ਬਠਿੰਡਾ ਜ਼ਿਲ੍ਹੇ 'ਚ ਸ਼ਰੇਆਮ ਚਿੱਟਾ ਵਿਕਣ ਸਬੰਧੀ ਵਾਇਰਲ ਵੀਡੀਓ ਨੇ ਪਾਇਆ ਭੜਥੂ
ਅਸ਼ੋਕ ਵਰਮਾ
ਬਠਿੰਡਾ, 9 ਫਰਵਰੀ 2026: ਪੰਜਾਬ 'ਚ ਨਸ਼ਿਆਂ ਦੇ ਖਿਲਾਫ ਲਗਾਤਾਰ ਚੱਲ ਰਹੇ ਕਾਸੋ ਆਪਰੇਸ਼ਨਾਂ ਅਤੇ ਪੁਲਿਸ ਵੱਲੋਂ ਕੀਤੇ ਜਾਂਦੇ ਦਾਅਵਿਆਂ ਦੇ ਬਾਵਜੂਦ ਬਠਿੰਡਾ ਵਿੱਚ ਨਸ਼ਿਆਂ ਦਾ ਧੰਦਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਜਾ ਮਾਮਲਾ ਬੀੜ ਤਲਾਬ ਇਲਾਕੇ ਤੋਂ ਸਾਹਮਣੇ ਆਇਆ ਹੈ. ਜਿੱਥੇ ਚਿੱਟੇ (ਹੈਰੋਇਨ) ਦੀ ਖੁੱਲ੍ਹੇਆਮ ਵਿਕਰੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਭੜਥੂ ਪੈਣ ਨਾਲ ਪ੍ਰਸ਼ਾਸਨ ਅਤੇ ਪੁਲਸ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਵਾਇਰਲ ਵੀਡੀਓ 'ਚ ਸਾਫ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਬੀੜ ਤਲਾਬ ਖੇਤਰ 'ਚ ਸ਼ਰੇਆਮ ਚਿੱਟੇ ਦੀਆਂ ਪੁੜੀਆਂ ਵੰਡਦਾ ਅਤੇ ਵੇਚਦਾ ਨਜ਼ਰ ਆ ਰਿਹਾ ਹੈ। ਇਹ ਦ੍ਰਿਸ਼ ਨਾ ਸਿਰਫ ਕਾਨੂੰਨ-ਵਿਵਸਥਾ ਦੀ ਪੋਲ ਖੋਲ੍ਹਦਾ ਹੈ, ਸਗੋਂ ਇਹ ਵੀ ਦਰਸਾਉਂਦਾ ਹੈ ਕਿ ਨਸ਼ਾ ਸਮੱਗਲਰ ਪੁਲਸ ਤੋਂ ਬਿਲਕੁਲ ਵੀ ਨਹੀਂ ਡਰ ਰਹੇ। ਸਥਾਨਕ ਲੋਕਾਂ ਮੁਤਾਬਕ ਬੀੜ ਤਲਾਬ ਇਲਾਕਾ ਲੰਮੇ ਸਮੇਂ ਤੋਂ ਨਸ਼ਿਆਂ ਦੇ ਕਾਰੋਬਾਰ ਦਾ ਅੱਡਾ ਬਣਿਆ ਹੋਇਆ ਹੈ।ਲੋਕਾਂ ਦਾ ਕਹਿਣਾ ਹੈ ਕਿ ਇਥੇ ਚਿੱਟਾ ਇਸ ਤਰ੍ਹਾਂ ਵੇਚਿਆ ਜਾ ਰਿਹਾ ਹੈ, ਜਿਵੇਂ ਕੋਈ ਆਮ ਉਪਭੋਗਤਾ ਸਾਮਾਨ ਜਾਂ ਮਠਿਆਈ ਵੇਚੀ ਜਾ ਰਹੀ ਹੋਵੇ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਲਾਕੇ 'ਚ ਡਰ ਅਤੇ ਗੁੱਸੇ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੇ ਵਾਇਰਲ ਵੀਡੀਓ ਦੀ ਜਾਂਚ ਕਰਕੇ ਇਸ ਵਿੱਚ ਨਜ਼ਰ ਆ ਰਹੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।