ਡੈਮੋਕ੍ਰੇਟਿਕ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਵੱਲੋਂ ਤੁਗਲਕੀ ਫਰਮਾਨ ਦਾ ਬਾਈਕਾਟ
ਰੋਹਿਤ ਗੁਪਤਾ
ਗੁਰਦਾਸਪੁਰ 10 ਫਰਵਰੀ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਪੁਰਾਣੇ ਬੱਸ ਸਟੈਂਡ ਤੇ ਕੰਮ ਕਾਜੀ ਔਰਤਾਂ ਵਲੋਂ ਤਿਆਰ ਕੀਤੀਆਂ ਵਸਤੂਆਂ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਮੇਲਾ ਲਗਾਇਆ ਜਾ ਰਿਹਾ ਹੈ। ਪਰ ਇਸ ਮੇਲੇ ਵਿੱਚ ਆਸ਼ਾ ਵਰਕਰਾਂ ਦੀ ਹਰ ਇੱਕ ਪੰਡਾਲ ਤੇ ਸਾਰਾ ਦਿਨ ਡਿਊਟੀ ਲਗਾ ਕੇ ਅਨੌਖਾ ਫ਼ਰਮਾਨ ਜਾਰੀ ਕੀਤਾ ਹੈ। ਅੱਜ ਪਹਿਲੇ ਦਿਨ ਸੀਨੀਅਰ ਮੈਡੀਕਲ ਅਫਸਰ ਬਹਿਰਾਮਪੁਰ ਵਲੋਂ ਵੱਖ ਵੱਖ ਪਿੰਡਾਂ ਦੀਆਂ ਆਸ਼ਾ ਵਰਕਰਾਂ ਦੀ ਡਿਊਟੀ ਦੀ ਲਿਸਟ ਜਾਰੀ ਕੀਤੀ ਗਈ ਹੈ।
ਡੈਮੋਕ੍ਰੇਟਿਕ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਗੁਰਦਾਸਪੁਰ ਦੀ ਆਗੂ ਬਲਵਿੰਦਰ ਕੌਰ ਅਲੀ ਸ਼ੇਰ, ਗੁਰਵਿੰਦਰ ਕੌਰ ਬਹਿਰਾਮਪੁਰ, ਗੁਰਵਿੰਦਰ ਕੌਰ ਨੇ ਸਿਹਤ ਵਿਭਾਗ ਦੇ ਇਸ ਤੁਗਲਕੀ ਫਰਮਾਨ ਦੀ ਨਿੰਦਾ ਕਰਦਿਆਂ ਕਿਹਾ ਕਿ ਆਸ਼ਾ ਵਰਕਰਾਂ ਦਾ ਕੰਮ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ ਨਾ ਕਿ ਦੁਕਾਨਾਂ ਉੱਤੇ ਜਾ ਕੇ ਸੇਲ ਪਰਚੇਜ ਕਰਨਾ ਹੈ। ਇਸ ਕੰਮ ਦਾ ਬਾਈਕਾਟ ਕਰਦਿਆਂ ਉਨ੍ਹਾਂ ਸਮੁੱਚੀਆਂ ਵਰਕਰਾਂ ਨੂੰ ਹਿਦਾਇਤ ਕੀਤੀ ਹੈ ਕਿ ਕੋਈ ਵੀ ਵਰਕਰਜ ਇਸ ਕੰਮ ਲਈ ਪ੍ਰਸ਼ਾਸਨ ਦਾ ਸਹਿਯੋਗ ਨਹੀਂ ਦੇਵੇਗੀ। ਇਹ ਵਰਨਣਯੋਗ ਹੈ ਕਿ ਆਸ਼ਾ ਵਰਕਰਾਂ ਦੀ ਨਿਯੁਕਤੀ ਪਿੰਡਾਂ ਅਤੇ ਸ਼ਹਿਰਾਂ ਵਿੱਚ 42 ਤਰ੍ਹਾਂ ਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ।ਇਸ ਦੇ ਬਦਲੇ ਉਨ੍ਹਾਂ ਨੂੰ ਕੰਮ ਦੇ ਬਦਲੇ ਨਿਗੂਣਾ ਮਾਣ ਭੱਤਾ ਦਿੱਤਾ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਨੂੰ ਸਿਰਫ਼ 2500 ਰੁਪਏ ਤਨਖਾਹ ਦਿੱਤੀ ਜਾਂਦੀ ਹੈ ਜੋ ਕਿ ਕਈ ਕਈ ਮਹੀਨੇ ਨਸ਼ੀਬ ਨਹੀਂ ਹੁੰਦੀ। ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਦੀ ਕਨਵੀਨਰ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਔਰਤਾਂ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਕਰਨ ਵਾਲੀ ਨੀਤੀ ਬੰਦ ਨਾ ਕੀਤੀ ਤਾਂ ਸਖ਼ਤ ਸੰਘਰਸ਼ ਕੀਤਾ ਜਾਵੇਗਾ।