ਜਿਊਲਰ ਦੀ ਦੁਕਾਨ ’ਤੇ ਚੋਰੀ ਮਾਮਲੇ ’ਚ ਪੁਲਿਸ ਨੇ ਦਬੋਚੇ ਅੰਤਰਰਾਜੀ ਚੋਰ ਗਿਰੋਹ ਦੇ 4 ਮੈਂਬਰ
7 ਕਿੱਲੋ ਚਾਂਦੀ ਬਰਾਮਦ- ਇੱਕ ਜੁਗਾੜੂ ਵਾਹਨ ਕਬਜੇ ’ਚ ਲਿਆ
ਅਸ਼ੋਕ ਵਰਮਾ
ਬਠਿੰਡਾ ,10ਫਰਵਰੀ 2026: ਬਠਿੰਡਾ ਪੁਲਿਸ ਨੇ ਪਿਛਲੇ ਦਿਨੀ ਇੱਕ ਜਵੈਲਰਜ ਦੀ ਦੁਕਾਨ ਤੇ ਹੋਈ ਚੋਰੀ ਦਾ ਮਾਮਲਾ ਹੱਲ ਕਰ ਲਿਆ ਹੈ। ਪੁਲਿਸ ਨੇ ਇਸ ਸਬੰਧ ’ਚ ਮੱਧ ਪ੍ਰਦੇਸ਼ ਦੇ ਇੱਕ ਗਿਰੋਹ ਨਾਲ ਸਬੰਧਤ 4 ਜਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜੇ ਚੋਂ ਚੋਰੀ ਕੀਤੀ 7 ਕਿੱਲੋ ਚਾਂਦੀ ਅਤੇ ਇੱਕ ਜੁਗਾੜੂ ਗੱਡੀ ਵੀ ਬਰਾਮਦ ਕੀਤੀ ਹੈ। ਗ੍ਰਿਫਤਾਰ ਮੁਲਜਮਾਂ ’ਚ ਮਲੇਰਕੋਟਲਾ ਜਿਲ੍ਹੇ ਦੀ ਅਹਿਮਦਗੜ੍ਹ ਮੰਡੀ ਦਾ ਇੱਕ ਸੁਨਿਆਰਾ ਵੀ ਸ਼ਾਮਲ ਹੈ ਜੋ ਚੋਰੀ ਦਾ ਮਾਲ ਅਸਬਾਬ ਖਰੀਦਦਾ ਸੀ। ਜਿਲ੍ਹਾ ਪੁਲਿਸ ਮੁਖੀ ਜਯੋਤੀ ਯਾਦਵ ਨੇ ਐਸਪੀ ਸਿਟੀ ਨਰਿੰਦਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ’ਚ ਅੱਜ ਇਹ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਤਾਪ ਨਗਰ ਵਿਖੇ ਹੋਈ ਇਸ ਚੋਰੀ ਦੇ ਸਬੰਧ ਵਿੱਚ 15 ਜਨਵਰੀ ਨੂੰ ਥਾਣਾ ਕੈਨਾਲ ਕਲੋਨੀ ਵਿਖੇ ਮੁੱਕਦਮਾ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਥਾਣਾ ਕੈਨਾਲ ਕਲੋਨੀ ਬਠਿੰਡਾ ਅਤੇ ਸੀ.ਆਈ.ਏ ਸਟਾਫ-2 ਦੀ ਪੁਲਿਸ ਪਾਰਟੀ ਨੂੰ ਇਹ ਸਫਲਤਾ ਮਿਲੀ ਹੈ। ਮੁਦੱਈ ਮੁਕੱਦਮਾ ਨੇ ਬਿਆਨ ਦਰਜ ਕਰਵਾਇਆ ਕਿ ਮਿਤੀ 14 ਅਤੇ 15 ਜਨਵਰੀ ਦੀ ਦਰਮਿਆਨੀ ਰਾਤ ਨੂੰ ਮੇਨ ਰੋਡ ਗਲੀ ਨੰਬਰ 5 ਪ੍ਰਤਾਪ ਨਗਰ ਬਠਿੰਡਾ ਵਿਖੇ ਪਾਰਸ ਜਵੈਲਰਜ ਨਾਮ ਦੀ ਦੁਕਾਨ ਤੇ ਕਰੀਬ 16-17 ਕੁਝ ਅਣਪਛਾਤੇ ਵਿਅਕਤੀਆਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਵਿੱਚ 6-7 ਕਿੱਲੋ ਦੇ ਕਰੀਬ ਚਾਂਦੀ ਅਤੇ ਕੁੱਝ ਨਗਦੀ ਸ਼ਾਮਲ ਸੀ। ਇਸ ਚੋਰੀ ਦੀ ਵਾਰਦਾਤ ਨੂੰ ਹੱਲ ਕਰਨ ਲਈ ਬਠਿੰਡਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਟੈਕਨੀਕਲ ਸੋਰਸਾਂ, ਹਿਊਮਨ ਇੰਟੈਲੀਜੈਂਸ ਅਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮੱਦਦ ਨਾਲ ਪੰਜਾਬ ਅਤੇ ਹਰਿਆਣਾ ਦੇ ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ, ਫਿਰੋਜਪੁਰ, ਜੀਂਦ ਕਰਨਾਲ, ਮੇਵਾਤ ਅਤੇ ਰਿਵਾੜੀ ਜਿਲਿ੍ਹਆਂ ’ਚ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਸੀ।
ਐਸਐਸਪੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਥਾਣਾ ਕੈਨਾਲ ਕਲੋਨੀ ਬਠਿੰਡਾ ਅਤੇ ਸੀ.ਆਈ.ਏ ਸਟਾਫ-2 ਦੀਆਂ ਪੁਲਿਸ ਪਾਰਟੀਆਂ ਨੇ ਅਨਿੱਲ ਉਰਫ ਅਮਪੁੜੀ ਪੁੱਤਰ ਅਸ਼ੋਕ ਕੁਮਾਰ ਸਹਾਰੀਆ ਵਾਸੀ ਨਿਆਪੁਰਾ ਜਿਲ੍ਹਾ ਕੋਟਾ ਰਾਜਸਥਾਨ, ਗੋਵਿੰਦਾ ਪੁੱਤਰ ਬਾਦਲ ਵਾਸੀ ਨਵੀ ਸਬਜੀ ਮੰਡੀ ਬਾਜਾਖਾਨਾ ਰੋਡ ਬਰਨਾਲਾ, ਓਮੀ ਉਰਫ ਟਾਈਗਰ ਪੁੱਤਰ ਬਾਦਲ ਵਾਸੀ ਨਵੀ ਸਬਜੀ ਮੰਡੀ ਬਾਜਾਖਾਨਾ ਰੋਡ ਬਰਨਾਲਾ ਅਤੇ ਬਿਕਰਮ ਵਰਮਾ ਪੁੱਤਰ ਰਾਜਵਿੰਦਰ ਵਰਮਾ ਵਾਸੀ ਅਹਿਮਦਗੜ੍ਹ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ ਜਿਸ ਦੇ ਮੈਂਬਰ ਵੱਖ-ਵੱਖ ਰਾਜਾਂ ਵਿੱਚੋਂ ਚੋਰੀਆਂ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਚੌਹਾਂ ਮੁਲਜਮਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਵਿੱਚੋਂ ਚੋਰੀ ਕੀਤੀ 7 ਕਿੱਲੋ ਚਾਂਦੀ ਅਤੇ ਇੱਕ ਜੁਗਾੜੂ ਫੀਟਰ ਰੇਹੜਾ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਦੋਸ਼ੀ ਮੇਲਿਆਂ ਦੀ ਆੜ ਲੈਕੇ ਵੱਖ-ਵੱਖ ਜਿਲਿ੍ਹਆਂ ’ਚ ਆਪਣੀ ਠਹਿਰ ਬਣਾ ਲੈਂਦੇ ਸਨ।
ਉਨ੍ਹਾਂ ਦੱਸਿਆ ਕਿ ਇੰਨ੍ਹਾਂ ਦੀਆਂ ਔਰਤਾਂ ਮੇਲੇ ਅਤੇ ਗਲੀਆਂ ਵਿੱਚ ਗੁਬਾਰੇ ਵੇਚਣ ਦਾ ਕੰਮ ਕਰਦੀਆਂ ਅਤੇ ਜਦੋਂਕਿ ਵਾਰਦਾਤ ਕਰਨ ਤੋਂ ਪਹਿਲਾਂ ਆਪਣੇ ਸ਼ਿਕਾਰ ਦੀ ਸੂਹ ਲਾ ਲੈਂਦੀਆਂ ਸਨ। ਇਸ ਤੋਂ ਬਾਅਦ ਗਿਰੋਹ ਦੇ ਮੈਂਬਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਜਦੋਂ ਮੇਲਾ ਖਤਮ ਹੋ ਜਾਂਦਾ ਸੀ ਤਾਂ ਇਹ ਉਹ ਰੇਲਗੱਡੀ ਰਾਹੀ ਅਗਲੀ ਚੋਰੀ ਦੀ ਵਾਰਦਾਤ ਲਈ ਕਿਸੇ ਹੋਰ ਏਰੀਏ ਵਿੱਚ ਲੱਗੇ ਮੇਲੇ ’ਤੇ ਚਲੇ ਜਾਂਦੇ ਸੀ। ਇਸ ਗੈਂਗ ਦੇ ਮੈਂਬਰਾਂ ਨੇ ਪੰਜਾਬ ਦੇ ਪਿੰਡ ਮੁਕੇਰੀਆਂ ਜਿਲ੍ਹਾ ਹੁਸ਼ਿਆਰਪੁਰ, ਜਲੰਧਰ, ਕੁਰਾਲੀ ਅਤੇ ਬਲਾਚੌਰ ਵਿਖੇ ਚੋਰੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਬਾਕੀ ਦੋਸ਼ੀਆਂ ਦੀ ਪਛਾਣ ਵੀ ਕਰ ਲਈ ਹੈ ਜਿਹਨਾਂ ਨੂੰ ਦਬੋਚਣ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਰਿਮਾਂਡ ਹਾਸਲ ਕਰਨ ਤੋਂ ਬਾਅਦ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਏਗੀ ਜਿਸ ਦੌਰਾਨ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ।