- By : ਬਾਬੂਸ਼ਾਹੀ ਬਿਊਰੋ
- First Published : Monday, Feb 09, 2026 05:57 PM
-
- LinkedIn
- Whatsapp
- Send Email
- Print
← ਪਿਛੇ ਪਰਤੋ
-
-
Babushahi Special ਬਠਿੰਡਾ ਪੁਲਿਸ ਨੇ ਪੀਜੀ ਹਾਊਸ ਚਲਾਉਣ ਵਾਲਿਆਂ ਦੀ ਚੂੜੀ ਕਸਣ ਰਾਹੀਂ ਮਾਰਕੇ ਟੰਗਿਆ ‘ਕਾਂ’
ਅਸ਼ੋਕ ਵਰਮਾ
ਬਠਿੰਡਾ, 9 ਫਰਵਰੀ 2025: ਬਠਿੰਡਾ ਪੁਲੀਸ ਨੇ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਮੁਹਿੰਮ ਤਹਿਤ ਗੈਰਕਾਨੂੰਨੀ ਢੰਗ ਨਾਲ ਦੋ ਪੀਜੀ ਚਲਾਉਣ ਵਾਲਿਆਂ ਖਿਲਾਫ ਮੁਕੱਦਮੇ ਦਰਜ ਕਰਕੇ ਇੱਕ ਤਰਾਂ ਨਾਲ ਬਾਕੀਆਂ ਨੂੰ ਸੁਧਰ ਜਾਣ ਦੀ ਨਸੀਹਤ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਬਾਕੀ ਪੀਜੀ ਮਾਲਕਾਂ ਨੇ ਨਿਯਮਾਂ ਦੀ ਪਾਲਣਾਂ ਨਾਂ ਕੀਤੀ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ। ਇਕੱਲੇ ਅਜੀਤ ਰੋਡ ਇਲਾਕੇ ਡੇਢ ਸੌ ਤੋਂ ਜਿਆਦਾ ਪੀਜੀ ਹਾਊਸਾਂ ਦੱਸੇ ਜਾ ਰਹੇ ਹਨ ਜਿੰਨ੍ਹਾਂ ਦਾ ਰਿਕਾਰਡ ਇਕੱਤਰ ਕੀਤਾ ਜਾਣਾ ਹੈ। ਵਿਦੇਸ਼ਾਂ ਦਾ ਰੁਝਾਨ ਘਟਣ ਕਾਰਨ ਪੀਜੀ ’ਚ ਰਹਿਣ ਵਾਲਿਆਂ ਦੀ ਗਿਣਤੀ ਘਟੀ ਹੈ ਫਿਰ ਵੀ ਅਜੇ ਇੰਨ੍ਹੀਂ ਥਾਈਂ ਰਹਿੰਦੇ ਮੁੰਡੇ ਕੁੜੀਆਂ ਦਾ ਅੰਕੜਾ ਕਾਫੀ ਵੱਡਾ ਹੈ। ਹੁਣ ਜਦੋਂ ਪੰਜਾਬ ਪੁਲਿਸ ਗੈਂਗਸਟਰਾਂ ਅਤੇ ਅਪਰਾਧੀਆਂ ਪਿੱਛੇ ਲੱਗੀ ਹੈ ਤਾਂ ਬਠਿੰਡਾ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਜੋਤੀ ਯਾਦਵ ਦੀਆਂ ਹਦਾਇਤਾਂ ਉਪਰੰਤ ਇਹ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਮੁਹਿੰਮ ਤਹਿਤ ਥਾਣਾ ਸਿਵਲ ਲਾਈਨ ਪੁਲਿਸ ਨੇ ਜਗਸੀਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਯਾਤਰੀ ਪੀਜੀ ਅਜੀਤ ਰੋਡ ਖਿਲਾਫ ਬੀਐਨਐਸ ਦੀ ਧਾਰਾ 223 ਤਹਿਤ ਮੁੱਕਦਮਾ ਦਰਜ ਕੀਤਾ ਹੈ ਜਿਸ ਨੂੰ ਗ੍ਰਿਫਤਾਰ ਕਰਨਾ ਹਾਲੇ ਬਾਕੀ ਹੈ। ਐਫਆਈਆਰ ਅਨੁਸਾਰ ਜਗਸੀਰ ਸਿੰਘ ਕੋਲ ਪੀਜੀ ਚਲਾਉਣ ਦਾ ਲਾਈਸੰਸ ਅਤੇ ਰਜਿਸ਼ਟਰੇਸ਼ਨ ਨਹੀਂ ਤੇ ਉਸ ਨੇ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਵੀ ਨਹੀਂ ਕਰਵਾਈ ਹੈ। ਇਸੇ ਤਰਾਂ ਹੀ ਥਾਣਾ ਕੈਂਟ ਪੁਲਿਸ ਨੇ ਗੁਰਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਹਰਨਾਮ ਸਿੰਘ ਵਾਲਾ ਖਿਲਾਫ ਵੀ ਬੀਐਨਐਸ ਦੀ ਧਾਰਾ 223 ਤਹਿਤ ਐਫਆਈਆਰ ਦਰਜ ਕੀਤੀ ਹੈ। ਪੁਲਿਸ ਦੀ ਕ੍ਰਾਈਮ ਰਿਪੋਰਟ ਅਨੁਸਾਰ ਮੁਲਜਮ ਗੁਰਵਿੰਦਰ ਸਿੰਘ ਗਰੀਨ ਹੋਟਲ ਵਾਲੀ ਗਲੀ ਹੋਟਲ ਜੀ ਕਲਾਸ ਐਂਡ ਪੀਜੀ ਬਿਨਾਂ ਲਾਈਸੰਸ ਅਤੇ ਰਜਿਸ਼ਟਰੇਸ਼ਨ ਤੋਂ ਚਲਾ ਰਿਹਾ ਹੈ ਅਤੇ ਕਿਰਾਏਦਾਰ ਦੀ ਵੈਰੀਫਿਕੇਸ਼ਨ ਵੀ ਨਹੀਂ ਕਰਵਾਈ ਹੈ ਜੋਕਿ ਐਸਡੀਐਮ ਦੇ ਹੁਕਮਾਂ ਦੀ ਉਲੰਘਣਾ ਹੈ। ਪੁਲਿਸ ਨੇ ਗੁਰਵਿੰਦਰ ਸਿੰਘ ਨੂੰ ਥਾਣੇ ਚੋਂ ਜਮਾਨਤ ਦੇ ਦਿੱਤੀ ਹੈ।
ਬਠਿੰਡਾ ਵਿੱਚ ਕੋਚਿੰਗ ਸੈਂਟਰਾਂ ਦੀ ਬਹੁਤਾਤ ਹੋਣ ਕਾਰਨ ਸ਼ੁਰੂ ਹੋਇਆ ਪੀਜੀ ਕਾਰੋਬਾਰ ਕਾਫੀ ਪੁਰਾਣਾ ਹੈ। ਇਸ ਦੌਰਾਨ ਪੁਲਿਸ ਚੈਕਿੰਗ ਤਾਂ ਕਰਦੀ ਰਹਿੰਦੀ ਸੀ ਪਰ ਵੱਡੀ ਗੱਲ ਇਹ ਹੈ ਕਿ ਐਨੀ ਸਖਤ ਕਾਰਵਾਈ ਪਹਿਲੀ ਦਫਾ ਸਾਹਮਣੇ ਆਈ ਹੈ। ਦਰਅਸਲ ਪੀਜੀ ਪਹਿਲੀ ਵਾਰ ਪੁਲਿਸ ਦੇ ਨਿਸ਼ਾਨੇ ਤੇ ਉਦੋਂ ਆਏ ਜਦੋਂ ਗੈਂਗਸਟਰ ਸ਼ੇਰਾ ਖੁੱਬਣ ਦੇ ਪੁਲਿਸ ਮੁਕਾਬਲੇ ਦੌਰਾਨ ਮਾਰੇ ਜਾਣ ਮਗਰੋਂ ਸਰਚ ਆਪਰੇਸ਼ਨ ਚਲਾਇਆ ਗਿਆ ਸੀ। ਤਫਤੀਸ਼ ਦੌਰਾਨ ਪਤਾ ਲੱਗਿਆ ਸੀ ਕਿ ਸ਼ੇਰਾ ਖੁੱਬਣ 16 ਅਗਸਤ 2012 ਤੋਂ 6 ਸਤੰਬਰ 2012 ਤੱਕ ਆਪਣੀ ਪਛਾਣ ਛੁਪਾਕੇ ਕਮਲਾ ਨਹਿਰੂ ਕਲੋਨੀ ’ਚ ਰਹਿੰਦਾ ਰਿਹਾ ਸੀ। ਪੁਲਿਸ ਨੂੰ ਉਦੋਂ ਤੋਂ ਹੀ ਸ਼ੱਕ ਹੈ ਕਿ ਸਮਾਜ ਵਿਰੋਧੀ ਅਨਸਰਾਂ ਵੱਲੋਂ ਪੀਜੀ ਛੁਪਣਗਾਹਾਂ ਵਜੋਂ ਵਰਤੇ ਜਾਂਦੇ ਹਨ। ਬੇਸ਼ੱਕ ਵਕਤ ਗੁਜ਼ਰਨ ਨਾਲ ਕਾਰਵਾਈ ’ਚ ਖੜੋਤ ਵੀ ਆਉਂਦੀ ਰਹੀ ਪਰ ਹੁਣ ਤਾਜਾ ਹਾਲਾਤਾਂ ਨੂੰ ਦੇਖਦਿਆਂ ਪੁਲਿਸ ਇੱਕ ਵਾਰ ਫਿਰ ਤੋਂ ਪੀਜੀ ਕਾਰੋਬਾਰ ਤੇ ਸ਼ਿਕੰਜਾ ਕਸਣ ਲੱਗੀ ਹੈ।
ਹਾਲਾਂਕਿ ਪਹਿਲੀ ਨਜ਼ਰੇ ਇਹ ਕਾਰਵਾਈ ਸਧਾਰਨ ਜਾਪਦੀ ਹੈ ਪਰ ਅਸਲ ’ਚ ਪੁਲਿਸ ਅਪਰੇਸ਼ਨ ਪ੍ਰਹਾਰ ਤਹਿਤ ਅਪਰਾਧੀਆਂ ਦੀ ਹਰ ਸੰਭਾਵੀ ਛੁਪਣਗਾਹ ਟਟੋਲਣ ਲੱਗੀ ਹੈ। ਉਪਰੋਂ ਜਦੋਂ ਪੰਜਾਬ ਦਾ ਮਹੌਲ ਖਰਾਬ ਕਰਨ ਵਾਲਿਆਂ ਖਿਲਾਫ ਸਖਤੀ ਵਧਾਉਣ ਦੇ ਹੁਕਮ ਹੋਏ ਹਨ ਤਾਂ ਪੁਲਿਸ ਅਫਸਰ ਕਿਸੇ ਕਿਸਮ ਦਾ ਜੋਖਿਮ ਉਠਾਉਣ ਦੇ ਰੌਂਅ ’ਚ ਦਿਖਾਈ ਨਹੀਂ ਦਿੰਦੇ ਹਨ। ਪੁਲਿਸ ਸੂਤਰਾਂ ਮੁਤਾਬਕ ਹੁਣ ਤੱਕ ਦੀ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਜਿਆਦਾਤਰ ਪੀਜੀ ਹਾਊਸ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਇਸ ਦਾ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਤੇ ਪੈਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਉੱਥੇ ਹੀ ਪ੍ਰਵਾਨਗੀ ਨਾਂ ਲੈਣ ਕਾਰਨ ਨਗਰ ਨਿਗਮ ਅਤੇ ਬਿਜਲੀ ਵਿਭਾਗ ਦੇ ਖਜਾਨੇ ਨੂੰ ਵੀ ਸੱਟ ਵੱਜਦੀ ਹੈ ਕਿਉਂਕਿ ਇਹ ਧੰਦਾ ਵਾਪਰਿਕ ਖੇਤਰ ’ਚ ਆਉਂਦਾ ਹੈ। ਜਾਣਕਾਰੀ ਅਨੁਸਾਰ ਥਾਣਿਆਂ ਨੂੰ ਪੀਜੀ ਹਾਊਸ ਚਲਾਉਣ ਵਾਲਿਆਂ ਦੀ ਥਾਣਾ ਵਾਈਜ਼ ਸੂਚਨਾ ਤਿਆਰ ਕਰਨ ਦੀ ਹਦਾਇਤ ਦਿੱਤੀ ਗਈ ਹੈ।
ਜਿਲ੍ਹਾ ਮੈਜਿਸਟਰੇਟ ਬਠਿੰਡਾ ਨੇ ਸ਼ਹਿਰ ਵਿੱਚ ਕਿਰਾਏਦਾਰ ਜਾਂ ਨੌਕਰ ਰੱਖਣ ਤੋਂ ਪਹਿਲਾਂ ਉਸ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਅਤੇ ਜਾਣਕਾਰੀ ਪੁਲਿਸ ਨੂੰ ਦੇਣ ਸਬੰਧੀ ਮਕਾਨ ਮਾਲਕਾਂ ਦੀ ਜਿੰਮੇਵਾਰੀ ਤੈਅ ਕੀਤੀ ਹੋਈ ਹੈ ਪਰ ਇਸ ਗੱਲ ਦਾ ਕਿਧਰੇ ਵੀ ਪਾਲਣ ਨਹੀਂ ਕੀਤਾ ਜਾ ਰਿਹਾ ਹੈ। ਮੁੰਡੇ ਕੁੜੀਆਂ ਵੱਲੋਂ ਕੀਤੀ ਜਾਂਦੀ ਰਿਹਾਇਸ਼ ਕਾਰਨ ਪੇਇੰਗ ਗੈਸਟ ਕਾਰੋਬਾਰ ਖੂਬ ਚਮਕਣ ਲੱਗਾ ਹੈ ਅਤੇ ਇਸ ਵੇਲੇ ਕਈ ਮੁਹੱਲਿਆਂ ’ਚ ਤਾਂ ਇਹ ਹਾਲ ਹੈ ਕਿ ਹਰ ਚੌਥੇ ਘਰ ਵਿੱਚ ਪੀਜੀ ਧੰਦਾ ਚਲਾਇਆ ਜਾ ਰਿਹਾ ਹੈ। ਇੰਨ੍ਹਾਂ ਇਲਾਕਿਆਂ ਵਿੱਚ ਤਾਜਾ ਸਥਿਤੀ ਇਹ ਹੈ ਕਿ ਵਿਦਿਆਰਥੀਆਂ ਨੂੰ ਤਾਂ ਰਹਿਣ ਲਈ ਕਮਰਾ ਝੱਟ ਮਿਲ ਜਾਂਦਾ ਹੈ ਪਰ ਪ੍ਰੀਵਾਰ ਨੂੰ ਰਿਹਾਇਸ਼ ਲਈ ਮਕਾਨ ਕਿਰਾਏ ’ਤੇ ਮਿਲਣਾ ਮੁਸ਼ਕਿਲ ਹੋਇਆ ਪਿਆ ਹੈ। ਅਜੀਤ ਰੋਡ ਅਤੇ 100 ਫੁੱਟੀ ਸੜਕ ’ਤੇ ਕਈ ਏਜੰਟ ਵੀ ਸਰਗਰਮ ਹਨ ਜੋ ਕਮਿਸ਼ਨ ਦੇ ਅਧਾਰ ’ਤੇ ਮੁੰਡੇ ਕੁੜੀਆਂ ਨੂੰ ਪੀਜੀ ਦਿਵਾਉਣ ਦਾ ਕੰਮ ਕਰਦੇ ਹਨ।
ਬੇਨਿਯਮੀਆਂ ਖਿਲਾਫ ਕਾਰਵਾਈ: ਐਸਪੀ
ਐਸਪੀ ਸਿਟੀ ਨਰਿੰਦਰ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਅਮਨ ਕਾਨੂੰਨ ਬਹਾਲ ਰੱਖਣ ਅਤੇ ਗੈਰਕਾਨੂੰਨੀ ਕੰਮ ਰੋਕਣ ਲਈ ਵਚਨਬੱਧ ਹੈ ਜਿਸ ਤਹਿਤ ਲੁੜੀਂਦੀ ਪ੍ਰਵਾਨਗੀ ਨਾਂ ਹੋਣ ਕਾਰਨ ਦੋ ਪੀਜੀ ਮਾਲਕਾਂ ਚਿਖਲਾਫ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਪੀਜੀ ਮਾਲਕਾਂ ਨੂੰ ਜਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਨਾਉਣ ਦੀ ਅਪੀਲ ਵੀ ਕੀਤੀ ਹੈ।
-
- LinkedIn
- Whatsapp
- Send Email
- Print
← ਪਿਛੇ ਪਰਤੋ
No of visitors Babushahi.com
© Copyright All Rights Reserved to Babushahi.com