Election Speciol ਜੰਜ ਕੁਪੱਤੀ ਸੁਥਰਾ ਭਲਾ ਮਾਨਸ ਬਣਿਆ ਚੋਣਾਂ ਦੌਰਾਨ ਸਿਆਸੀ ਧਿਰਾਂ ਦਾ ਵਤੀਰਾ
ਅਸ਼ੋਕ ਵਰਮਾ
ਬਠਿੰਡਾ, 14 ਦਸੰਬਰ 2025: ਪੰਜਾਬ ਵਿੱਚ ਸਰਕਾਰਾਂ ਪੰਚਾਇਤ, ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨਿਰਪੱਖ ਕਰਵਾਉਣ ਦੇ ਜਿੰਨੇਂ ਮਰਜੀ ਦਮਗਜੇ ਮਾਰੀ ਜਾਣ ਪਰ ਵੋਟਰਾਂ ਵਿੱਚ ਧਾਰਨਾ ਬਣ ਗਈ ਹੈ ਕਿ ਇਹ ਚੋਣਾਂ ਸੱਤਾਧਾਰੀ ਧਿਰਾਂ ਹੀ ਜਿੱਤਦੀਆਂ ਹਨ ਅਤੇ ਵਿਰੋਧੀਆਂ ਵੱਲੋਂ ਮੌਕੇ ਦੀ ਸਰਕਾਰ ਕਟਹਿਰੇ ’ਚ ਖੜ੍ਹਾਈ ਜਾਂਦੀ ਹੈ। ਪਿਛਲੀਆਂ ਦੋ ਚੋਣਾਂ ਦੇ ਅੰਕੜਿਆਂ ਦੀ ਪੁਣਛਾਣ ਕਰੀਏ ਤਾਂ ਇਹ ਕੌੜੀ ਸਚਾਈ ਸਾਹਮਣੇ ਆਉਂਦੀ ਹੈ ਜੋਕਿ ਹਕੀਕਤ ਵੀ ਹੈ। ਦਿਲਚਸਪ ਗੱਲ ਇਹ ਹੈ ਕਿ 2013 ’ਚ ਅਕਾਲੀ ਭਾਜਪਾ ਗਠਜੋੜ ਦੇ ਰਾਜ ਭਾਗ ਦੌਰਾਨ ਕਾਂਗਰਸ ਸੱਤਾ ਪੱਖ ਤੇ ਚੋਣਾਂ ਲੁੱਟਣ ਦੇ ਦੋਸ਼ ਲਾਉਂਦੀ ਰਹੀ ਸੀ। ਜਦੋਂ ਸਾਲ 2017 ’ਚ ਸੱਤਾ ਦਾ ਪਹੀਆ ਘੁੰਮਕੇ ਕਾਂਗਰਸ ਵੱਲ ਚਲਾ ਗਿਆ ਤਾਂ 2018 ’ਚ ਹੋਈਆਂ ਇੰਨ੍ਹਾਂ ਚੋਣਾਂ ਮੌਕੇ ਗਠਜੋੜ ਦੇ ਆਗੂ ਵੀ ਇਹੋ ਜਿਹੇ ਦੋਸ਼ ਲਾਉਂਦੇ ਰਹੇ ਹਨ। ਇਨ੍ਹਾਂ ਤੱਥਾਂ ਦੀ ਪੁਸ਼ਟੀ ਪੁਰਾਣੇ ਅਖਬਾਰਾਂ ’ਚ ਛਪੀਆਂ ਖਬਰਾਂ ਤੋਂ ਕੀਤੀ ਜਾ ਸਕਦੀ ਹੈ।
ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ’ਚ ਵਾਪਿਸੀ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜੰਤਾ ਪਾਰਟੀ ਗਠਜੋੜ ਨੇ 2013 ’ਚ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਕਰਵਾਈਆਂ ਸਨ। ਉਦੋਂ ਪੰਜਾਬ ’ਚ ਜਿਲ੍ਹਾ ਪ੍ਰੀਸ਼ਦ ਦੇ 331 ਜੋਨ ਸਨ ਜਿਨ੍ਹਾਂ ਚੋਂ ਗਠਜੋੜ ਨੇ 297 ਜੋਨਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਜਦੋਂਕਿ 8 ਜੋਨ ਹੋਰਨਾਂ ਧਿਰਾਂ ਦੇ ਹੱਥ ਹੇਠ ਆਏ ਸਨ। ਇਸੇ ਤਰਾਂ ਹੀ ਉਦੋਂ ਬਲਾਕ ਸੰਮਤੀਆਂ ਦੇ 2729 ਜੋਨ ਬਣਾਏ ਗਏ ਸਨ। ਇੰਨ੍ਹਾਂ ਚੋਂ 2122 ਜੋਨਾਂ ਵਿੱਚ ਅਕਾਲੀ ਭਾਜਪਾ ਗਠਜੋੜ ਜਿੱਤਿਆ ਸੀ ਜਦੋਂਕਿ ਕਾਂਗਰਸ ਪਾਰਟੀ ਦੇ 454 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਅਤੇ153 ਤੇ ਹੋਰਨਾ ਪਾਰਟੀਆਂ ਦੇ ਉਮੀਦਵਾਰ ਚੋਣ ਜਿੱਤੇ ਸਨ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਇਹ ਦਾਅਵਾ ਕਰਦਾ ਰਿਹਾ ਹੈ ਕਿ ਪੇਂਡੂ ਪੰਜਾਬ ਨੇ ਗਠਜੋੜ ਸਰਕਾਰ ਵੱਲੋਂ ਕਰਵਾਏ ਵਿਕਾਸ ਅਤੇ ਭਲਾਈ ਕੰਮਾਂ ਤੇ ਮੋਹਰ ਲਾਈ ਹੈ ਪਰ ਵਿਰੋਧੀਆਂ ਦੀ ਰਾਏ ਇਸ ਤੋਂ ਵੱਖਰੀ ਸੀ।
ਹੁਣ ਸਾਲ 2018 ਦੀਆਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਸਥਿਤੀ ਦੇਖੀਏ ਤਾਂ ਉਦੋਂ ਰਾਜ ਕਰਤਾ ਪਾਰਟੀ ਕਾਂਗਰਸ ਨੂੰ ਸੱਤਾ ਦਾ ਲਾਹਾ ਮਿਲਿਆ ਅਤੇ ਜਿਲ੍ਹਾ ਪ੍ਰੀਸ਼ਦ ਦੀਆਂ ਜਿਆਦਾਤਰ ਸੀਟਾਂ ਕਾਂਗਰਸ ਨੇ ਹੀ ਜਿੱਤੀਆਂ ਸਨ। ਬਰਨਾਲਾ, ਬਠਿੰਡਾ, ਫਰੀਦਕੋਟ,ਪਟਿਆਲਾ, ਫਤਿਹਗੜ੍ਹ ਸਾਹਿਬ ,ਗੁਰਦਾਸਪੁਰ ,ਲੁਧਿਆਣਾ ,ਮਾਨਸਾ, ਸੰਗਰੂਰ ਅਤੇ ਰੋਪੜ ਜਿਲਿ੍ਹਆਂ ਵਿੱਚ ਤਾਂ ਕਾਂਗਰਸ ਨੇ ਵਿਰੋਧੀ ਧਿਰਾਂ ਦਾ ਸੂਪੜਾ ਸਾਫ ਕਰ ਦਿੱਤਾ ਸੀ। ਇੱਥੋਂ ਕਿਸੇ ਵੀ ਪਾਰਟੀ ਨੇ ਇੱਕ ਵੀ ਸੀਟ ਨਹੀਂ ਜਿੱਤੀ ਸੀ। ਇਸ ਮੌਕੇ ਜਿਲ੍ਹਾ ਪ੍ਰੀਸ਼ਦ ਦੇ 354 ਜੋਨਾਂ ਚੋਂ 331 ਤੇ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਸੀ। ਲਗਾਤਾਰ 10 ਸਾਲ ਸੱਤਾ ਹੰਢਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਨੂੰ ਫਿਰੋਜ਼ਪੁਰ ਮੋਗਾ ,ਮੁਹਾਲੀ ,ਮੋਗਾ , ਤਰਨ ਤਾਰਨ ,ਅੰਮ੍ਰਿਤਸਰ, ਫਾਜ਼ਿਲਕਾ ,ਸ਼ੀ ਮੁਕਤਸਰ ਸਾਹਿਬ ਅਤੇ ਨਵਾਂ ਸ਼ਹਿਰ ਜਿਲ੍ਹੇ ਸਮੇਤ ਮਸਾਂ 18 ਸੀਟਾਂ ਤੇ ਜਿੱਤ ਸਕਿਆ ਸੀ ਜਦੋਂਕਿ ਹੁਸ਼ਿਆਰਪੁਰ ਤੇ ਜਲੰਧਰ ਚੋਂ ਭਾਜਪਾ 2 ਅਤੇ ਹੋਰ ਧਿਰਾਂ ਨੇ 3 ਜੋਨ ਜਿੱਤੇ ਸਨ।
ਇਸ ਮੌਕੇ ਆਮ ਆਦਮੀ ਪਾਰਟੀ ਖਾਤਾ ਵੀ ਨਹੀਂ ਖੋਹਲ ਸਕੀ ਸੀ। ਇਸੇ ਤਰਾਂ ਬਲਾਕ ਸੰਮਤੀਆਂ ਦੇ ਕਰੀਬ 2899 ਜੋਨ ਬਣਾਏ ਗਏ ਸਨ ਜਿੰਨ੍ਹਾਂ ਚੋਂ ਬਹੁਤਿਆਂ ’ਚ ਕਾਂਗਰਸ ਦਾ ਹੀ ਦਬਦਬਾ ਰਿਹਾ ਸੀ। ਦੂਸਰੇ ਸਥਾਨ ਤੇ ਅਕਾਲੀ ਦਲ ਆਇਆ ਸੀ ਜਦੋਂਕਿ ਕੁਝ ਹਲਕਿਆਂ ’ਚ ਭਾਰਤੀ ਜੰਤਾ ਪਾਰਟੀ ,ਆਮ ਆਦਮੀ ਪਾਰਟੀ ਅਤੇ ਅਜਾਦ ਉਮੀਦਵਾਰਾਂ ਨੂੰ ਜਿੱਤ ਪ੍ਰਾਪਤ ਹੋਈ ਸੀ। ਇਸ ਮੌਕੇ ਕਾਂਗਰਸ ਨੇ 2351 ਹਲਕਿਆਂ ’ਚ ਜਿੱਤ ਪ੍ਰਾਪਤ ਕੀਤੀ ਸੀ ਜਦੋਂਕਿ ਸੱਤਾ ਚੋਂ ਬੁਾਹਰ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਚੋਂ ਪੰਚਾਇਤ ਸੰਮਤੀ ਦੀਆਂ 44, ਸ੍ਰੀ ਮੁਕਤਸਰ ਸਾਹਿਬ ਚੋਂ 35,ਜਲੰਧਰ ਚੋਂ 33 ,ਲੁਧਿਆਣਾ ਚੋਂ 31 ,ਸੰਗਰੂਰ ਚੋਂ 29 ,ਫਾਜ਼ਿਲਕਾ ਚੋਂ 25, ਹੁਸ਼ਿਆਰਪੁਰ ਚੋਂ 22, ਨਵਾਂ ਸ਼ਹਿਰ ਚੋਂ 16 ,ਬਠਿੰਡਾ ਚੋਂ 15 ,ਤਰਨ ਤਾਰਨ ਚੋਂ 13, ਮਾਨਸਾ ,ਫਤਿਹਗੜ੍ਹ੍ਰ ਸਹਿਬ ਤੇ ਕਪੂਰਥਲਾ ਚੋਂ 12-12,ਪਟਿਆਲਾ ਚੋਂ 11 ਅਤੇ ਬਰਨਾਲਾ ਦੇ 10 ਹਲਕਿਆਂ ਸਮੇਤ ਕੁੱਲ 320 ਉਮੀਦਵਾਰ ਜਿੱਤੇ ਸਨ।
ਏਦਾਂ ਹੀ ਭਾਜਪਾ ਨੇ ਪਠਾਨਕੋਟ ਦੀਆਂ 26, ਹੁਸ਼ਿਆਰਪੁਰ ਦੀਆਂ 25 , ਫਾਜਿਲਕਾ ਦੀਆਂ 8 ਅਤੇ ਬਠਿੰਡਾ ਦੀਆਂ 5 ਸੀਟਾਂ ਸਮੇਤ 64 ਜੋਨਾਂ ’ਚ ਜਿੱਤ ਹਾਸਲ ਕੀਤੀ ਸੀ। ਇਸ ਮੌਕੇ ਨਵੀਂ ਬਣੀ ਆਮ ਆਦਮੀ ਪਾਰਟੀ ਨੂੰ ਬਹੁਤੀ ਸਫਲਤਾ ਤਾਂ ਨਹੀ ਮਿਲੀ ਫਿਰ ਛੇ ਜਿਲਿ੍ਹਆਂ ਬਠਿੰਡਾ ਤੇ ਬਰਨਾਲਾ ਚੋਂ 5-5 ,ਮੋਗਾ ਚੋਂ 5 ,ਮਾਨਸਾ ਤੇ ਸੰਗਰੂਰ ਚੋਂ 3-3 ਅਤੇ ਤਰਨ ਤਾਰਨ ਚੋਂ ਇੱਕ ਉਮੀਦਵਾਰ ਸਣੇ 21 ਉਮੀਦਵਾਰਾਂ ਨੇ ਚੋਣ ਜਿੱਤਕੇ ਪਾਰਟੀ ਦੀ ਹਾਜ਼ਰੀ ਦਰਜ ਕਰਵਾਉਣ ’ਚ ਸਫਲਤਾ ਹਾਸਲ ਕੀਤੀ ਸੀ ਜਦੋਂਕਿ ਹੋਰਨਾਂ ਨੇ 112 ਹਲਕਿਆਂ ’ਚ ਝੰਡਾ ਗੱਡਿਆ ਸੀ। ਇਸ ਜਿੱਤ ਤੋਂ ਉਤਸ਼ਾਹਿਤ ਆਮ ਆਦਮੀ ਪਾਰਟੀ ਨੇ ਆਪਣੀ ਸਿਆਸੀ ਪੈਂਠ ਇਸ ਕਦਰ ਮਜਬੂਤ ਕਰ ਲਈ ਕਿ ਸਾਲ 2022 ’ਚ ਵੱਡੇ ਵੱਡੇ ਥੰਮ੍ਹ ਸੁੱਟ ਦਿੱਤੇ ਅਤੇ ਸੱਤਾ ਹਾਸਲ ਕਰ ਲਈ। ਇੰਨ੍ਹਾਂ ਚੋਣਾਂ ਦੌਰਾਨ ਵੀ ਆਮ ਆਦਮੀ ਪਾਰਟੀ ਨੇ ਵੋਟਰਾਂ ਨੂੰ ਚੋਗਾ ਪਾਉਣ ’ਚ ਕਸਰ ਬਾਕੀ ਨਹੀਂ ਛੱਡੀ ਹੈ।
ਨਤੀਜੇ ਤੇ ਨਜ਼ਰਾਂ ਲੱਗੀਆਂ
ਪੰਜਾਬ ’ਚ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਅਮਲ ਮੁਕੰਮਲ ਹੋ ਗਿਆ ਹੈ। ਹੁਣ ਸਮੂਹ ਪੰਜਾਬੀਆਂ ਦੀ ਨਜ਼ਰ ਨਤੀਜਿਆਂ ਤੇ ਲੱਗ ਗਈ ਹੈ। ਪ੍ਰਚਾਰ ਦੌਰਾਨ ਪੁਰਾਣੀਆਂ ਗੱਲਾਂ ਪੁਰਾਣੇ ਦੋਸ਼ ਅਤੇ ਲੱਗਭਗ ਉਹੋ ਜਿਹਾ ਮਹੌਲ ਰਿਹਾ। ਹੁਣ ਨਤੀਜਾ ਪਹਿਲਾਂ ਵਾਂਗ ਹੋਵੇਗਾ ਜਾਂ ਕੋਈ ਬਦਲਾਅ ਹੁੰਦਾ ਹੈ ਇਹ 17 ਦਸੰਬਰ ਨੂੰ ਸਪਸ਼ਟ ਹੋਵੇਗਾ।