ਪ੍ਰਦੂਸ਼ਣ ਦੇ ਮੁੱਦੇ ਤੇ ਤਲਵੰਡੀ ਅਕਲੀਆ ਦੇ ਲੋਕਾਂ ਨੇ ਕੀਤਾ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਬਾਈਕਾਟ
ਅਸ਼ੋਕ ਵਰਮਾ
ਮਾਨਸਾ, 15 ਦਸੰਬਰ 2025: ਮਾਨਸਾ ਜ਼ਿਲ੍ਹੇ ਦੇ ਤਲਵੰਡੀ ਅਕਲੀਆ ਪਿੰਡ ਦੇ ਨਜ਼ਦੀਕ ਜੇਐਸਡਬਲਯੂ ਕੰਪਨੀ ਵੱਲੋਂ ਪ੍ਰਸਤਾਵਿਤ ਸੀਮੈਂਟ ਫੈਕਟਰੀ ਦੇ ਪ੍ਰਦੂਸ਼ਣ ਨੂੰ ਮੁੱਦਾ ਕਰਾਰ ਦਿੰਦਿਆਂ ਇਸ ਪਿੰਡ ਦੇ ਲੋਕਾਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਬਾਈਕਾਟ ਕੀਤਾ ਅਤੇ ਧਰਨਾ ਲਾਇਆ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਤਲਵੰਡੀ ਅਕਲੀਆ ਵਿੱਚ ਕਰੀਬ 1248 ਵੋਟਾਂ ਹਨ ਜਿਨ੍ਹਾਂ ਵਿੱਚੋਂ ਸਿਰਫ 200 ਲੋਕਾਂ ਨੇ ਆਪਣੇ ਵੋਟ ਹੱਕ ਦੀ ਵਰਤੋਂ ਕੀਤੀ ਜਦੋਂ ਕਿ ਬਾਕੀ ਲੋਕ ਵੋਟਾਂ ਪਾਉਣ ਲਈ ਪੋਲਿੰਗ ਬੂਥਾਂ ਤੇ ਨਹੀਂ ਪੁੱਜੇ। ਕੁਝ ਦਿਨ ਪਹਿਲਾਂ ਤਲਵੰਡੀ ਅਕਲੀਆ ਦੇ ਲੋਕਾਂ ਨੇ ਸਰਬ ਸੰਮਤੀ ਨਾਲ ਇਹਨਾਂ ਵੋਟਾਂ ਦਾ ਬਾਈਕਾਟ ਕਰਨ ਦੀ ਗੱਲ ਆਖੀ ਸੀ। ਪਿੰਡ ਵਾਸੀਆਂ ਵਿੱਚ ਇਸ ਗੱਲ ਤੋਂ ਰੋਸ ਪਾਇਆ ਜਾ ਰਿਹਾ ਹੈ ਕਿ ਪਿੰਡ ਦੇ ਨਜ਼ਦੀਕ ਸੀਮੈਂਟ ਫੈਕਟਰੀ ਲਾਈ ਜਾ ਰਹੀ ਹੈ ਜਿਸ ਨਾਲ ਉਨ੍ਹਾਂ ਦੇ ਭਵਿੱਖ ਤੇ ਤਲਵਾਰ ਲਟਕ ਗਈ ਹੈ। ਉਹਨਾਂ ਕਿਹਾ ਕਿ ਕਿਸੇ ਵੀ ਸਿਆਸੀ ਧਿਰ ਨੇ ਪਿੰਡ ਵਾਸੀਆਂ ਦਾ ਕੋਈ ਸਾਥ ਨਹੀਂ ਦਿੱਤਾ ਅਤੇ ਨਾ ਹੀ ਕੋਈ ਸੁਣਵਾਈ ਕੀਤੀ ਜਿਸ ਕਰਕੇ ਬਾਈਕਾਟ ਦਾ ਫੈਸਲਾ ਲੈਣਾ ਪਿਆ ਹੈ।
ਪਿੰਡ ਵਾਸੀ ਫੌਜੀ ਕਾਕਾ ਸਿੰਘ, ਸਿਕੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਸਮੇਤ ਹੋਰਨਾਂ ਨੇ ਕਿਹਾ ਕਿ ਪਿਛਲੇ ਅੱਠ ਮਹੀਨਿਆਂ ਤੋਂ ਉਹ ਸੀਮੈਂਟ ਫੈਕਟਰੀ ਦਾ ਵਿਰੋਧ ਕਰ ਰਹੇ ਹਨ। ਇਸ ਫੈਕਟਰੀ ਨੂੰ ਰੋਕਣ ਦੇ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਤੱਕ ਪਹੁੰਚ ਵੀ ਕੀਤੀ ਗਈ ਪਰ ਕਿਸੇ ਵੀ ਨੇਤਾ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਜਿਸ ਕਾਰਨ ਉਨ੍ਹਾਂ ਨੂੰ ਵੋਟਾਂ ਦਾ ਬਾਈਕਾਟ ਕਰਨਾ ਪਿਆ ਹੈ।ਤਲਵੰਡੀ ਅਕਲੀਆ ਦੇ ਆਗੂ ਕੁਲਦੀਪ ਸਿੰਘ ਨੇ ਕਿਹਾ ਕਿ ਪਿੰਡ ਦੇ ਬਿਲਕੁਲ ਨੇੜੇ ਲੱਗ ਰਹੀ ਸੀਮੈਂਟ ਫੈਕਟਰੀ ਦੇ ਨਾਲ ਉਨ੍ਹਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਜਦੋਂ ਹੁਣ ਫੈਕਟਰੀ ਲਾਉਣ ਤੇ ਪਿੰਡ ਹੀ ਰਾਜ਼ੀ ਨਹੀਂ ਹੈ ਤਾਂ ਪੰਜਾਬ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਜਿੱਦ ਤੇ ਅੜੀ ਰਹੀ ਅਤੇ ਫੈਕਟਰੀ ਲਾਉਣ ਦਾ ਫੈਸਲਾ ਬਰਕਰਾਰ ਰੱਖਿਆ ਤਾਂ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਤਿੱਖਾ ਸੰਘਰਸ਼ ਲੜਨ ਤੋਂ ਗੁਰੇਜ ਨਹੀਂ ਕੀਤਾ ਜਾਏਗਾ।