ਵੱਡੀ ਖ਼ਬਰ: AAP ਮੰਤਰੀਆਂ ਅਤੇ ਵਰਕਰਾਂ 'ਤੇ ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ; ਬਾਜਵਾ ਦੇ ਘਰ ਵੱਲ ਕਰ ਰਹੇ ਸੀ ਕੂਚ
ਬੈਰੀਕੇਡ ਤੋੜਨ ਦੀ ਕੋਸ਼ਿਸ਼ ਦੌਰਾਨ ਪੁਲਿਸ ਤੇ 'ਆਪ' ਵਰਕਰਾਂ ਵਿਚਾਲੇ ਤਿੱਖੀ ਝੜਪ; ਹਲਕਾ ਲਾਠੀਚਾਰਜ ਹੋਣ ਦੀ ਵੀ ਖ਼ਬਰ
Babushahi Network
ਚੰਡੀਗੜ੍ਹ: 9 ਫਰਵਰੀ 2026- ਚੰਡੀਗੜ੍ਹ ਵਿੱਚ ਅੱਜ ਉਸ ਵੇਲੇ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ ਜਦੋਂ ਆਮ ਆਦਮੀ ਪਾਰਟੀ (AAP) ਦੇ ਮੰਤਰੀਆਂ ਅਤੇ ਵਰਕਰਾਂ ਨੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਘਰ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਲਗਾਈ ਗਈ ਬੈਰੀਕੇਡਿੰਗ ਨੂੰ ਤੋੜਨ ਨੂੰ ਲੈ ਕੇ 'ਆਪ' ਵਰਕਰਾਂ ਅਤੇ ਪੁਲਿਸ ਵਿਚਾਲੇ ਜ਼ੋਰਦਾਰ ਧੱਕਾ-ਮੁੱਕੀ ਅਤੇ ਤਿੱਖੀ ਬਹਿਸ ਦੇਖਣ ਨੂੰ ਮਿਲੀ।
ਪੁਲਿਸ ਨੇ 'ਆਪ' ਵਰਕਰਾਂ ਨੂੰ ਬਾਜਵਾ ਦੇ ਘਰ ਤੋਂ ਕਾਫੀ ਪਹਿਲਾਂ ਹੀ ਰੋਕਣ ਲਈ ਸਖ਼ਤ ਬੈਰੀਕੇਡਿੰਗ ਕੀਤੀ ਹੋਈ ਸੀ। ਜਦੋਂ ਵਰਕਰਾਂ ਨੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਤਾਂ ਪੁਲਿਸ ਨੇ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਵਾਟਰ ਕੈਨਨ (ਪਾਣੀ ਦੀਆਂ ਬੁਛਾੜਾਂ) ਦਾ ਇਸਤੇਮਾਲ ਕੀਤਾ। ਦੱਸਿਆ ਜਾ ਰਿਹਾ ਹੈ ਕਿ ਭੀੜ ਨੂੰ ਖਿੰਡਾਉਣ ਲਈ ਪੁਲਿਸ ਵੱਲੋਂ ਹਲਕਾ ਲਾਠੀਚਾਰਜ ਵੀ ਕੀਤਾ ਗਿਆ, ਜਿਸ ਕਾਰਨ ਕਈ ਵਰਕਰਾਂ ਨੂੰ ਪਿੱਛੇ ਹਟਣਾ ਪਿਆ।
ਇਸ ਪ੍ਰਦਰਸ਼ਨ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਦਿੱਗਜ ਆਗੂ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਡਾਕਟਰ ਬਲਵੀਰ ਸਿੰਘ, ਮਹਿੰਦਰ ਭਗਤ, ਮੰਤਰੀ ਹਰਪਾਲ ਸਿੰਘ ਚੀਮਾ, ਸੰਨੀ ਆਲੂਵਾਲੀਆ ਅਤੇ ਡਾਕਟਰ ਰਵਜੋਤ ਸਿੰਘ ਕਰ ਰਹੇ ਸਨ। ਇਨ੍ਹਾਂ ਤੋਂ ਇਲਾਵਾ ਪਾਰਟੀ ਦੇ ਕਈ ਹੋਰ ਵੱਡੇ ਲੀਡਰ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਮੌਜੂਦ ਸਨ।
ਪ੍ਰਦਰਸ਼ਨ ਦੌਰਾਨ ਮੰਤਰੀਆਂ ਅਤੇ ਪੁਲਿਸ ਅਧਿਕਾਰੀਆਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ। 'ਆਪ' ਲੀਡਰਾਂ ਨੇ ਪੁਲਿਸ 'ਤੇ ਤਾਨਾਸ਼ਾਹੀ ਦੇ ਦੋਸ਼ ਲਗਾਏ, ਜਦਕਿ ਪੁਲਿਸ ਦਾ ਕਹਿਣਾ ਸੀ ਕਿ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪੁਲਿਸ ਨਾਲ ਹੋਈ ਜ਼ੋਰਦਾਰ ਧੱਕਾ-ਮੁੱਕੀ ਤੋਂ ਬਾਅਦ ਅਖੀਰ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਵੱਲ ਮੋੜ ਦਿੱਤਾ ਗਿਆ।