ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਮੁਕੰਮਲ
-17 ਦਸੰਬਰ ਨੂੰ ਹੁਸ਼ਿਆਰਪੁਰ 'ਚ ਦਸ ਬਲਾਕਾਂ 'ਤੇ ਸਵੇਰੇ 8 ਵਜੇ ਤੋਂ ਹੋਵੇਗੀ ਗਿਣਤੀ
-ਪਾਰਦਰਸ਼ੀ ਤੇ ਸ਼ਾਂਤੀਪੂਰਨ ਗਿਣਤੀ ਲਈ ਕੀਤੇ ਪੁਖ਼ਤਾ ਇੰਤਜ਼ਾਮ : ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ
ਹੁਸ਼ਿਆਰਪੁਰ, 15 ਦਸੰਬਰ 2025- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਆਮ ਚੋਣਾਂ-2025 ਲਈ ਵੋਟਾਂ ਦੀ ਗਿਣਤੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਗਿਣਤੀ ਸਟਾਫ਼ ਨੂੰ ਉਨ੍ਹਾਂ ਦੇ ਡਿਊਟੀ ਆਰਡਰ ਸੌਂਪ ਦਿੱਤੇ ਗਏ ਹਨ ਅਤੇ ਗਿਣਤੀ ਦਾ ਕੰਮ ਜ਼ਿਲ੍ਹੇ ਦੇ ਸਾਰੇ ਦਸ ਬਲਾਕਾਂ ਵਿੱਚ ਨਿਰਧਾਰਤ ਥਾਵਾਂ 'ਤੇ ਪੂਰਾ ਕੀਤਾ ਜਾਵੇਗਾ। ਪ੍ਰਸ਼ਾਸਨ ਨੇ ਇਹ ਯਕੀਨੀ ਬਣਾਇਆ ਹੈ ਕਿ ਗਿਣਤੀ ਪ੍ਰਕਿਰਿਆ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਗਿਣਤੀ 17 ਦਸੰਬਰ ਨੂੰ ਸਵੇਰੇ 8 ਵਜੇ ਨਿਰਧਾਰਤ ਥਾਵਾਂ 'ਤੇ ਸ਼ੁਰੂ ਹੋਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਜਾਣਕਾਰੀ ਦਿੱਤੀ ਕਿ ਗੜ੍ਹਸ਼ੰਕਰ ਬਲਾਕ ਦੀ ਗਿਣਤੀ ਬੀ.ਏ.ਐਸ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਚ ਹੋਵੇਗੀ, ਮਾਹਿਲਪੁਰ ਬਲਾਕ ਦੀ ਐਸ.ਜੀ.ਜੀ.ਐਸ ਖ਼ਾਲਸਾ ਕਾਲਜ ਮਾਹਿਲਪੁਰ ਵਿਚ, ਹੁਸ਼ਿਆਰਪੁਰ-1 ਦੀ ਐਮ.ਐਸ.ਡੀ.ਸੀ ਆਈ.ਟੀ.ਆਈ ਕੈਂਪਸ ਹੁਸ਼ਿਆਰਪੁਰ ਅਤੇ ਹੁਸ਼ਿਆਰਪੁਰ-2 ਦੀ ਪੰਡਿਤ ਜਗਤ ਰਾਮ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਵਿਚ ਕੀਤੀ ਜਾਵੇਗੀ। ਇਸੇ ਤਰ੍ਹਾਂ ਭੂੰਗਾ ਬਲਾਕ ਦੀ ਵੋਟਾਂ ਦੀ ਗਿਣਤੀ ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਡੱਲੇਵਾਲ ਵਿਚ, ਟਾਂਡਾ ਬਲਾਕ ਦੀ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਕਾਲਜ ਟਾਂਡਾ, ਦਸੂਹਾ ਬਲਾਕ ਦੀ ਸਕੂਲ ਆਫ਼ ਐਮੀਨੈਂਸ ਦਸੂਹਾ ਵਿਚ, ਮੁਕੇਰੀਆਂ ਬਲਾਕ ਦੀ ਐਸ.ਪੀ.ਐਨ ਕਾਲਜ ਮੁਕੇਰੀਆਂ ਵਿਚ, ਹਾਜੀਪੁਰ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਹਾਜੀਪੁਰ ਵਿਚ ਅਤੇ ਤਲਵਾੜਾ ਬਲਾਕ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਲਵਾੜਾ ਵਿਚ ਕੀਤੀ ਜਾਵੇਗੀ।
ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਗਿਣਤੀ ਕੇਂਦਰਾਂ ਵਿੱਚ ਸੁਰੱਖਿਆ ਅਤੇ ਹੋਰਨਾਂ ਪ੍ਰਬੰਧਾਂ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਰੇ ਸਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਪ੍ਰਤੀਬੱਧਤਾ ਅਤੇ ਨਿਰਪੱਖਤਾ ਨਾਲ ਨਿਭਾਉਣ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਗਿਣਤੀ ਪ੍ਰਕਿਰਿਆ ਪੂਰੇ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 80 ਉਮੀਦਵਾਰਾਂ ਨੇ ਅਤੇ ਪੰਚਾਇਤ ਸੰਮਤੀਆਂ ਲਈ 582 ਉਮੀਦਵਾਰਾਂ ਨੇ ਚੋਣ ਲੜੀ ਸੀ, ਜਦਕਿ 17 ਪੰਚਾਇਤ ਸੰਮਤੀ ਮੈਂਬਰ ਬਿਨਾਂ ਮੁਕਾਬਲਾ/ਸਰਬਸੰਮਤੀ ਨਾਲ ਚੁਣੇ ਗਏ ਸਨ।