ਤਰਨ ਤਾਰਨ : ਲਾਅ ਕਾਲਜ 'ਚ ਕੁੜੀ ਨੂੰ ਗੋਲੀ ਮਾਰਨ ਵਾਲੇ ਮੁੰਡੇ ਦੀ ਮੌਤ
ਬਲਜੀਤ ਸਿੰਘ
ਤਰਨ ਤਾਰਨ : ਤਰਨਤਾਰਨ ਦੇ ਲਾਅ ਕਾਲਜ 'ਚ ਪੜ੍ਹ ਰਹੀ ਇਕ ਕੁੜੀ ਨੂੰ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਖ਼ੁਦ ਨੂੰ ਗੋਲੀ ਮਾਰਨ ਵਾਲੇ ਨੌਜਵਾਨ ਪ੍ਰਿੰਸ ਦੀ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਪ੍ਰਿੰਸ ਦੇ ਸਿਰ 'ਚ ਗੋਲੀ ਲੱਗੀ ਸੀ, ਜੋ ਆਰ-ਪਾਰ ਹੋ ਗਈ ਸੀ, ਜਿਸ ਕਾਰਨ ਉਸ ਦੀ ਹਾਲਤ ਸ਼ੁਰੂ ਤੋਂ ਹੀ ਬਹੁਤ ਗੰਭੀਰ ਬਣੀ ਹੋਈ ਸੀ। ਹਸਪਤਾਲ ਪ੍ਰਸ਼ਾਸਨ ਵੱਲੋਂ ਪ੍ਰਿੰਸ ਦੀ ਜਾਨ ਬਚਾਉਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਹਾਲਤ 'ਚ ਸੁਧਾਰ ਨਾ ਆਉਣ ਕਾਰਨ ਉਸ ਨੇ ਦਮ ਤੋੜ ਦਿੱਤਾ। ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਪ੍ਰਿੰਸ ਨੂੰ ਹਸਪਤਾਲ ਲਿਆਂਦਾ ਗਿਆ ਸੀ, ਉਸ ਸਮੇਂ ਵੀ ਉਸ ਦੀ ਹਾਲਤ ਬੇਹੱਦ ਨਾਜ਼ੁਕ ਸੀ। ਬੀਤੀ ਸ਼ਾਮ ਤੋਂ ਉਸ ਦਾ ਬਲੱਡ ਪ੍ਰੈੱਸ਼ਰ ਲਗਾਤਾਰ ਘੱਟ ਰਿਹਾ ਸੀ ਅਤੇ ਸਾਹ ਲੈਣ 'ਚ ਤਕਲੀਫ਼ ਹੋਣ ਕਾਰਨ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ। ਆਈ. ਸੀ. ਯੂ. 'ਚ ਡਾਕਟਰਾਂ ਦੀ ਵਿਸ਼ੇਸ਼ ਟੀਮ ਵੱਲੋਂ ਲਗਾਤਾਰ ਜੱਦੋ-ਜਹਿਦ ਕੀਤੀ ਗਈ, ਪਰ ਉਸ ਦੀ ਮੌਤ ਹੋ ਗਈ।