21 ਨੂੰ ਸ਼ੁਭਕਰਨ ਸਿੰਘ ਸਮੇਤ ਸ਼ਹੀਦਾਂ ਦੀ ਮਨਾਈ ਜਾਵੇਗੀ ਬਰਸੀ
ਚੰਡੀਗੜ੍ਹ, 12 ਫ਼ਰਵਰੀ 2026: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਕੋਰ ਕਮੇਟੀ ਮੈਂਬਰਾਂ ਦੀ ਮੀਟਿੰਗ ਪਿੰਡ ਆਮੇ ਵਾਲਾ ਕਿਸਾਨ ਆਗੂ ਸੁਖਵਿੰਦਰ ਸਿੰਘ ਦੇ ਗ੍ਰਹਿ (ਨੇੜੇ ਫਿਰੋਜ਼ਪੁਰ) ਵਿਖੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਵੀ ਸ਼ਾਮਲ ਹੋਏ ਤੇ ਮੀਟਿੰਗ ਵਿੱਚ ਕਿਸਾਨ ਆਗੂਆਂ ਵਲੋਂ ਪਿੰਡ ਇਕਾਈਆਂ ਦੀਆਂ ਜਥੇਬੰਦੀ ਦੇ ਸੰਵਿਧਾਨ ਮੁਤਾਬਿਕ 3 ਸਾਲ ਬਾਅਦ ਮੈਂਬਰਸ਼ਿਪ ਅਨੁਸਾਰ ਚੋਣਾਂ ਕਰਨ, ਕੱਟੀ ਹੋਈ ਮੈਂਬਰਸ਼ਿਪ ਤੇ ਪਿੰਡਾਂ ਵਿੱਚ ਫੰਡਾਂ ਦੀ ਰਿਪੋਰਟ ਤੇ ਆਉਣ ਵਾਲੇ ਟਾਇਮ ਵਿੱਚ ਜੋਨਾਂ ਦੀ ਚੋਣ ਕਰਕੇ ਜ਼ਿਲ੍ਹਾ ਟੀਮ ਦੀ ਚੋਣ ਕਰਨ ਤੇ ਅਹਿਮ ਵਿਚਾਰਾਂ ਕਰਦਿਆਂ ਕਿਸਾਨਾਂ ਵਲੋਂ ਚੱਲ ਰਹੇ ਫਿਰੋਜ਼ਪੁਰ-ਮੱਲਾਂਵਾਲਾ-ਮੱਖੂ ਰੋਡ ਬਾਬਤ ਧਰਨੇ ਦੀ ਵਿਉਂਤਬੰਦੀ ਸਬੰਧੀ ਅਗਲੇਰੀ ਰਣਨੀਤੀ ਬਣਾਈ ਗਈ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਆਪਣੀਆਂ ਕਿਸਾਨੀ ਮੰਗਾਂ ਸਬੰਧੀ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਸ਼ੰਬੂ, ਖਨੌਰੀ ਬਾਰਡਰਾਂ ਤੇ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ਤੇ ਭਗਵੰਤ ਮਾਨ ਸਰਕਾਰ ਵਲੋਂ ਜੋ ਕਿਸਾਨਾਂ ਮਜ਼ਦੂਰਾਂ ਨੂੰ ਪੰਜਾਬ ਪੁਲਿਸ ਵਲੋਂ ਤਸ਼ਦੱਤ ਕਰਕੇ ਰੋਕਿਆ ਗਿਆ ਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਗੋਲੀ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ, ਉਸ ਯੋਧੇ ਨੂੰ ਸਿਜਦਾ ਕਰਨ ਤੇ ਸ਼ੰਬੂ, ਖਨੌਰੀ ਮੋਰਚਿਆਂ ਸਮੇਤ ਸ਼ਹੀਦਾਂ ਨੂੰ 21 ਫ਼ਰਵਰੀ ਦਾਣਾ ਮੰਡੀ ਫਿਰੋਜ਼ਪੁਰ ਛਾਉਣੀ ਵਿਖੇ ਵੱਡਾ ਇਕੱਠ ਕਰਕੇ ਸ਼ਰਧਾਂਜਲੀ ਸਮਾਗਮ ਸਮਾਰੋਹ ਕੀਤਾ ਜਾਵੇਗਾ। ਇਸ ਮੌਕੇ ਧਰਮ ਸਿੰਘ ਸਿੱਧੂ, ਸੁਰਜੀਤ ਸਿੰਘ ਫੌਜੀ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਹਰਫੂਲ ਸਿੰਘ ਦੂਲੇਵਾਲਾ ਆਦਿ ਆਗੂ ਹਾਜ਼ਰ ਸਨ।