ਬੈਂਡ ਵਾਲੇ ਬਿਆਨ 'ਤੇ ਬੋਲੇ ਬਾਜਵਾ; ਕਿਹਾ- ਮਾਫ਼ੀ ਕਦੇ ਨਹੀਂ ਮੰਗਾਂਗਾ, ਮੇਰੀ ਲੀਗਲ ਟੀਮ ਦੇਵੇਗੀ ਜਵਾਬ
ਬੈਂਡ ਵਜਾਉਣ" ਵਾਲੇ ਬਿਆਨ 'ਤੇ ਦਿੱਤੀ ਸਫਾਈ; ਕਿਹਾ- ਵੀਡੀਓ ਦਾ ਸਿਰਫ਼ ਇੱਕ ਹਿੱਸਾ ਚਲਾ ਕੇ ਗੁਮਰਾਹ ਕਰ ਰਹੀ ਹੈ ਸੱਤਾਧਾਰੀ ਪਾਰਟੀ
ਚੰਡੀਗੜ੍ਹ 10 ਫਰਵਰੀ 2026: ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਹਾਲੀਆ ਬਿਆਨ 'ਤੇ ਉੱਠੇ ਵਿਵਾਦ ਨੂੰ ਲੈ ਕੇ ਆਮ ਆਦਮੀ ਪਾਰਟੀ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਬਾਜਵਾ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਕੀਮਤ 'ਤੇ ਮਾਫ਼ੀ ਨਹੀਂ ਮੰਗਣਗੇ ਅਤੇ 'ਆਪ' ਵੱਲੋਂ ਫੈਲਾਈ ਜਾ ਰਹੀ ਗਲਤਫਹਿਮੀ ਦਾ ਜਵਾਬ ਉਨ੍ਹਾਂ ਦੀ ਕਾਨੂੰਨੀ ਟੀਮ ਦੇਵੇਗੀ।
ਬਾਜਵਾ ਨੇ ਵੀਡੀਓ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਵੀਡੀਓ ਦੇ ਸਿਰਫ਼ ਇੱਕ ਹਿੱਸੇ ਨੂੰ ਚਲਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਿਰਫ਼ ਇੱਕ ਵਿਅਕਤੀ ਨਹੀਂ, ਸਗੋਂ ਵੀਡੀਓ ਵਿੱਚ ਕੇਜਰੀਵਾਲ, ਭਗਵੰਤ ਮਾਨ, ਮਨੀਸ਼ ਸਿਸੋਦੀਆ ਅਤੇ ਹਰਭਜਨ ਸਿੰਘ ਈ.ਟੀ.ਓ. ਸਣੇ ਸਾਰਿਆਂ ਦਾ ਨਾਮ ਲਿਆ ਸੀ।
ਬਾਜਵਾ ਅਨੁਸਾਰ ਪੰਜਾਬੀ ਵਿੱਚ "ਬੈਂਡ ਵਜਾਉਣਾ" ਇੱਕ ਆਮ ਕਹਾਵਤ ਹੈ। ਉਨ੍ਹਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਇਸ ਸਰਕਾਰ ਨੇ ਪੰਜਾਬ ਦੇ ਖ਼ਜ਼ਾਨੇ ਦਾ ਬੈਂਡ ਵਜਾ ਦਿੱਤਾ ਹੈ ਅਤੇ ਹੁਣ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕ ਵੋਟਾਂ ਰਾਹੀਂ ਇਸ ਸਰਕਾਰ ਦਾ ਬੈਂਡ ਵਜਾਉਣਗੇ।
ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ 'ਤੇ ਪੰਜਾਬ ਦੇ ਭਾਈਚਾਰੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਉਂਦਿਆਂ ਕਿਹਾ ਕਿ 'ਆਪ' ਫਿਰਕੂ ਰਾਜਨੀਤੀ ਰਾਹੀਂ ਪੰਜਾਬ ਦੇ ਅੰਦਰ ਪਾੜੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਮੁੱਦੇ ਨੂੰ ਜਾਣਬੁੱਝ ਕੇ ਹਵਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਡਰਨ ਵਾਲੇ ਨਹੀਂ ਹਨ ਅਤੇ ਉਨ੍ਹਾਂ ਦੀ ਲੀਗਲ ਟੀਮ ਇਸ ਦਾ ਢੁਕਵਾਂ ਜਵਾਬ ਦੇਵੇਗੀ।