ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ 'ਤੇ ਜਾਖੜ ਦਾ ਕਾਂਗਰਸ 'ਤੇ ਤੰਜ਼; "ਚਿੱਟੇ ਦਿਨ ਦਿਖਣ ਲੱਗੇ ਨੇ ਭੂਤ"
ਗਵਰਨਰ ਦੀ ਨਸ਼ਾ ਵਿਰੋਧੀ ਰੈਲੀ ਨੇ ਗਰਮਾਈ ਸਿਆਸਤ; 'ਆਪ' ਨੇ ਚੁੱਕੇ ਸਵਾਲ— "ਗਵਰਨਰ ਨਾਲ ਉਹ ਲੋਕ, ਜਿਨ੍ਹਾਂ 'ਤੇ ਖੁਦ ਲੱਗੇ ਦੋਸ਼"
ਚੰਡੀਗੜ੍ਹ 11 ਫਰਵਰੀ 2026: ਬੀਤੇ ਦਿਨੀਂ ਫ਼ਿਰੋਜ਼ਪੁਰ ਵਿਖੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ਿਆਂ ਵਿਰੁੱਧ ਕੱਢੀ ਗਈ ਪੈਦਲ ਯਾਤਰਾ ਨੇ ਸੂਬੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਰੈਲੀ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਇੱਕਠਿਆਂ ਮੌਜੂਦਗੀ ਨੂੰ ਅਕਾਲੀ-ਭਾਜਪਾ ਗਠਜੋੜ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
ਇਨ੍ਹਾਂ ਚਰਚਾਵਾਂ 'ਤੇ ਬੋਲਦਿਆਂ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਕਾਂਗਰਸ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੂੰ ਹੁਣ ਚਿੱਟੇ ਦਿਨ ਭੂਤ ਦਿਖਾਈ ਦੇਣ ਲੱਗੇ ਹਨ। ਉਹ ਇਸ ਗੱਲ ਤੋਂ ਡਰੇ ਹੋਏ ਹਨ ਕਿ ਜੇਕਰ ਅਕਾਲੀ ਅਤੇ ਭਾਜਪਾ ਮੁੜ ਇਕੱਠੇ ਹੋ ਗਏ ਤਾਂ ਕਾਂਗਰਸ ਦਾ ਕੀ ਬਣੇਗਾ। ਜਾਖੜ ਨੇ ਚੁਟਕੀ ਲੈਂਦਿਆਂ ਕਿਹਾ ਕਿ ਕਾਂਗਰਸ ਨੂੰ ਹੁਣ ਇੱਕ ਨਹੀਂ ਬਲਕਿ ਦੋ-ਦੋ ਭੂਤ (ਅਕਾਲੀ ਅਤੇ ਭਾਜਪਾ) ਨਜ਼ਰ ਆ ਰਹੇ ਹਨ।
ਲੰਮੇ ਸਮੇਂ ਬਾਅਦ ਅਕਾਲੀ ਦਲ ਅਤੇ ਭਾਜਪਾ ਦੀ ਲੀਡਰਸ਼ਿਪ ਇੱਕੋ ਮੰਚ 'ਤੇ ਨਜ਼ਰ ਆਈ। ਗਵਰਨਰ ਕਟਾਰੀਆ ਅਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਚਕਾਰ ਲੰਮੀ ਮੀਟਿੰਗ ਹੋਈ। ਹਾਲਾਂਕਿ ਇਸ ਦੇ ਵੇਰਵੇ ਗੁਪਤ ਹਨ, ਪਰ ਸਿਆਸੀ ਹਲਕਿਆਂ ਵਿੱਚ ਇਸ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ।
ਆਮ ਆਦਮੀ ਪਾਰਟੀ ਦੀ ਤਿੱਖੀ ਪ੍ਰਤੀਕਿਰਿਆ
ਸੱਤਾਧਾਰੀ 'ਆਪ' ਨੇ ਇਸ ਇਕੱਠ ਨੂੰ ਲੈ ਕੇ ਗਵਰਨਰ ਅਤੇ ਵਿਰੋਧੀ ਪਾਰਟੀਆਂ 'ਤੇ ਤਿੱਖੇ ਸਵਾਲ ਦਾਗੇ। 'ਆਪ' ਨੇ ਕਿਹਾ ਕਿ ਅਕਾਲੀ ਅਤੇ ਭਾਜਪਾ ਅੰਦਰੋਂ ਇੱਕੋ ਹਨ, ਅਤੇ ਇਹ ਰੈਲੀ ਸਿਰਫ਼ ਇੱਕ ਦਿਖਾਵਾ ਹੈ। ਪਾਰਟੀ ਨੇ ਗਵਰਨਰ ਕਟਾਰੀਆ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਉਨ੍ਹਾਂ ਲੋਕਾਂ ਨੂੰ ਨਾਲ ਲੈ ਕੇ ਨਸ਼ਾ ਵਿਰੋਧੀ ਮੁਹਿੰਮ ਚਲਾ ਰਹੇ ਹਨ, ਜਿਨ੍ਹਾਂ 'ਤੇ ਖੁਦ ਨਸ਼ਾ ਤਸਕਰੀ ਨੂੰ ਸ਼ਹਿ ਦੇਣ ਦੇ ਗੰਭੀਰ ਦੋਸ਼ ਲੱਗੇ ਹੋਏ ਹਨ।