ਖੰਨਾ ਵਿੱਚ ਆਪਰੇਸ਼ਨ ਪ੍ਰਹਾਰ 2 ਤਹਿਤ ਵੱਡੀ ਕਾਰਵਾਈ, 117 ਤੋਂ ਵੱਧ ਸ਼ੱਕੀ ਵਿਅਕਤੀ ਹਿਰਾਸਤ ਵਿੱਚ ਲਏ
ਰਵਿੰਦਰ ਸਿੰਘ
ਖੰਨਾ, 9 ਫ਼ਰਵਰੀ 2026: ਪੰਜਾਬ ਵਿੱਚ ਸ਼ੁਰੂ ਕੀਤੇ ਗਏ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਵੱਡੀ ਕਾਰਵਾਈ ਕੀਤੀ ਗਈ। ਪਹਿਲੇ ਹੀ ਦਿਨ ਕੁਝ ਘੰਟਿਆਂ ਦੇ ਅੰਦਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ 117 ਤੋਂ ਵੱਧ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ। ਇਨ੍ਹਾਂ ਵਿੱਚ ਕਈ ਅਜਿਹੇ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦਾ ਪਹਿਲਾਂ ਤੋਂ ਅਪਰਾਧਿਕ ਰਿਕਾਰਡ ਹੈ। ਪੁਲਿਸ ਮੁਤਾਬਕ ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਗੈਂਗਸਟਰ, ਨਸ਼ਾ ਤਸਕਰ ਅਤੇ ਹੋਰ ਅਪਰਾਧੀ ਤੱਤ ਵੀ ਸ਼ਾਮਲ ਹਨ।
ਇਸ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿੱਚ ਇਕੱਠੇ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਯੋਜਨਾਬੱਧ ਢੰਗ ਨਾਲ ਕਾਰਵਾਈ ਕਰਦਿਆਂ ਸ਼ੱਕੀ ਸਰਗਰਮੀਆਂ ਵਿੱਚ ਸ਼ਾਮਲ ਲੋਕਾਂ ਨੂੰ ਕਾਬੂ ਕੀਤਾ। ਸਾਰੇ ਹਿਰਾਸਤ ਵਿੱਚ ਲਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਅਪਰਾਧਿਕ ਨੈੱਟਵਰਕ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਪੂਰੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਖੰਨਾ ਦੇ ਐਸਐਸਪੀ ਡਾਕਟਰ ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਅੱਜ ਦੁਪਹਿਰ 12 ਵਜੇ ਤੱਕ 117 ਤੋਂ ਵੱਧ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲੋਂ ਰਿਕਵਰੀ ਹੋਣ ਦੀ ਪੂਰੀ ਸੰਭਾਵਨਾ ਹੈ ਅਤੇ ਜੋ ਵੀ ਬਰਾਮਦਗੀ ਹੋਵੇਗੀ, ਉਹ ਜਨਤਕ ਕੀਤੀ ਜਾਵੇਗੀ।
ਐਸਐਸਪੀ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਬਣਾਉਣ ਲਈ ਪੁਲਿਸ ਵੱਲੋਂ ਲਗਾਤਾਰ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਅਜਿਹੀਆਂ ਮੁਹਿੰਮਾਂ ਨਾਲ ਅਪਰਾਧੀਆਂ ਵਿੱਚ ਡਰ ਪੈਦਾ ਹੁੰਦਾ ਹੈ ਅਤੇ ਆਮ ਲੋਕਾਂ ਨੂੰ ਸੁਰੱਖਿਅਤ ਮਾਹੌਲ ਮਿਲਦਾ ਹੈ। ਪੁਲਿਸ ਦੀ ਇਸ ਵੱਡੀ ਕਾਰਵਾਈ ਨਾਲ ਇਲਾਕੇ ਵਿੱਚ ਸਰਗਰਮ ਅਪਰਾਧੀਆਂ ਅਤੇ ਨਸ਼ਾ ਤਸਕਰਾਂ ਵਿੱਚ ਹੜਕੰਪ ਮਚ ਗਿਆ ਹੈ, ਜਦਕਿ ਆਮ ਲੋਕਾਂ ਨੇ ਇਸ ਕਦਮ ਦੀ ਭਰਪੂਰ ਸ਼ਲਾਘਾ ਕੀਤੀ ਹੈ।