ਸੁਨੇਹਾ ਦੇਣਾ ਹੈ। ਉਨ੍ਹਾਂ ਕਿਹਾ ਕਿ ਬਾਕੀ ਭਾਸ਼ਾਵਾਂ ਵੀ ਜ਼ਰੂਰ ਸਿੱਖੋ, ਸਾਰੀਆਂ ਭਾਸ਼ਾਵਾਂ ਸਤਿਕਾਰ ਦੀਆਂ ਪਾਤਰ ਹਨ ਪਰ ਆਪਣੀ ਮਾਤ-ਭਾਸ਼ਾ ਨੂੰ ਕਦਾਚਿਤ ਨਜ਼ਰ-ਅੰਦਾਜ਼ ਨਾ ਕਰੋ।
ਵਿਦਿਆਰਥੀਆਂ ਨੇ “ਸ਼ਹੀਦਾਨੇ ਵਫ਼ਾ” ਪੁਸਤਕ ਦੇ ਵੱਖ-ਵੱਖ ਪਹਿਲੂਆਂ ‘ਤੇ ਬੜੀ ਸੰਜੀਦਗੀ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ। ਕਿਸੇ ਇਕ ਵਿਦਿਆਰਥੀ ਨੇ ਪੁਸਤਕ ਦੇ ਲੇਖਕ ਬਾਰੇ ਜਾਣਕਾਰੀ ਕਰਵਾਈ ਤਾਂ ਦੂਜੇ ਨੇ ਇਸ ਦੇ ਵਿਸ਼ੇ-ਵਸਤੂ ਨੂੰ ਬਾਰੀਕੀ ਨਾਲ ਪੜਚੋਲਿਆ। ਕਿਸੇ ਇਕ ਨੇ ਪੁਸਤਕ ਦੇ ਚੋਣਵੇਂ ਬੰਦਾਂ ਦੀ ਵਿਆਖਿਆ ਨਾਲ ਪੁਸਤਕ ਨੂੰ ਵਿਚਾਰਿਆ ਤੇ ਕਿਸੇ ਨੇ ਪ੍ਰੋੜ ਖੋਜਾਰਥੀ ਵਾਂਗ ਸ਼ਹਾਦਤ ਤੇ ਮੌਤ ਦੇ ਸੰਕਲਪ ਬਾਰੇ ਵਿਸਥਾਰ ਸਹਿਤ ਗੱਲ ਕੀਤੀ ਤੇ ਪੁਸਤਕ ਦੇ ਹਵਾਲੇ ਨਾਲ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਵਿਚਾਰਿਆ। ਇਸ ਵਿਚਾਰ-ਵਾਰਤਾ ਵਿਚ ਅੰਮ੍ਰਿਤਪਾਲ ਸਿੰਘ ਐਮ. ਏ. ਪੰਜਾਬੀ ਭਾਗ ਦੂਜਾ, ਤਰਸੇਮ ਸਿੰਘ ਪੰਜਾਬੀ ਭਾਗ ਦੂਜਾ
ਗੁਰਦੀਪ ਸਿੰਘ ਐਮ.ਏ. ਪੰਜਾਬੀ ਭਾਗ ਦੂਜਾ, ਨਵਜੋਤ ਕੌਰ ਐਮ.ਏ. ਅੰਗਰੇਜ਼ੀ ਭਾਗ ਪਹਿਲਾ ਆਦਿ ਵਿਦਿਆਰਥੀਆਂ ਨੇ ਭਾਗ ਲਿਆ।
ਇਨ੍ਹਾਂ ਵਕਤਾ ਵਿਦਿਆਰਥੀਆਂ ਚੋਂ ਦੋ ਵਧੀਆ ਵਕਤੇ ਚੁਣਨ ਦੀ ਜ਼ਿੰਮੇਵਾਰੀ ਅਤੇ ਮੁੱਖ ਵਕਤਾ ਦੀ ਭੂਮਿਕਾ ਡਾ. ਜਸਵਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਬਾਬਾ ਫਰੀਦ ਕਾਲਜ, ਦਿਉਣ (ਬਠਿੰਡਾ) ਦੀ ਸੀ। ਡਾ. ਜਸਵਿੰਦਰ ਨੇ ਬੜੀ ਇਮਾਨਦਾਰੀ ਨਾਲ ਹਾਜ਼ਰ ਵਕਤਿਆਂ ‘ਚੋਂ ਦੋ ਚੰਗੇ ਵਕਤਿਆਂ ਅੰਮ੍ਰਿਤਪਾਲ ਸਿੰਘ ਅਤੇ ਤਰਸੇਮ ਸਿੰਘ ਦੀ ਚੋਣ ਕੀਤੀ ਅਤੇ ਖੁਦ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਇਸ ਪੁਸਤਕ ਦੀ ਸਭ ਤੋਂ ਵੱਡੀ ਖੂਬਸੂਰਤੀ ਇਸ ਗੱਲ ਦੀ ਹੈ ਕਿ ਪੁਸਤਕ ਪੜ੍ਹਦਿਆਂ ਤੁਸੀਂ ਆਪ-ਮੁਹਾਰੇ ਠੰਡੇ ਬੁਰਜ ਤੇ ਸਰਹੰਦ ਦੀ ਉਸ ਕੰਧ ਨੂੰ, ਜਿੱਥੇ ਸਾਹਿਬਜ਼ਾਦੇ ਨੀਹਾਂ ਵਿਚ ਚਿਣੇ ਗਏ ਸਨ, ਨਤਮਸਤਕ ਹੋ ਜਾਂਦੇ ਹੋ। ਕਮਾਲ ਦੀ ਗੱਲ ਇਹ ਹੈ ਕਿ ਐਡੇ ਮਾਰਮਿਕ ਦ੍ਰਿਸ਼ਾਂ ਨੂੰ ਪੜ੍ਹਦਿਆਂ ਭਾਵੁਕ ਹੁੰਦੇ ਹੋਏ ਵੀ ਤੁਸੀਂ ਚੜ੍ਹਦੀ ਕਲਾ ‘ਚ ਹੋ ਜਾਂਦੇ ਹੋ ਤੇ ਮਾਣ ਕਰਦੇ ਹੋ ਕਿ ਅਸੀਂ ਗੁਰੂ ਗੋਬਿੰਦ ਦੀ ਅੰਸ਼-ਵੰਸ਼ ਹਾਂ। ਉਨ੍ਹਾਂ ਅੱਗੇ ਕਿਹਾ ਕਿ ਦੁਖਾਂਤ ਇਸ ਗੱਲ ਦਾ ਹੈ ਕਿ ਅਸੀਂ ਆਪਣੇ ਗੁਰੂਆਂ ਦੇ ਦੱਸੇ ਰਾਹ ਨੂੰ ਭੁੱਲ ਕੇ ਸਿਰਫ਼ ਉਨ੍ਹਾਂ ਨੂੰ ਮੱਥਾ ਟੇਕਣ ਤੱਕ ਹੀ ਸੀਮਤ ਰਹਿ ਗਏ ਹਾਂ।
ਆਪਣੇ ਪ੍ਰਧਾਨਗੀ ਭਾਸ਼ਣ ‘ਚ ਬੋਲਦਿਆਂ ਡਾ. ਰਮਨਪ੍ਰੀਤ ਕੌਰ, ਮੁਖੀ ਪੰਜਾਬੀ ਵਿਭਾਗ, ਕੇਂਦਰੀ ਯੂਨੀਵਰਸਿਟੀ ਪੰਜਾਬ, ਬਠਿੰਡਾ ਨੇ ਕਿਹਾ ਕਿ ਵਿਦਿਆਰਥੀਆਂ ਦੁਆਰਾ ਕੀਤੀ ਇਹ ਪੁਸਤਕ ਵਾਰਤਾ ਬੜੇ ਸਲੀਕੇ ਤੇ ਤਰਤੀਬਵਾਰ ਆਪਣੇ ਸਿਖਰ ‘ਤੇ ਪਹੁੰਚੀ। ਉਨ੍ਹਾਂ ਕਿਹਾ ਕਿ ਅਸਲ ਧਾਰਮਿਕ ਉਹ ਨਹੀਂ ਜੋ ਆਪਣੇ ਧਰਮ ਵਿਚ ਕੱਟੜ ਹੈ, ਬਲਕਿ ਅਸਲ ਧਰਮੀ ਉਹ ਹੈ ਜਾਂ ਨਾ ਸਿਰਫ਼ ਦੂਜੇ ਧਰਮਾਂ ਦਾ ਸਤਿਕਾਰ ਕਰੇ ਬਲਕਿ ਲੋੜ ਪੈਣ ‘ਤੇ ਦੂਜੇ ਧਰਮ ਲਈ ਕੁਰਬਾਨ ਹੋਣਾ ਜਾਣਦਾ ਹੋਵੇ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਇਸ ਦੀ ਪ੍ਰਤੱਖ ਉਦਾਹਰਨ ਹਨ। ਮੁਸਲਮਾਨ ਹੁੰਦਿਆਂ ਵੀ ਜੋਗੀ ਅੱਲ੍ਹਾ ਯਾਰ ਖਾਂ ਸਿੱਖ ਧਰਮ ਦੀ ਉੱਚੀ ਸ਼ਾਨ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਜਿਸ ਢੰਗ ਨਾਲ ਪੇਸ਼ਕਾਰੀ ਕਰ ਰਿਹਾ ਹੈ, ਉਸ ਦੀ ਹੋਰ ਮਿਸਾਲ ਕੋਈ ਨਹੀਂ। ਸੋ ਆਪਣੇ ਧਰਮ ਵਿਚ ਰਹਿੰਦਿਆਂ, ਸਭਨਾਂ ਧਰਮਾਂ ਦਾ ਸਤਿਕਾਰ ਕਰਦੇ ਹੋਏ ਇਨਸਾਨ ਬਣ ਕੇ ਜਿਉਣ ਦਾ ਯਤਨ ਕਰੀਏ।
ਸਮਾਗਮ ਦੌਰਾਨ ਜ਼ਿਲ੍ਹਾ ਭਾਸ਼ਾ ਦਫ਼ਤਰ, ਬਠਿੰਡਾ ਵੱਲੋਂ ਸੁਖਮਨੀ ਸਿੰਘ ਦੀ ਅਗਵਾਈ ਵਿਚ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿਚ ਸ੍ਰੀ ਅਨਿਲ ਕੁਮਾਰ ਤੇ ਸ਼ੁਭਮ ਕੁਮਾਰ ਸਹਿਯੋਗੀ ਸਟਾਫ਼ ਵਜੋਂ ਮੌਜੂਦ ਸਨ। ਸਮਾਗਮ ਵਿਚ ਰਿਜਨਲ ਸੈਂਟਰ ਦੇ ਪੰਜਾਬੀ ਵਿਭਾਗ ਦੇ ਸਟਾਫ਼ ਵਿਚੋਂ ਡਾ. ਰਜਿੰਦਰਪਾਲ ਸਿੰਘ, ਡਾ. ਰਵਿੰਦਰ ਸਿੰਘ ਸੰਧੂ, ਅੰਗਰੇਜ਼ੀ ਵਿਭਾਗ ਦੇ ਸਟਾਫ਼ ਵਿਚੋਂ ਡਾ. ਲਵਲੀਨ ਕੌਰ ਸ਼੍ਰੀਮਤੀ ਦੀਪਿਕਾ, ਇੰਦਰਪ੍ਰੀਤ ਕੌਰ, ਅਰਥ ਸ਼ਾਸਤਰ ਵਿਭਾਗ ਵਿੱਚੋਂ ਡਾ. ਕੁਲਦੀਪ, ਡਾ.ਕੰਵਰ ਜਗਜੀਤ, ਸ਼ਾਇਰ ਡਾ. ਤਰਸੇਮ ਨਰੂਲਾ, ਆਲੋਚਕ ਡਾ. ਅਜੀਤਪਾਲ ਅਤੇ ਪੰਜਾਬੀ ਤੇ ਅੰਗਰੇਜ਼ੀ ਵਿਭਾਗ ਦੇ ਵਿਦਿਆਰਥੀ ਮੌਜੂਦ ਸਨ।