ਵੈਸਾਖੀ ਪੁਰਬ ਮੌਕੇ ਪਾਕਿਸਤਾਨ ਦੇ ਗੁਰਧਾਮਾਂ ਲਈ 480 ਸ਼ਰਧਾਲੂਆਂ ਦਾ ਵਿਸ਼ੇਸ਼ ਜੱਥਾ ਰਵਾਨਾ ਹੋਵੇਗਾ : ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 15 ਦਸੰਬਰ, 2025
ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਬਿਆਨ ਵਿੱਚ ਦੱਸਿਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੈਸਾਖੀ ਪੁਰਬ ਤੇ ਖ਼ਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ‘ਤੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ 480 ਸ਼ਰਧਾਲੂਆਂ ਦਾ ਵਿਸ਼ੇਸ਼ ਜੱਥਾ 11 ਤੋਂ 20 ਅਪ੍ਰੈਲ,2026 ਤੱਕ ਭੇਜਿਆ ਜਾ ਰਿਹਾ ਹੈ।
ਸਰਦਾਰ ਕਾਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯਾਤਰਾ ਦੌਰਾਨ ਸ਼ਰਧਾਲੂ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਅਤੇ ਸ੍ਰੀ ਕਰਤਾਰਪੁਰ ਸਾਹਿਬ ਵਰਗੇ ਪਵਿੱਤਰ ਧਰਮ ਅਸਥਾਨਾਂ ਦੇ ਦਰਸ਼ਨ ਕਰਨਗੇ। ਉਨ੍ਹਾਂ ਸਪਸ਼ਟ ਕੀਤਾ ਕਿ ਇਸ ਯਾਤਰਾ ਲਈ ਕਿਸੇ ਵੀ ਕਿਸਮ ਦੀ ਵੀਜ਼ਾ ਫੀਸ ਨਹੀਂ ਲਈ ਜਾਵੇਗੀ, ਜੋ ਕਿ ਸੰਗਤਾਂ ਲਈ ਵੱਡੀ ਸਹੂਲਤ ਹੈ।
ਉਨ੍ਹਾਂ ਕਿਹਾ ਕਿ ਇਸ ਯਾਤਰਾ ਵਿੱਚ ਸ਼ਾਮਲ ਹੋਣ ਲਈ ਯਾਤਰੀ ਦਾ ਦਿੱਲੀ ਦਾ ਮੂਲ ਨਿਵਾਸੀ ਹੋਣਾ ਲਾਜ਼ਮੀ ਹੈ। ਯਾਤਰਾ ਵਿੱਚ ਸ਼ਾਮਲ ਹੋਣ ਦੇ ਇੱਛੁਕ ਸ਼ਰਧਾਲੂ ਆਪਣਾ ਪਾਸਪੋਰਟ, ਆਧਾਰ ਕਾਰਡ ਅਤੇ ਚਾਰ ਫੋਟੋਆਂ ਸ਼ੁੱਕਰਵਾਰ, 30 ਜਨਵਰੀ 2026 ਤੱਕ ਯਾਤਰਾ ਵਿਭਾਗ, ਕਮਰਾ ਨੰਬਰ 3, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੀਂ ਦਿੱਲੀ ਦੇ ਦਫ਼ਤਰ ਵਿੱਚ ਜਮ੍ਹਾ ਕਰਵਾ ਸਕਦੇ ਹਨ।
ਸਰਦਾਰ ਕਾਲਕਾ ਨੇ ਦੱਸਿਆ ਕਿ ਯਾਤਰਾ ਸਬੰਧੀ ਵਧੇਰੇ ਜਾਣਕਾਰੀ ਲਈ ਟੈਲੀਫ਼ੋਨ ਨੰਬਰ 9810070597 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।