ਹੋਲਾ ਮਹੱਲਾ ਤੋ ਪਹਿਲਾ ਮੇਲਾ ਖੇਤਰ ਦੀਆ ਸੜਕਾਂ ਦੀ ਮੁਰੰਮਤ ਵਿਆਪਕ ਪੱਧਰ ਤੇ ਸ਼ੁਰੂ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 12 ਫਰਵਰੀ
ਹੋਲਾ ਮਹੱਲਾ ਦੌਰਾਨ ਦੇਸ਼ ਅਤੇ ਵਿਦੇਸ਼ ਤੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਵਾਲੀਆਂ ਲੱਖਾਂ ਸੰਗਤਾਂ ਨੂੰ ਸੁਚਾਰੂ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਨ ਲਈ ਮੇਲਾ ਖੇਤਰ ਦੀਆਂ ਸੜਕਾਂ ਦੇ ਨਵੀਨੀਕਰਨ ਅਤੇ ਮੁਰੰਮਤ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਇਹ ਜਾਣਕਾਰੀ ਸੰਦੀਪ ਕੁਮਾਰ ਐਕਸੀਅਨ ਨੈਸ਼ਨਲ ਹਾਈਵੇ ਵੱਲੋਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆਂ ਡਚਲਵਾਲ, ਆਈ.ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਵਿਭਾਗ ਵੱਲੋਂ ਸਾਰੇ ਲੋੜੀਂਦੇ ਇੰਤਜ਼ਾਮ ਕੀਤੇ ਜਾ ਰਹੇ ਹਨ ਤਾਂ ਜੋ ਹੋਲਾ ਮਹੱਲਾ ਤੋਂ ਪਹਿਲਾਂ ਨੈਸ਼ਨਲ ਹਾਈਵੇ 503 ਐਕਸਟੈਸ਼ਨ ਨੂੰ ਪੂਰੀ ਤਰ੍ਹਾਂ ਆਵਾਜਾਈ ਯੋਗ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸੁਰੱਖਿਆ ਅਤੇ ਆਰਾਮਦਾਇਕ ਆਵਾਜਾਈ ਵਿਭਾਗ ਦੀ ਪ੍ਰਾਥਮਿਕਤਾ ਹੈ।
ਐਕਸੀਅਨ ਸੰਦੀਪ ਕੁਮਾਰ ਨੇ ਦੱਸਿਆ ਕਿ ਮੇਲੇ ਤੋ ਪਹਿਲਾ ਨੈਸ਼ਨਲ ਹਾਈਵੇ 503 ਐਕਸਟੈਸ਼ਨ ਦੀ ਮੁਰੰਮਤ, ਪੈਚ ਵਰਕ ਅਤੇ ਲੋੜ ਅਨੁਸਾਰ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਖਾਸ ਦੱਸਿਆ ਕਿ ਨਵਜੋਤ ਸਿੰਘ ਐਸ.ਡੀ.ਓ ਤੇ ਹਰਪ੍ਰੀਤ ਸਿੰਘ ਜੇ.ਈ. ਦੀ ਦੇਖ-ਰੇਖ ਹੇਠ ਬੱਢਲ ਗੇਟ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਦੇ ਰਸਤੇ ‘ਤੇ ਪੈਚ ਵਰਕ ਜਾਰੀ ਹੈ, ਜਿਸ ਨਾਲ ਯਾਤਰੀਆਂ ਅਤੇ ਵਾਹਨਾਂ ਦੀ ਆਵਾਜਾਈ ਹੋਰ ਸੁਚੱਜੀ ਬਣੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਰਿਹਾ ਅਤੇ ਅਧਿਕਾਰੀਆਂ ਵੱਲੋਂ ਨਿਰੰਤਰ ਨਿਰੀਖਣ ਕੀਤਾ ਜਾ ਰਿਹਾ ਹੈ। ਹੋਲਾ ਮਹੱਲਾ ਤੋਂ ਪਹਿਲਾਂ ਸਾਰੇ ਕੰਮ ਮੁਕੰਮਲ ਕਰਕੇ ਸੰਗਤਾਂ ਲਈ ਸੁਰੱਖਿਅਤ ਅਤੇ ਸੁਚਾਰੂ ਆਵਾਜਾਈ ਯਕੀਨੀ ਬਣਾਈ ਜਾਵੇਗੀ।