ਐਚਐਮਈਐਲ ਅਤੇ ਏਮਜ਼ ਦੇ ਸਹਿਯੋਗ ਨਾਲ ਪੰਜਾਬ ਹਰਿਆਣਾ ਦੇ ਪਿੰਡਾਂ ਤੱਕ ਪੁੱਜਣਗੀਆਂ ਸਿਹਤ ਸੇਵਾਵਾਂ
ਅਸ਼ੋਕ ਵਰਮਾ
ਬਠਿੰਡਾ , 15 ਦਸੰਬਰ 2025: ਪਿੰਡਾਂ ਵਿੱਚ ਗੁਣਵੱਤਾ ਭਰੀ ਸਿਹਤ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਉਣ ਵੱਲ ਇੱਕ ਇਤਿਹਾਸਕ ਕਦਮ ਚੁੱਕਦਿਆਂ ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਬਠਿੰਡਾ ਨੇ ਮੋਬਾਈਲ ਮੈਡੀਕਲ ਯੂਨਿਟ ਅਤੇ ਟੈਲੀਮੈਡੀਸਿਨ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਪਿੰਡਾਂ ਤੱਕ ਘਰ-ਘਰ ਨਿਸ਼ੁਲਕ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।ਇਸ ਸੰਬੰਧੀ ਐਚਐਮਈਐਲ ਅਤੇ ਏਮਜ਼ ਬਠਿੰਡਾ ਦਰਮਿਆਨ ਇੱਕ ਸਮਝੌਤਾ ਪੱਤਰ (MoU) ’ਤੇ ਦਸਤਖ਼ਤ ਕੀਤੇ ਗਏ। ਇਸ ਪ੍ਰੋਜੈਕਟ ਤਹਿਤ ਪੰਜਾਬ ਅਤੇ ਹਰਿਆਣਾ ਦੇ ਰਿਫਾਈਨਰੀ ਆਲੇ-ਦੁਆਲੇ ਦੇ 59 ਗੋਦ ਲਏ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਨਿਸ਼ੁਲਕ ਡਾਕਟਰੀ ਸਲਾਹ, ਜਾਂਚ, ਦਵਾਈਆਂ, ਮਾਹਿਰ ਟੈਲੀ-ਕੰਸਲਟੇਸ਼ਨ ਅਤੇ ਸਿਹਤ ਜਾਗਰੂਕਤਾ ਸੇਵਾਵਾਂ ਮਿਲਣਗੀਆਂ। ਇਸ ਨਾਲ ਲਗਭਗ 25,000 ਪਰਿਵਾਰਾਂ ਸਮੇਤ 1.5 ਲੱਖ ਤੋਂ ਵੱਧ ਪਿੰਡ ਵਾਸੀਆਂ ਨੂੰ ਲਾਭ ਹੋਵੇਗਾ।
ਸਮਝੌਤਾ ਪੱਤਰ ’ਤੇ ਦਸਤਖ਼ਤ ਐਮਸ ਬਠਿੰਡਾ ਦੇ ਐਗਜ਼ਿਕਿਊਟਿਵ ਡਾਇਰੈਕਟਰ ਪ੍ਰੋ. (ਡਾ.) ਰੱਤਨ ਗੁਪਤਾ ਦੀ ਹਾਜ਼ਰੀ ਵਿੱਚ ਹੋਏ। ਇਸ ਮੌਕੇ HMEL ਦੇ ਸੀਨੀਅਰ ਅਧਿਕਾਰੀ ਸ਼੍ਰੀ ਐਮ. ਬੀ. ਗੋਹਿਲ, ਚੀਫ਼ ਓਪਰੇਟਿੰਗ ਆਫ਼ਿਸਰ, ਸ਼੍ਰੀ ਅਸ਼ੋਕ ਕੁਮਾਰ ਵਾਈਸ ਪ੍ਰੈਜ਼ੀਡੈਂਟ- ਹਿਊਮਨ ਲੀਡਰਸ਼ਿਪ, ਸ਼੍ਰੀ ਹੈਕਟਰ ਸਾਲਾਜ਼ਾਰ, ਵਾਈਸ ਪ੍ਰੈਜ਼ੀਡੈਂਟ-ਸੇਫ਼ਟੀ ਮੌਜੂਦ ਰਹੇ। ਇਸ ਤੋਂ ਇਲਾਵਾ
ਸ਼੍ਰੀ ਅਰੁਣ ਭਾਰਦਵਾਜ਼, ਵਾਈਸ ਪ੍ਰੈਜ਼ਿਡੈਂਟ, ਓਪਰੇਸ਼ਨਲ ਐਕਸਲੈਂਸ, ਸ਼੍ਰੀ ਚਰਨਜੀਤ ਸਿੰਘ, ਜੀਐਮ, ਹਿਊਮਨ ਲੀਡਰਸ਼ਿਪ ਡਾ. ਪ੍ਰਵੀਣ ਮੁਦਗਲ, ਚੀਫ਼ ਮੈਡੀਕਲ ਅਫ਼ਸਰ, ਡਾ. ਰਾਜੀਵ ਕੁਮਾਰ ਗੁਪਤਾ, ਮੈਡੀਕਲ ਸੁਪਰਿੰਟੈਂਡੈਂਟ, ਐਮਸ ਬਠਿੰਡਾ, ਡਾ. ਰਾਕੇਸ਼ ਕੱਕੜ, ਮੁੱਖ, ਕਮਿਊਨਿਟੀ ਅਤੇ ਫੈਮਿਲੀ ਮੈਡੀਸਿਨ ਵਿਭਾਗ ਅਤੇ ਸ਼੍ਰੀ ਵਿਸ਼ਵਮੋਹਨ ਪ੍ਰਸਾਦ, ਡਿਪਟੀ ਜਨਰਲ ਮੈਨੇਜਰ–CSR ਵੀ ਹਾਜ਼ਰ ਸਨ।
ਪ੍ਰੋਜੈਕਟ ਦੇ ਤਹਿਤ ਦੋ ਪੂਰੀ ਤਰ੍ਹਾਂ ਆਧੁਨਿਕ ਮੋਬਾਈਲ ਮੈਡੀਕਲ ਯੂਨਿਟਾਂ ਨਿਯਮਿਤ ਤੌਰ ’ਤੇ ਪਿੰਡਾਂ ਵਿੱਚ ਸੇਵਾਵਾਂ ਪ੍ਰਦਾਨ ਕਰਨਗੀਆਂ। ਹਰ ਯੂਨਿਟ ਵਿੱਚ ਐਮਸ ਦਾ ਡਾਕਟਰ, ਨਰਸ, ਫਾਰਮਾਸਿਸਟ, ਪ੍ਰੋਜੈਕਟ ਕੋਆਰਡੀਨੇਟਰ ਅਤੇ ਡਰਾਈਵਰ ਸ਼ਾਮਲ ਹੋਣਗੇ। ਇਨ੍ਹਾਂ ਯੂਨਿਟਾਂ ਵਿੱਚ ਜਾਂਚ ਉਪਕਰਣ, ਪ੍ਰਾਥਮਿਕ ਇਲਾਜ ਸਮੱਗਰੀ, ਆਕਸੀਜਨ ਸਿਲੰਡਰ, ਨੇਬੁਲਾਈਜ਼ਰ, ਅੱਗ ਸੁਰੱਖਿਆ ਉਪਕਰਣ ਅਤੇ ਜ਼ਰੂਰੀ ਦਵਾਈਆਂ ਉਪਲਬਧ ਹੋਣਗੀਆਂ। ਮਰੀਜ਼ਾਂ ਦੀ ਜਾਣਕਾਰੀ ਡਿਜ਼ੀਟਲ ਹੈਲਥ ਰਿਕਾਰਡ ਸਿਸਟਮ ਵਿੱਚ ਦਰਜ ਕੀਤੀ ਜਾਵੇਗੀ ਤਾਂ ਜੋ ਨਿਰੰਤਰ ਫਾਲੋਅਪ ਸੰਭਵ ਹੋ ਸਕੇ। ਗੰਭੀਰ ਮਾਮਲਿਆਂ ਨੂੰ ਐਮਸ ਬਠਿੰਡਾ ਜਾਂ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਰੈਫਰ ਕੀਤਾ ਜਾਵੇਗਾ। ਮਰੀਜ਼ ਫੀਡਬੈਕ ਅਤੇ ਸ਼ਿਕਾਇਤ ਨਿਵਾਰਣ ਪ੍ਰਣਾਲੀ ਵੀ ਲਾਗੂ ਰਹੇਗੀ।
ਪ੍ਰੋਜੈਕਟ ਦੀ ਇੱਕ ਮੁੱਖ ਵਿਸ਼ੇਸ਼ਤਾ ਟੈਲੀਮੈਡੀਸਿਨ ਸਹੂਲਤ ਹੈ, ਜਿਸ ਰਾਹੀਂ ਪਿੰਡਾਂ ਦੇ ਮਰੀਜ਼ਾਂ ਨੂੰ ਐਮਸ ਬਠਿੰਡਾ ਦੇ ਮਾਹਿਰ ਡਾਕਟਰਾਂ—ਕਾਰਡੀਓਲੋਜੀ, ਆਰਥੋਪੀਡਿਕਸ, ਗਾਇਨੇਕੋਲੋਜੀ, ਪੀਡੀਆਟ੍ਰਿਕਸ, ਜਨਰਲ ਮੈਡੀਸਿਨ, ਮਨੋਰੋਗ ਆਦਿ—ਨਾਲ ਜੋੜਿਆ ਜਾਵੇਗਾ। ਇਹ ਸੇਵਾ ਫਿਕਸਡ ਡੇ–ਫਿਕਸਡ ਟਾਈਮ–ਫਿਕਸਡ ਸਾਈਟ ਮਾਡਲ ’ਤੇ ਚਲਾਈ ਜਾਵੇਗੀ ਅਤੇ ਸਾਰੇ ਟੈਲੀ-ਕੰਸਲਟੇਸ਼ਨ ਸੈਸ਼ਨ ਡਿਜ਼ੀਟਲ ਤੌਰ ’ਤੇ ਰਿਕਾਰਡ ਕੀਤੇ ਜਾਣਗੇ।
ਸਿਹਤ ਜਾਗਰੂਕਤਾ ਵਧਾਉਣ ਲਈ IEC ਅਤੇ BCC ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਆਸ਼ਾ ਵਰਕਰ, ਸਕੂਲ ਵਿਦਿਆਰਥੀ, ਅਧਿਆਪਕ ਅਤੇ ਪੰਚਾਇਤ ਨੁਮਾਇੰਦੇ ਸਰਗਰਮ ਭਾਗੀਦਾਰੀ ਕਰਨਗੇ। ਇਸ ਤੋਂ ਇਲਾਵਾ, ਪ੍ਰੋਜੈਕਟ ਦੌਰਾਨ 8 ਮੇਗਾ ਸਪੈਸ਼ਲਟੀ ਹੈਲਥ ਕੈਂਪ ਲਗਾਏ ਜਾਣਗੇ, ਜਿੱਥੇ ਐਮਸ ਦੇ ਮਾਹਿਰ ਡਾਕਟਰਾਂ ਵੱਲੋਂ ਵੱਡੇ ਪੱਧਰ ’ਤੇ ਜਾਂਚ, ਸਲਾਹ ਅਤੇ ਨਿਸ਼ੁਲਕ ਦਵਾਈਆਂ ਦਿੱਤੀਆਂ ਜਾਣਗੀਆਂ।
ਸੇਵਾ ਦੀ ਗੁਣਵੱਤਾ ਪ੍ਰਭਾਵਸ਼ਾਲੀ ਤਰ੍ਹੀਕੇ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ HMEL ਵੱਲੋਂ ਨਿਯਮਿਤ ਨਿਗਰਾਨੀ, ਤਿਮਾਹੀ ਆਡਿਟ ਅਤੇ ਫੀਲਡ ਦੌਰੇ ਕੀਤੇ ਜਾਣਗੇ। ਪ੍ਰੋਜੈਕਟ ਲਈ ਵਿੱਤੀ ਸਹਾਇਤਾ ਪ੍ਰਗਤੀ ਅਤੇ ਨਤੀਜਾ ਰਿਪੋਰਟਾਂ ਦੇ ਆਧਾਰ ’ਤੇ ਚਾਰ ਪੜਾਵਾਂ ਵਿੱਚ ਜਾਰੀ ਕੀਤੀ ਜਾਵੇਗੀ।
ਐਚਐਮਈਐਲ ਅਤੇ ਐਮਸ ਬਠਿੰਡਾ ਦੀ ਇਹ ਭਾਗੀਦਾਰੀ ਪਿੰਡਾਂ ਦੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜੋ ਇਹ ਯਕੀਨੀ ਬਣਾਉਂਦੀ ਹੈ ਕਿ “ਗੁਣਵੱਤਾ ਭਰੀ ਸਿਹਤ ਸੇਵਾ ਹੁਣ ਹਰ ਪਿੰਡ ਦੇ ਦਰਵਾਜ਼ੇ ਤੱਕ ਪਹੁੰਚੇ।”