ਕੇਂਦਰੀ ਬਜਟ ’ਚ ਪੰਜਾਬ ਦੇ ਅਰਥਚਾਰੇ ਨੂੰ ਹੁਲਾਰਾ ਦੇਣ ਵਾਸਤੇ ਅਤੇ ਖੇਤੀਬਾੜੀ, ਕਿਸਾਨੀ ਮੁਸ਼ਕਿਲਾਂ ਜਾਂ ਹੜ੍ਹ ਰਾਹਤ, ਨੌਜਵਾਨਾਂ ਦੇ ਰੋਜ਼ਗਾਰ ਤੇ ਉਦਯੋਗਾਂ ਦੀ ਕਾਇਆਕਲਪ ਕਰਨ ਵਾਸਤੇ ਕੱਖ ਨਹੀਂ ਹੈ: ਹਰਸਿਮਰਤ ਕੌਰ ਬਾਦਲ
ਮੰਗ ਕੀਤੀ ਕਿ ਕਿਸਾਨਾਂ ਨੂੰ ਹੜ੍ਹਾਂ ਦਾ ਮੁਆਵਜ਼ਾ ਦਿੱਤਾ ਜਾਵੇ, ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਦਾ ਰੂਪ ਦਿੱਤਾ ਜਾਵੇ, ਸੂਬੇ ਨੂੰ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਅਤੇ ਉਦਯੋਗਿਕ ਕੋਰੀਡੋਰ ਤੇ ਨਸ਼ਿਆਂ ਤੋਂ ਮੁੜ ਵਸੇਬੇ ਦਾ ਫੰਡ ਸਥਾਪਿਤ ਕੀਤਾ ਜਾਵੇ
ਚੰਡੀਗੜ੍ਹ, 11 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਪਿਛਲੇ 10 ਕੇਂਦਰੀ ਬਜਟਾਂ ਵਿਚ ਪੰਜਾਬ ਨੂੰ ਬਹੁਤ ਹੀ ਵਿਧੀਗਤ ਤਰੀਕੇ ਨਾਲ ਬਾਹਰ ਰੱਖਣ ਦੀ ਨਿਖੇਧੀ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ 2026-27 ਦੇ ਬਜਟ ਵਿਚ ਸੂਬੇ ਦੇ ਅਰਥਚਾਰੇ ਨੂੰ ਹੁਲਾਰਾ ਦੇਣ ਜਾਂ ਫਿਰ ਖੇਤੀਬਾੜੀ, ਕਿਸਾਨੀ ਮੁਸ਼ਕਿਲਾਂ, ਹੜ੍ਹ ਰਾਹਤ ਵਾਸਤੇ ਫੰਡਾਂ, ਨੌਜਵਾਨਾਂ ਦੇ ਰੋਜ਼ਗਾਰ ਅਤੇ ਉਦਯੋਗਾਂ ਦੀ ਕਾਇਆਕਲਪ ਕਰਨ ਵਾਸਤੇ ਕੱਖ ਵੀ ਨਹੀਂ ਹੈ।
ਸੰਸਦ ਵਿਚ ਬਜਟ ’ਤੇ ਬੋਲਦਿਆਂ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਬੇਸ਼ੱਕ ਪੰਜਾਬ ਨੇ ਪਾਣੀ, ਜ਼ਮੀਨ, ਕਿਰਤ ਤੇ ਨੌਜਵਾਨੀ ਰਾਹੀਂ ਭਾਰਤ ਵਾਸਤੇ ਯੋਗਦਾਨ ਦਿੱਤਾ ਪਰ ਇਸਦੇ ਬਾਵਜੂਦ ਇਸਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪਿਆ, ਕਿਸਾਨੀ ਮੁਸ਼ਕਿਲ ਵਿਚ ਫਸੀ, ਹੜ੍ਹਾਂ ਨਾਲ ਤਬਾਹੀ ਹੋਈ ਅਤੇ ਨੌਜਵਾਨ ਨਸ਼ਿਆਂ ਵਿਚ ਫਸ ਗਏ। ਉਹਨਾਂ ਮੰਗ ਕੀਤੀ ਕਿ ਕਿਸਾਨਾਂ ਵਾਸਤੇ ਹੜ੍ਹਾਂ ਲਈ ਮੁਆਵਜ਼ਾ ਐਲਾਨਿਆ ਜਾਵੇ, ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਦਾ ਰੂਪ ਦਿੱਤਾ ਜਾਵੇ, ਚਮੜੇ, ਖੇਡਾਂ ਅਤੇ ਕਪੜੇ ਦੇ ਉਦਯੋਗਾਂ ਵਾਸਤੇ ਉਦਯੋਗਿਕ ਕਾਰੀਡੋਰ ਸਥਾਪਿਤ ਕਰ ਕੇ ਉਦਯੋਗ ਖੇਤਰ ਨੂੰ ਉਤਸ਼ਾਹਿਤ ਕੀਤਾ ਜਾਵੇ, ਸੂਬੇ ਨੂੰ ਅਰਥਚਾਰੇ ਦੇ ਹੁਲਾਰ ਵਾਸਤੇ ਵਿਸ਼ੇਸ਼ ਪੈਕੇਜ ਦਿੱਤਾ ਜਾਵੇ, ਨਸ਼ਿਆਂ ਤੋਂ ਮੁੜ ਵਸੇਬੇ ਵਾਸਤੇ ਅਤੇ ਸੈਰ ਸਪਾਟਾ ਸਰਕਟ ਸਥਾਪਿਤ ਕਰਨ ਵਾਸਤੇ ਫੰਡ ਦਿੱਤੇ ਜਾਣ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਜਿਥੋਂ ਤੱਕ ਪੰਜਾਬ ਦਾ ਸਵਾਲ ਹੈ ’ਸਬਕਾ ਵਿਕਾਸ’ ਸਿਰਫ ਇਕ ਥੋਥਾ ਨਾਅਰਾ ਸਾਬਤ ਹੋਇਆ ਹੈ ਅਤੇ ਕਿਹਾ ਕਿ ਭਾਵੇਂ ਪੰਜਾਬ ਦੇ ਵਿਕਾਸ ਵਿਚ ਨਿਰੰਤਰ ਗਿਰਾਵਟ ਆ ਰਹੀ ਹੈ ਅਤੇ ਕੌਮੀ ਕੁੱਲ ਘਰੇਲੂ ਉਤਪਾਦ ਵਿਚ ਵਿਚ ਇਸਦਾ ਯੋਗਦਾਨ ਘੱਟ ਰਿਹਾ ਹੈ ਤੇ ਕੁੱਲ ਘਰੇਲੂ ਉਤਪਾਦ ਦੇ ਮੁਕਾਬਲੇ ਇਸਦਾ ਕਰਜ਼ਾ ਨਿਰੰਤਰ ਵੱਧ ਰਿਹਾ ਹੈ ਪਰ ਇਸਦੇ ਬਾਵਜੂਦ ਸੂਬੇ ਲਈ ਕੋਈ ਨਿਸ਼ਚਿਤ ਮਦਦ ਨਹੀਂ ਕੀਤੀ ਜਾ ਰਹੀ।
ਪੰਜਾਬ ਦੇ ਖੇਤੀਬਾੜੀ ਖੇਤਰ ਦੀ ਗੱਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਇਹ ਸੈਕਟਰ ਕਰਜ਼ੇ ਤੇ ਖੁਦਕੁਸ਼ੀਆਂ ਕਾਰਨ ਬਹੁਤ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਦਾ ਵਾਅਦਾ ਲਾਗੂ ਨਹੀਂ ਕੀਤਾ ਗਿਆ ਅਤੇ ਖਾਦਾਂ ’ਤੇ ਸਬਸਿਡੀ ਨਿਰੰਤਰ ਘੱਟ ਰਹੀ ਹੈ ਅਤੇ ਅਮਰੀਕਾ ਨਾਲ ਹੋਏ ਵਪਾਰਕ ਸਮਝੌਤੇ ਦਾ ਵੀ ਕਿਸਾਨਾਂ ’ਤੇ ਮਾਰੂ ਅਸਰ ਪਵੇਗਾ। ਉਹਨਾਂ ਦੱਸਿਆ ਕਿ ਕਿਵੇਂ ਕਿਸਾਨ ਕੇਂਦਰ ਸਰਕਾਰ ਦੇ ਉਸ ਬਿਆਨ ਦਾ ਖਮਿਆਜ਼ਾ ਭੁਗਤ ਰਹੇ ਹਨ ਜਿਸ ਵਿਚ ਕਿਹਾ ਗਿਆ ਕਿ ਸੂਬੇ ਨੂੰ 12500 ਕਰੋੜ ਰੁਪਏ ਕਿਸਾਨਾਂ ਦੇ ਮੁਆਵਜ਼ੇ ਵਾਸਤੇ ਦਿੱਤਾ ਗਿਆ ਜਦੋਂ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਦਾਅਵਾ ਕੀਤਾ ਸੀ ਕਿ ਉਸਨੂੰ ਅਜਿਹਾ ਕੋਈ ਫੰਡ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ 2025 ਵਿਚ ਪੰਜਾਬ ਵਿਚ ਹੜ੍ਹਾਂ ਦੌਰਾਨ ਸੈਰ ਸਪਾਟੇ ਕਰਦੇ ਰਹੇ ਪਰ ਕਿਸਾਨਾਂ ਵਾਸਤੇ ਕੱਖ ਵੀ ਨਹੀਂ ਦਿੱਤਾ ਗਿਆ।
ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਦੀ ਅਖੌਤੀ ਸੁਧਾਰ ਐਕਸਪ੍ਰੈਸ ਪੰਜਾਬ ਨਹੀਂ ਪੁੱਜੀ। ਉਹਨਾਂ ਕਿਹਾ ਕਿ ਸੂਬਾ ਕੇਂਦਰੀ ਪੂਲ ਵਿਚ 2000 ਕਰੋੜ ਰੁਪਏ ਦਾ ਯੋਗਦਾਨ ਪਾ ਰਿਹਾ ਹੈ ਪਰ ਬਦਲੇ ਵਿਚ ਇਸਨੂੰ ਕੱਖ ਵੀ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਪਾਕਿਸਤਾਨ ਨਾਲ ਅਟਾਰੀ ਸਰਹੱਦ ਬੰਦ ਕਰ ਦਿੱਤੀ ਗਈ ਜਦੋਂ ਕਿ ਗੁਜਰਾਤ ਦੇ ਸਮੁੰਦਰੀ ਰਾਹ ਰਾਹੀਂ ਵਪਾਰ ਦੇ ਰਸਤੇ ਖੁੱਲ੍ਹੇ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਪਾਕਿਸਤਾਨ ਨਾਲ ਕ੍ਰਿਕਟ ਮੈਚ ਤਾਂ ਸ਼ੁਰੂ ਹੋ ਗਏ ਹਨ ਪਰ ਕਰਤਾਰਪੁਰ ਸਾਹਿਬ ਲਾਂਘਾ ਬੰਦ ਹੈ।
ਉਹਨਾਂ ਕਿਹਾ ਕਿ ਪੰਜਾਬ ਤੋਂ ਉਦਯੋਗ ਹਿਜ਼ਰਤ ਕਰ ਰਿਹਾ ਹੈ ਕਿਉਂਕਿ ਇਸਨੂੰ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ ਜਦੋਂ ਕਿ ਗੁਆਂਢੀ ਰਾਜਾਂ ਵਿਚ ਇਹ ਰਾਹਤ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਸ਼ੈਲਰ ਉਦਯੋਗ ਵੀ ਮਾਰ ਝੱਲ ਰਿਹਾ ਹੈ ਕਿਉਂਕਿ ਮਿਲਿੰਗ ਵਿਚ ਫੇਰੀ ਹੋ ਰਹੀ ਹੈ ਅਤੇ ਪੰਜਾਬ ਵਿਚ ਪਿਆ ਅਨਾਜ ਭੰਡਾਰ ਦੇਸ਼ ਭਰ ਵਿਚ ਭੇਜਿਆ ਨਹੀਂ ਜਾ ਰਿਹਾ ਅਤੇ ਦੁਕਾਨਦਾਰਾਂ ਨੂੰ ਜੀ ਐਸ ਟੀ ਨਿਯਮਾਂ ਕਾਰਨ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਸਰਦਾਰਨੀ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਪੰਜਾਬ ਵਿਚ ਨਸ਼ਿਆਂ ਦਾ ਅਤਿਵਾਦ ਤਬਾਹੀ ਲਿਆ ਰਿਹਾ ਹੈ। ਉਹਨਾਂ ਦੱਸਿਆ ਕਿ ਦੇਸ਼ ਭਰ ਵਿਚ ਨਸ਼ਿਆਂ ਨਾਲ ਸਭ ਤੋਂ ਵੱਧ ਮੌਤਾਂ ਪੰਜਾਬ ਵਿਚ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਪਾਕਿਸਤਾਨ ਤੋਂ ਔਸਤਾਨ ਹਰ ਮਹੀਨੇ 24 ਡਰੋਨ ਆ ਰਹੇ ਹਨ ਜੋ ਵੱਡੀ ਮਾਤਰਾ ਵਿਚ ਨਸ਼ੇ ਲਿਆ ਰਹੇ ਹਨ ਪਰ ਕੇਂਦਰੀ ਨਾਰਕੋਟਿਕਸ ਫੰਡ ਸਹਾਇਤਾ ਸਕੀਮ ਤਹਿਤ ਪੰਜਾਬ ਵਾਸਤੇ ਕੋਈ ਫੰਡ ਰਿਲੀਜ਼ ਨਹੀਂ ਕੀਤੇ ਗਏ।
ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਕਿਵੇਂ ਪੰਜਾਬ ਵਿਚ ਸਿਹਤ ਤੇ ਸਿੱਖਿਆ ਖੇਤਰ ਦੀ ਮਜ਼ਬੂਤੀ ਵਾਸਤੇ ਕੱਖ ਵੀ ਨਹੀਂ ਕੀਤਾ ਗਿਆ ਤੇ ਸ੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ’ਤੇ ਅੰਸ਼ਕ ਸਮਾਜ ਨੂੰ ਵੀ ਅਣਡਿੱਠ ਕਰ ਦਿੱਤਾ ਗਿਆ।